ਇਟਲੀ ਭਰ ਤੋਂ ਸੰਗਤਾਂ ਕਰਨਗੀਆਂ ਸ਼ਮੂਲੀਅਤ
ਬੋਰਗੋ ਹੇਰਮਾਦਾ (ਇਟਲੀ) 6 ਅਗਸਤ – ਇਟਲੀ ਦੇ ਕਸਬਾ ਬੋਰਗੋ ਹੇਰਮਾਦਾ ਵਿੱਚ ਹਰ ਸਾਲ ਮਾਤਾ ਰਾਣੀ ਦੇ ਭਗਤਾਂ ਵੱਲੋਂ ਵਿਸ਼ਾਲ ਜਾਗਰਣ ਬਹੁਤ ਹੀ ਉਤਸਾਹ ਅਤੇ ਸ਼ਰਧਾ ਨਾਲ ਕਰਵਾਇਆ ਜਾਂਦਾ ਹੈ। ਇਸ ਵਾਰ ਵੀ ਇਲਾਕੇ ਦੇ ਚਰਚਿਤ ਮੰਦਰ ਸ਼੍ਰੀ ਦੁਰਗਾ ਸ਼ਕਤੀ ਮਾਤਾ ਵੱਲੋਂ 5ਵਾਂ ਸਲਾਨਾ ਵਿਸ਼ਾਲ ਭਗਵਤੀ ਜਾਗਰਣ ਬੋਰਗੋ ਹੇਰਮਾਦਾ ਵਿਖੇ 14 ਅਗਸਤ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਇਸ ਵਿਸ਼ਾਲ ਧਾਰਮਿਕ ਸਮਾਗਮ ਦੌਰਾਨ ਯੂਰਪ ਵਿਚ ਪਹਿਲੀ ਵਾਰ ਮਾਤਾ ਦੇ ਭਗਤਾਂ ਦੇ ਸਹਿਯੋਗ ਨਾਲ ਮੰਦਰ ਕਮੇਟੀ ਵੱਲੋਂ 201 ਕੰਨਿਆਵਾਂ ਦਾ ਪੂਜਨ ਕੀਤਾ ਜਾਵੇਗਾ। ਮੰਦਰ ਕਮੇਟੀ ਵੱਲੋਂ ਖਾਸ ਤੌਰ ‘ਤੇ ਸਾਰੀ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਪਰਿਵਾਰਾਂ ਵਿਚ ਕੰਨਿਆਵਾਂ ਹਨ, ਉਹ ਪਰਿਵਾਰ ਕੰਨਿਆਵਾਂ ਨੂੰ ਲੈ ਕੇ ਮੰਦਰ ਵਿਚ ਜਰੂਰ ਪਹੁੰਚਣ। ਇਸ ਸਮਾਗਮ ਵਿੱਚ ਇਟਲੀ ਭਰ ਤੋਂ ਮਾਤਾ ਰਾਣੀ ਦੇ ਭਗਤ ਸ਼ਮੂਲੀਅਤ ਕਰਨਗੇ। ਜਾਗਰਣ ਵਾਲੇ ਦਿਨ ਦੁਰਗਾ ਮਹਾਂਮਾਈ ਦੇ ਵਿਸ਼ਾਲ ਸੱਜੇ ਦਰਬਾਰ ਵਿਚ ਇਟਲੀ ਦੀਆਂ ਪ੍ਰਸਿੱਧ ਭਜਨ ਮੰਡਲੀਆਂ ਭਗਵਤੀ ਮਾਂ ਦੀਆਂ ਭੇਂਟਾਂ ਨਾਲ ਭਗਤਾਂ ਨੂੰ ਭਗਤੀ ਰਸ ਵਿਚ ਲੀਨ ਕਰਨਗੀਆਂ। ਇਸ ਪੰਜਵੇਂ ਵਿਸ਼ਾਲ ਭਗਵਤੀ ਜਾਗਰਣ ਮੌਕੇ ਮੰਦਰ ਵਿੱਚ ਮਾਂ ਦਾ ਆਸ਼ੀਰਵਾਦ ਲੈਣ ਆਈਆਂ ਸਭ ਸੰਗਤਾਂ ਲਈ ਮਾਂ ਦਾ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ। ਇਸ ਸਮਾਗਮ ਸਬੰਧੀ, ਮੰਦਰ ਦੇ ਪ੍ਰਧਾਨ ਸ੍ਰੀ ਮੋਨੂੰ ਬਰਾਨਾ ਨੇ ਜਾਣਕਾਰੀ ਪ੍ਰੈੱਸ ਨੂੰ ਦਿੱਤੀ।