ਲਾਤੀਨਾ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਿਚ ਕੁਝ ਮਹੀਨੇ ਪਹਿਲਾ ਹੀ ਜਿਲ੍ਹਾ ਲਾਤੀਨਾ ਦੇ ਨੇੜ੍ਹੇ ਖੇਤੀਬਾੜੀ ਦੇ ਕੰਮ ਦੌਰਾਨ ਸਤਨਾਮ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਨਾਲ ਸਾਰਾ ਭਾਰਤੀ ਤੇ ਇਟਾਲੀਅਨ ਭਾਈਚਾਰਾ ਸੋਗ ਵਿੱਚ ਸੀ, ਕਿ ਹੁਣ ਬੀਤੇ ਦਿਨੀਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ. ਜਿੱਥੇ ਜਿਲ੍ਹਾ ਸਲੇਰਨੋ ਦੇ ਬੱਤੀਪਾਲੀਆ ਦੇ ਨਜ਼ਦੀਕ ਪੈਂਦੇ ਇਲਾਕਾ ਏਬੋਲੀ ਦੇ ਕੰਪੋਲੌਗੋ ਵਿਖੇ ਟਰੈਕਟਰ ਦੇ ਪਿੱਛੇ ਜ਼ਮੀਨ ਦੀ ਮਿੱਟੀ ਨੂੰ ਪੱਧਰਾ ਕਰਨ ਵਾਲੇ ਰੂਟਾਵੀਟਰ ਮਸ਼ੀਨ ਨਾਲ ਖੇਤਾਂ ਵਿੱਚ ਕੰਮ ਕਰ ਰਹੇ ਮਨਜਿੰਦਰ ਸਿੰਘ ਰਿੰਪਾ (49) ਨਾਮ ਦੇ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ।
ਮ੍ਰਿਤਕ ਮਨਜਿੰਦਰ ਸਿੰਘ (ਰਿੰਪਾ) ਦੇ ਨਾਲ ਕੰਮ ਕਰ ਰਹੇ ਮਨਿੰਦਰ ਸਿੰਘ ਬੱਲ ਨੇ ਭਰੇ ਮਨ ਨਾਲ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ, ਰੋਜ ਦੀ ਤਰ੍ਹਾਂ ਮ੍ਰਿਤਕ ਮਨਜਿੰਦਰ ਸਿੰਘ ਖੇਤਾਂ ਦੀ ਵਹਾਈ ਕਰ ਰਿਹਾ ਸੀ ਤੇ ਅਸੀਂ ਦੁਪਿਹਰ ਨੂੰ ਕੰਮ ਛੱਡ ਕੇ ਥੋੜੀ ਦੂਰ ਖੇਤਾਂ ਵਿੱਚ ਬਣੇ ਰੈਣ ਬਸੇਰੇ ਵਿੱਚ ਚਲੇ ਗਏ ਤੇ ਕੁਝ ਸਮੇਂ ਬਾਅਦ ਮਾਲਕ ਦਾ ਬੇਟਾ ਤੇ ਮਾਲਕ ਆ ਕੇ ਦੱਸਦੇ ਹਨ ਕਿ ਘਰ ਤੋਂ ਬਾਹਰ ਨਾ ਆਉਣਾ ਕਿਉਂਕਿ ਖੇਤਾਂ ਵਿੱਚ ਪੁਲਿਸ ਆਈ ਹੋਈ ਹੈ।
ਸਾਥੀ ਮਜਦੂਰ ਨੇ ਅੱਗੇ ਦੱਸਿਆ ਕਿ, ਫਿਰ ਅਸੀਂ ਮ੍ਰਿਤਕ ਮਨਜਿੰਦਰ ਸਿੰਘ ਰਿੰਪਾ ਦੇ ਫੋਨ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਆਇਆ ਤੇ ਫਿਰ ਅਸੀਂ ਕਿਸੇ ਹੋਰ ਨੇੜਲੇ ਖੇਤਾਂ ਵਾਲੇ ਪੰਜਾਬੀ ਮਜ਼ਦੂਰ ਨੂੰ ਫੋਨ ਕਰਕੇ ਪੁੱਛਿਆ ਤੇ ਉਸ ਨੇ ਸਾਨੂੰ ਦੱਸਿਆ ਕਿ, ਤੁਹਾਡੇ ਮਾਲਕਾਂ ਦੇ ਖੇਤਾਂ ਵਿੱਚ ਟਰੈਕਟਰ ‘ਤੇ ਇੱਕ ਹਾਦਸਾ ਹੋ ਗਿਆ ਹੈ, ਜਿਸ ਵਿੱਚ ਕਿਸੇ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਜਦੋਂ ਅਸੀਂ ਦੇਖਿਆ ਤਾਂ ਮਨਜਿੰਦਰ ਸਿੰਘ ਰਿੰਪਾ ਦੇ ਸਰੀਰ ਦੇ ਟੁਕੜੇ ਹੋ ਗਏ ਸਨ। ਪੁਲਿਸ ਤੇ ਮੌਕੇ ‘ਤੇ ਪਹੁੰਚੀ ਡਾਕਟਰਾਂ ਦੀ ਟੀਮ ਵਲੋਂ ਰਿੰਪਾ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਸੀ।
ਮਨਿੰਦਰ ਸਿੰਘ ਬੱਲ ਨੇ ਕਿਹਾ ਕਿ ਮੌਤ ਦੇ ਕਾਰਨਾਂ ਬਾਰੇ ਕੋਈ ਪੁਸ਼ਟੀ ਨਹੀਂ ਹੋਈ, ਪਰ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਨਜਿੰਦਰ ਸਿੰਘ ਰਿੰਪਾ ਦੀ ਮੌਤ ਟਰੈਕਟਰ ਤੋਂ ਹੇਠਾਂ ਡਿੱਗ ਕੇ ਰੂਟਾਵੀਟਰ ਹੇਠਾਂ ਆ ਜਾਣ ਕਰਕੇ ਹੋਈ ਹੈ। ਦੂਜੇ ਪਾਸੇ ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਰਿੰਪਾ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਤਾਸ਼ਪੁਰ ਵਜੋਂ ਹੋਈ ਹੈ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਪਰਿਵਾਰ ਸਮੇਤ ਇਟਲੀ ਵਿੱਚ ਰਹਿੰਦਾ ਸੀ। ਪਰਿਵਾਰਕ ਮੈਂਬਰਾਂ ਵਲੋਂ ਇਸ ਘਟਨਾ ਨੂੰ ਸ਼ੱਕੀ ਨਜ਼ਰ ਨਾਲ ਵੀ ਦੇਖਿਆ ਜਾ ਰਿਹਾ ਹੈ।
ਪੁਲਿਸ ਵਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਮੌਤ ਦੇ ਕਾਰਨਾਂ ਬਾਰੇ ਪਤਾ ਲੱਗ ਸਕੇ। ਖ਼ਬਰ ਲਿਖੇ ਜਾਣ ਤੱਕ ਪਰਿਵਾਰ ਵਲੋਂ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਗਈ। ਸਿਰਫ ਇਨ੍ਹਾਂ ਹੀ ਪਤਾ ਲੱਗ ਸਕਿਆ ਹੈ ਕਿ ਟਰੈਕਟਰ ਚਲਾ ਰਹੇ ਮਨਜਿੰਦਰ ਸਿੰਘ ਰਿੰਪਾ ਦੀ ਟਰੈਕਟਰ ਦੇ ਥੱਲੇ ਆ ਕੇ ਰੂਟਾਵੀਟਰ ਮਸ਼ੀਨ ਨਾਲ ਦਰਦਨਾਕ ਮੌਤ ਹੋਈ ਹੈ।