ਗਿਆਨੀ ਤਰਲੋਚਨ ਸਿੰਘ ਭਮੱਦੀ ਵਾਲਿਆਂ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਕਰਵਾਇਆ ਇਤਿਹਾਸ ਸਰਵਣ
ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਸੂਬਾ ਲਾਸੀਓ ਅਤੇ ਰਾਜਧਾਨੀ ਰੋਮ ਦੇ ਪੰਜਾਬੀਆਂ ਦੇ ਵਧ ਵਸੋਂ ਵਾਲੇ ਸ਼ਹਿਰ ਲਵੀਨੀਓ ਵਿਖੇ ਸਥਿਤ ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਲਵੀਨੀਓ ਵਿਖੇ ਸਮੂਹ ਨੌਜਵਾਨਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆ ਦੀ ਨਿੱਘੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਵਿਸ਼ਾਲ ਧਾਰਮਿਕ ਗੁਰਮਤਿ ਸਮਾਗਮ ਕਰਵਾਇਆ ਗਿਆ. ਇਸ ਸਮਾਗਮ ਸੰਬੰਧੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਸੰਪੂਰਨਤਾ ਨਾਲ ਭੋਗ ਪਾਏ ਗਏ.
ਉਪਰੰਤ ਕੀਰਤਨੀਏ ਜਥੇ ਤੋਂ ਇਲਾਵਾ ਪੰਜਾਬ ਤੋਂ ਯੂਰਪ ਦੌਰੇ ਤੇ ਆਏ ਇੰਟਰਨੈਸ਼ਨਲ ਅਤੇ ਗੋਲਡ ਮੈਡਲਿਸਟ ਗਿਆਨੀ ਤਰਲੋਚਨ ਸਿੰਘ ਭਮੱਦੀ ਦੇ ਢਾਡੀ ਜਥੇ ਵਲੋਂ ਬਾਬਾ ਜੀ ਦੇ ਜੀਵਨ ਬਾਰੇ ਗੁਰਬਾਣੀ ਵਿਚਾਰਾਂ ਨਾਲ ਸੰਗਤਾਂ ਨੂੰ ਇਤਿਹਾਸ ਜਾਣੂ ਕਰਵਾਇਆ ਗਿਆ. ਇਸ ਮੌਕੇ ਇਲਾਕੇ ਭਰ ਦੀਆਂ ਸੰਗਤਾਂ ਨੇ ਸ਼ਮੂਲੀਅਤ ਕਰਕੇ ਬਾਬਾ ਜੀ ਦੇ ਜੀਵਨ ਵਾਰੇ ਇਤਿਹਾਸ ਸਰਵਣ ਕੀਤਾ।
ਸਮਾਗਮ ਸਮਾਪਤੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮਾਗਮ ਵਿੱਚ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਨੂੰ ਅਤੇ ਗਿਆਨੀ ਤਰਲੋਚਨ ਸਿੰਘ ਭਮੱਦੀ ਤੇ ਸਾਥੀਆਂ ਨੂੰ ਗੁਰੂ ਘਰ ਬਖਸ਼ਿਸ਼ ਸਿਰੋਪਾਓ ਸਾਹਿਬ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ. ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ.