ਰੋਮ (ਇਟਲੀ) (ਕੈਂਥ) – ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਹੂੰਝਾਫੇਰ ਜਿੱਤ ਨੂੰ ਯਕੀਨੀ ਬਣਾਉਣ ਲਈ ਹਾਈ ਕਮਾਂਡ ਨੇ ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਲੋਕ ਸਭਾ ਚੋਣਾਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕੈਂਪੇਨ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤਾ ਹੈ। ਜਿਸ ਦਾ ਨਿੱਘਾ ਸਵਾਗਤ ਕਰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਰਾਣਾ ਨੇ ਕਿਹਾ ਕਿ, ਰਾਣਾ ਕੇ ਪੀ ਸਿੰਘ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਹਨ. ਉਹ ਪਿਛਲੇ ਦਿਨੀਂ 9 ਰਾਜਾਂ ਦੀ ਟਿਕਟ ਵੰਡਣ ਲਈ ਬਣੀ ਸਕ੍ਰੀਨਿੰਗ ਕਮੇਟੀ ਦੇ ਚੇਅਰਮੈਨ ਵੀ ਨਿਯੁਕਤ ਕੀਤੇ ਗਏ ਸਨ.
ਰਾਣਾ ਪੇਸ਼ੇ ਵਜੋਂ ਵਕੀਲ ਹਨ ਅਤੇ ਉਨ੍ਹਾਂ ਨੂੰ ਭਾਰਤੀ ਇਤਿਹਾਸ ਅਤੇ ਰਾਜਨੀਤੀ ਬਾਰੇ ਬਹੁਤ ਹੀ ਸਮਝ ਤੇ ਜਾਣਕਾਰੀ ਹੈ। ਅਜਿਹੇ ਸੁਲਝੇ ਹੋਏ ਆਗੂ ਦੇ ਚੇਅਰਮੈਨ ਬਨਣ ਨਾਲ ਕਾਂਗਰਸੀ ਵਰਕਰਾਂ, ਅਤੇ ਦੇਸ਼ ਵਿਦੇਸ਼ ਦੇ ਵਿਚ ਬੈਠੇ ਉਨ੍ਹਾਂ ਦੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਹੈ। ਸੁਰਿੰਦਰ ਸਿੰਘ ਰਾਣਾ ਨੇ ਇਸ ਮੌਕੇ ‘ਤੇ ਰਾਣਾ ਕੇ ਪੀ ਸਿੰਘ ਨੂੰ ਲੋਕ ਸਭਾ ਚੋਣਾਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕੈਂਪੇਨ ਕਮੇਟੀ ਦੇ ਚੇਅਰਮੈਨ ਨਿਯੁਕਤ ਹੋਣ ਤੇ ਵਧਾਈ ਦਿੰਦਿਆਂ ਕਿਹਾ ਕਿ, ਉਹਨਾਂ ਦੀ ਕਾਂਗਰਸ ਪਾਰਟੀ ਨੂੰ ਬੁਲੰਦੀ ਵੱਲ ਲਿਜਾਣ ਵਿੱਚ ਅਹਿਮ ਯੋਗਦਾਨ ਹੈ ਤੇ ਪਾਰਟੀ ਦੇ ਉਹ ਹਰ ਮੈਂਬਰ ਦੇ ਹਰਮਨ ਪਿਆਰੇ ਸਤਿਕਾਰੇ ਆਗੂ ਹਨ ਜਿਹਨਾਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਕਾਮਯਾਬੀ ਦਾ ਨਵਾਂ ਇਤਿਹਾਸ ਸਿਰਜੇਗੀ। ਸੁਰਿੰਦਰ ਸਿੰਘ ਰਾਣਾ ਤੇ ਯੂਰਪ ਦੇ ਕਈ ਹੋਰ ਆਗੂਆਂ ਨੇ ਇਸ ਕਾਰਵਾਈ ਲਈ ਹਾਈ ਕਮਾਂਡ ਦਾ ਵਿਸ਼ੇਸ਼ ਧੰਨਵਾਦ ਤੇ ਰਾਣਾ ਕੇ ਪੀ ਸਿੰਘ ਦਾ ਚੇਅਅਮੈਨੀ ਲਈ ਨਿੱਘਾ ਸਵਾਗਤ ਕੀਤਾ ਹੈ।