ਨਾਪੋਲੀ ਵਿਖੇ ਨਿਰੰਕਾਰੀ ਮਿਸ਼ਨ ਵੱਲੋਂ ਲਗਾਏ ਖੂਨ ਦਾਨ ਕੈਂਪ ਵਿੱਚ 59 ਦਾਨੀਆਂ ਨੇ ਕੀਤਾ ਖੂਨ ਦਾਨ
ਰੋਮ (ਇਟਲੀ) (ਕੈਂਥ) – ਨਿਰੰਕਾਰੀ ਮਿਸ਼ਨ ਦੇ ਨਾਹਰੇ ”ਖੂਨ ਨਾਲੀਆਂ ਵਿੱਚ ਨਹੀਂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ” ਇਸ ਸੰਦੇਸ਼ ਦੇ ਨਾਲ ਹਰ ਸਾਲ ਦੀ ਤਰ੍ਹਾਂ ਸਾਧ ਸੰਗਤ ਨਾਪੋਲੀ ਵਲੋਂ ਭ.ਸ. ਜਸਪਾਲ ਤੇ ਕੁਲਵਿੰਦਰ ਦੀ ਅਗਵਾਈ ਹੇਠ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਸੰਗਤ ਨੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਵਿੱਚ ਹਿੱਸਾ ਪਾਇਆ।
ਇਥੇ ਇਟਲੀ ਵਿੱਚ ਖੂਨ ਇੱਕਠਾ ਕਰਨ ਵਾਲੀ ਸੰਸਥਾ ਆਵੀਸ ਇਟਲੀ ਨੇ ਆਪਣੀ ਪੂਰੀ ਡਾਕਟਰੀ ਟੀਮ ਨਾਲ ਪਹੁੰਚ ਕੇ ਸਭ ਦਾ ਧੰਨਵਾਦ ਕੀਤਾ ਤੇ ਨਾਲ ਹੀ ਨਿਰੰਕਾਰੀ ਮਿਸ਼ਨ ਦੁਆਰਾ ਇਸ ਮਹਾਨ ਕੰਮ ਵਿੱਚ ਦਿੱਤੇ ਜਾਂਦੇ ਹਰ ਸਾਲ ਯੋਗਦਾਨ ਦੀ ਸਰਾਹਨਾ ਕੀਤੀ । ਕੈਂਪ ਵਿੱਚ ਦਾਨੀ ਸੱਜਣਾਂ ਦੀ ਹੌਂਸਲਾ ਅਫਜਾਈ ਕਰਨ ਲਈ ਸੰਤ ਹਰਮਿੰਦਰ ਉਪਾਸਕ ਯੂ ਕੇ ਤੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਕੈਂਪ ਵਿੱਚ ਖਾਣ ਪੀਣ ਦੇ ਲੰਗਰਾਂ ਦੇ ਨਾਲ ਸਤਿਸੰਗ ਦਾ ਆਯੋਜਨ ਵੀ ਹੋਇਆ। ਜਿਸ ਵਿੱਚ ਵਿਚਾਰ ਕਰਦੇ ਹੋਏ ਸੰਤ ਉਪਾਸਕ ਨੇ ਫ਼ਰਮਾਇਆ ਕਿ, ਖੂਨਦਾਨ ਕਰਨਾ ਇਕ ਮਹਾਨ ਸੇਵਾ ਹੈ ਕਿ ਜਿਸ ਨਾਲ ਦੂਸਰੇ ਇਨਸਾਨ ਦੀ ਜਾਨ ਬਚਾਈ ਜਾ ਸਕਦੀ ਹੈ। ਦੂਸਰੇ ਦਾ ਭਲਾ ਮੰਗਣਾ ਤੇ ਕਰਨਾ ਯੁਗਾਂ ਯੁਗਾਂ ਤੋਂ ਸੰਤਾਂ ਦਾ ਕਰਮ ਰਿਹਾ ਹੈ। ਰੁਹਾਨੀਅਤ ਤੇ ਇਨਸਾਨੀਅਤ ਨੂੰ ਨਾਲ ਨਾਲ ਜੀਵਨ ਵਿੱਚ ਸੰਤਾਂ ਨੇ ਹੀ ਰੱਖਿਆ ਤੇ ਸੰਸਾਰ ਵਿੱਚ ਇਸ ਦਾ ਪੈਗ਼ਾਮ ਸਤਿਗੁਰ ਦੇ ਬਚਨ ਮੰਨ ਕੇ ਕਰਮ ਰੂਪ ਵਿੱਚ ਦਿੱਤਾ ਹੈ।