ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਿੱਚ ਕਦੇ ਸਮਾਂ ਸੀ ਕਿ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸਿਰਫ ਖੇਤਾਂ ਵਿੱਚ ਮਜ਼ਦੂਰੀ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਹੀ ਸਮਝਿਆ ਜਾਂਦਾ ਸੀ। ਖਾਸ ਕਰਕੇ ਪੰਜਾਬ ਤੋਂ ਆਏ ਗੁਰਸਿੱਖ ਵਿਅਕਤੀ ਨੂੰ ਇਹ ਕਹਿ ਕੇ ਕੰਮ ‘ਤੇ ਸੀ ਰੱਖਿਆ ਜਾਂਦਾ ਸੀ ਕਿ ਤੂੰ ਸਿੱਖ਼ੀ ਸਰੂਪ ਵਿੱਚ ਹੈ, ਤੈਨੂੰ ਵਾਲ ਕਤਲ ਕਰਵਾਉਣੇ ਪੈਣਗੇ, ਫਿਰ ਕੰਮ ‘ਤੇ ਰੱਖ ਲਵਾਂਗੇ। ਹੁਣ ਅਜੋਕੇ ਦੌਰ ਵਿੱਚ ਇਟਲੀ ਵਿਚ ਆਏ ਦਿਨ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋਂ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਲੜੋਈ ਦੇ ਜੰਮਪਲ ਤੇ ਉੱਤਰੀ ਇਟਲੀ ਦੇ ਫ਼ਿਊਮੈ ਵੈਨੇਤੋ (ਪੋਰਦੇਨੋਨੇ) ਵਿੱਚ ਰੈਣ ਬਸੇਰਾ ਕਰ ਰਹੇ ਗੁਰਸਿੱਖ ਮਾਤਾ ਸੁਰਜੀਤ ਕੌਰ ਅਤੇ ਪਿਤਾ ਹਰਮਿਲਾਪ ਸਿੰਘ ਦੇ ਨੌਜਵਾਨ ਪੁੱਤਰ ਰੌਬਿਨਜੀਤ ਸਿੰਘ ਨੇ ਆਪਣੇ ਮਾਤਾ ਪਿਤਾ ਤੇ ਇਟਲੀ ਵਿੱਚ ਵੱਸਦੇ ਭਾਰਤੀ ਭਾਈਚਾਰੇ ਦਾ ਨਾਮ ਉੱਚਾ ਕੀਤਾ, ਉਸ ਨੇ ਸਖ਼ਤ ਮਿਹਨਤ ਕਰਕੇ ਉਸ ਮੁਕਾਮ ਨੂੰ ਹਾਸਲ ਕੀਤਾ, ਜਿਸ ਮੁਕਾਮ ਨੂੰ ਹਾਸਲ ਕਰਨਾ ਕਿਸੇ ਵਿਦੇਸ਼ੀ ਲਈ ਬਹੁਤ ਔਖਾ ਹੈ।
ਗੁਰਸਿੱਖ ਰੌਬਿਨਜੀਤ ਸਿੰਘ ਨੇ ਆਪਣੀ ਮਿਹਨਤ ਨਾਲ ਪੜ੍ਹ ਕੇ ਇਟਲੀ ਦੇ ਰੇਲਵੇ ਵਿਭਾਗ (ਤਰੇਨਿਤਾਲੀਆ) ਦੇ ਟੈਲੀਕਾਮ ਵਿਭਾਗ ‘ਚ ਨੌਕਰੀ ਹਾਸਲ ਕਰ ਲਈ ਹੈ। ਅੱਜਕਲ੍ਹ ਰੌਬਿਨਜੀਤ ਸਿੰਘ ਊਦਨੇ ਸ਼ਹਿਰ ਦੇ ਮੁੱਖ ਸਟੇਸ਼ਨ ‘ਤੇ ਬਤੌਰ ਮੁਲਾਜ਼ਮ ਰੇਲਵੇ ਵਿਭਾਗ ਵਿੱਚ ਆਪਣੀ ਡਿਊਟੀ ਨਿਭਾਅ ਰਿਹਾ ਹੈ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਰੌਬਿਨਜੀਤ ਸਿੰਘ ਨੇ ਦੱਸਿਆ ਕਿ, ਮੈਂ ਪੰਜਾਬ ਵਿੱਚ ਸਿਰਫ ਤਿੰਨ ਸਾਲ ਪੜ੍ਹਾਈ ਕੀਤੀ ਸੀ ਅਤੇ ਉਸ ਤੋਂ ਬਾਅਦ ਮੈਂ ਆਪਣੀ ਮਾਤਾ ਜੀ ਨਾਲ ਪੱਕੇ ਤੌਰ ‘ਤੇ ਆਪਣੇ ਪਿਤਾ ਜੀ ਕੋਲ ਇਟਲੀ ਵਿੱਚ ਆ ਕੇ ਵੱਸ ਗਿਆ ਅਤੇ ਫਿਰ ਇਟਾਲੀਅਨ ਭਾਸ਼ਾ ਵਿੱਚ ਪੜ੍ਹਾਈ ਸ਼ੁਰੂ ਕੀਤੀ। ਹੌਲੀ ਹੌਲੀ ਸਮਾਂ ਬੀਤਦਾ ਗਿਆ ਤੇ ਅੱਜ ਉਹ ਸਮਾਂ ਆ ਗਿਆ ਜਿਸ ਦਾ ਮੈਂ ਕਦੇ ਸੁਪਨਾ ਦੇਖਿਆ ਸੀ ਕਿ ਇਸ ਦੇਸ਼ ਵਿੱਚ ਪੜ੍ਹਾਈ ਵਿੱਚ ਚੰਗੇ ਨੰਬਰ ਲੈ ਕੇ ਕਾਮਯਾਬੀ ਹਾਸਲ ਕਰਨੀ ਹੈ।
ਰੌਬਿਨਜੀਤ ਸਿੰਘ ਨੇ ਕਿਹਾ ਕਿ, ਉਹ ਵਾਹਿਗੁਰੂ ਦੇ ਨਾਲ ਆਪਣੇ ਮਾਤਾ ਪਿਤਾ ਦਾ ਵੀ ਸ਼ੁਕਰਾਨਾ ਕਰਦੇ ਹਨ ਜਿਨ੍ਹਾਂ ਨੇ ਉਸ ਨੂੰ ਚੰਗੇ ਢੰਗ ਨਾਲ ਪੜ੍ਹਨ ਲਈ ਹੌਂਸਲਾ ਦਿੱਤਾ। ਜਿਸ ਦੀ ਬਦੌਲਤ ਅੱਜ ਉਸ ਨੂੰ ਇਹ ਮੁਕਾਮ ਹਾਸਲ ਹੋ ਸਕਿਆ। ਰੌਬਿਨਜੀਤ ਸਿੰਘ ਨੇ ਇਟਲੀ ਵਿੱਚ ਵੱਸਦੇ ਸਮੂਹ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਪੱਧਰ ਤੱਕ ਪੜ੍ਹਾਈ ਜ਼ਰੂਰ ਕਰਵਾਉਣ ਜਿਸ ਨਾਲ ਉਨ੍ਹਾਂ ਦੇ ਬੱਚੇ ਇਸ ਦੇਸ਼ ਵਿੱਚ ਵਧੀਆ ਨੌਕਰੀਆਂ ਹਾਸਲ ਕਰਕੇ ਉਨ੍ਹਾਂ ਦਾ ਤੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕਰਨ। ਜਿਸ ਨਾਲ ਭਵਿੱਖ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਦਾ ਬੋਲਬਾਲਾ ਸਰਕਾਰੀ ਅਤੇ ਗੈਰਸਰਕਾਰੀ ਅਦਾਰਿਆਂ ਵਿੱਚ ਜਰੂਰ ਅੱਗੇ ਵਧੇਗਾ।
ਜ਼ਿਕਰਯੋਗ ਹੈ ਇਟਲੀ ਵਿੱਚ ਰਹਿ ਰਹੇ ਭਾਰਤੀ ਜਿਵੇਂ ਹੁਣ ਆਏ ਦਿਨ ਤਰੱਕੀ ਕਰ ਰਹੇ ਹਨ, ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਵਿੱਖ ਵਿਚ ਭਾਰਤੀ ਭਾਈਚਾਰੇ ਦੇ ਲੋਕ ਉਸ ਮੁਕਾਮ ‘ਤੇ ਜ਼ਰੂਰ ਪੰਹੁਚ ਜਾਣਗੇ, ਜਿਸ ਬਾਰੇ ਕਦੇ ਇਨ੍ਹਾਂ ਨੂੰ ਸੋਚਣਾ ਵੀ ਮੁਸ਼ਕਿਲ ਸੀ।