in

ਪੱਤਰਕਾਰ ਇੰਦਰਜੀਤ ਲੁਗਾਣਾ ਦੀ ਅਚਾਨਕ ਮੌਤ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਰੋਮ (ਇਟਲੀ) (ਕੈਂਥ) – ਲੰਬੇ ਅਰਸੇ ਤੋਂ ਇਟਲੀ ਵਿਚ ਆਪਣੀ ਸਖ਼ਤ ਮਿਹਨਤ-ਮੁਸ਼ੱਕਤ ਦੇ ਨਾਲ ਨਾਲ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਰਹੇ ਪ੍ਰਸਿੱਧ ਪੰਜਾਬੀ ਲੇਖਕ, ਪੱਤਰਕਾਰ ਅਤੇ ਸਮਾਜ ਸੇਵਕ ਇੰਦਰਜੀਤ ਸਿੰਘ ਲੁਗਾਣਾ ਭਰ ਜਵਾਨੀ ਵਿੱਚ ਅਚਾਨਕ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ। ਉਨ੍ਹਾਂ ਦੀ ਹੋਈ ਅਚਨਚੇਤ ਮੌਤ ਕਾਰਨ ਦੇਸ਼-ਵਿਦੇਸ਼ ਵਸਦੇ ਉਨ੍ਹਾਂ ਦੇ ਜਾਣਕਾਰਾਂ ਵਿੱਚ ਭਾਰੀ ਹੈਰਾਨੀ ਤੇ ਗਮ ਦਾ ਮਾਹੌਲ ਛਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪੈਰ ‘ਤੇ ਸੱਟ ਲੱਗਣ ਕਾਰਨ ਇਨਫੈਕਸ਼ਨ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਜ਼ਿਲ੍ਹਾ ਵੇਰੋਨਾ ਦੇ ‘ਸੰਨਬੋਨੀਫਾਚੋ ਹਸਪਤਾਲ’ ਵਿਖੇ ਲਿਆਂਦਾ ਗਿਆ, ਜਿਥੇ ਬੀਤੀ ਸ਼ਾਮ ਉਨ੍ਹਾਂ ਆਖਰੀ ਸਾਹ ਲਿਆ। ਇੰਦਰਜੀਤ ਲੁਗਾਣਾ ਪੰਜਾਬ ਦੇ ਕਸਬਾ ਬੁੱਲੋਵਾਲ (ਹੁਸ਼ਿਆਰਪੁਰ) ਦੇ ਵਸਨੀਕ ਸਨ। ਉਹ ਆਪਣੇ ਪਿੱਛੇ ਪਤਨੀ, ਦੋ ਬੱਚੇ (ਬੇਟਾ ਅਤੇ ਬੇਟੀ) ਛੱਡ ਗਏ। ਉਨ੍ਹਾਂ ਦੀ ਦੁਖਦਾਈ ਤੇ ਬੇਵਕਤੀ ਮੌਤ ‘ਤੇ ਇਟਲੀ ਦੀਆਂ ਭਾਰਤੀ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਉਨ੍ਹਾਂ ਦੇ ਮਾਮੂਲੀ ਚੋਟ ਉਪਰੰਤ ਮੌਤ ਦੇ ਮੂੰਹ ਚਲੇ ਜਾਣਾ ਕਿਤੇ ਨਾ ਕਿਤੇ ਇਟਲੀ ਦੀ ਇਲਾਜ਼ ਪ੍ਰਣਾਲੀ ‘ਤੇ ਵੀ ਸਵਾਲ ਖੜ੍ਹੇ ਕਰਦਾ ਹੈ, ਜਿਸ ਬਾਬਤ ਭਾਰਤੀ ਭਾਈਚਾਰੇ ਨੂੰ ਜਾਗਰੂਕ ਹੋਣ ਦੀ ਸਖ਼ਤ ਲੋੜ ਹੈ।ਇਸ ਤੋਂ ਪਹਿਲਾਂ ਵੀ ਕਈ ਭਾਰਤੀ ਲੋਕਾਂ ਨੂੰ ਡਾਕਟਰਾਂ ਦੀ ਅਣਗਹਿਲੀ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ।

ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ, ਨਵੇਂ ਸਾਲ ਵਿੱਚ ਇੰਡੀਆ ਜਾ ਕਰਵਾਉਣਾ ਸੀ ਵਿਆਹ

ਰੋਮ ਦੀ ਜੇਲ੍ਹ ਵਿੱਚ ਵਿਅਕਤੀ ਵਲੋਂ ਆਤਮ ਹੱਤਿਆ