ਰੋਮ (ਇਟਲੀ) (ਕੈਂਥ) – ਇਟਲੀ ਦੀ ਧਰਤੀ ਤੇ ਆਦਿ ਧਰਮ ਸਮਾਜ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਮਨਾ ਕੇ ਜੋ ਸੁਨੇਹਾ ਸਾਂਝੀਵਾਲਤਾ ਦਾ ਸਮੁੱਚੀ ਕਾਇਨਾਤ ਨੂੰ ਦਿੱਤਾ ਜਾ ਰਿਹਾ ਹੈ, ਉਹ ਬਹੁਤ ਸ਼ਲਾਘਾਯੋਗ ਹੈ। ਇਸ ਲੜੀ ਤਹਿਤ ਹੀ ਇਮਿਲੀਆ ਰੋਮਾਨਾ ਸੂਬੇ ਦੇ ਜਿਲ੍ਹਾ ਰੇਜੋਇਮੀਲੀਆ ਦੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਮਹਾਨ ਤਪੱਸਵੀ, ਦੂਰਦਰਸ਼ੀ, ਮਹਾਨ ਧਾਰਮਿਕ ਗ੍ਰੰਥ “ਸ਼੍ਰੀ ਰਮਾਇਣ” ਰਚੇਤਾ ਜਗਤ ਗੁਰੂ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ 10 ਨਵੰਬਰ ਦਿਨ ਐਤਵਾਰ 2024 ਨੂੰ ਬਹੁਤ ਹੀ ਸ਼ਰਧਾ ਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ.
ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ, ਸ਼ਿੰਗਾਰਾ ਮੱਲ, ਸੁਲਿੰਦਰ ਕੁਮਾਰ, ਸਿੰਦਾ ਮੱਲਪੁਰੀ, ਰਾਜ ਕੁਮਾਰ ਸੰਧੂ, ਸੋਢੀ ਮੱਲ, ਜੀਵਨ ਕੁਮਾਰ, ਲੱਕੀ ਬੈਂਸ ਤੇ ਰਾਕੇਸ਼ ਕੁਮਾਰ ਆਦਿ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆ ਕਿਹਾ ਕਿ, ਇਸ ਪ੍ਰਗਟ ਦਿਵਸ ਸਮਾਗਮ ਵਿੱਚ ਭਗਵਾਨ ਵਾਲਮੀਕਿ ਜੀਓ ਦੀ ਮਹਿਮਾ ਦਾ ਗੁਣਗਾਨ ਕਰਨ ਲਈ ਸੰਦੀਪ ਲੋਈ, ਵਿਜੈ ਸਫ਼ਰੀ, ਅਮਨਦੀਪ ਚੌਹਾਨ ਤੇ ਅਸ਼ਵਨੀ ਚੌਹਾਨ ਆਦਿ ਆਪਣੀ ਦਮਦਾਰ ਆਵਾਜ਼ ਵਿੱਚ ਭਗਵਾਨ ਵਾਲਮੀਕਿ ਜੀਓ ਦੀ ਮਹਿਮਾ ਦਾ ਗੁਣਗਾਨ ਕਰਨਗੇ। ਸੰਗਤਾਂ ਨੂੰ ਆਪਣੇ ਰਹਿਬਰਾਂ, ਗੁਰੂਆਂ ਅਤੇ ਮਹਾਂਪੁਰਸ਼ਾਂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈ. ਉਹਨਾਂ ਦੇ ਦੱਸੇ ਮਾਰਗ ਉੱਪਰ ਚੱਲ ਕੇ ਆਪਣਾ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ। ਇਸ ਪ੍ਰਗਟ ਦਿਵਸ ਸੰਗਤ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਪ੍ਰਬੰਧਕਾਂ ਵੱਲੋਂ ਸਨਿਮਰ ਅਪੀਲ ਹੈ।