ਹਰ ਇਨਸਾਨ ਕਿਸੇ ਨਾ ਕਿਸੇ ਧਰਮ, ਕਿਸੇ ਸੋਚ ਅਤੇ ਕਿਸੇ ਵਿਚਾਰਧਾਰਾ ਦਾ ਸਮਰਥਨ ਕਰਦਾ ਹੈ, ਪਰ ਸਮੱਸਿਆਵਾਂ ਉਦੋਂ ਵਧਦੀਆਂ ਹਨ ਜਦੋਂ ਜਬਰਦਸਤੀ ਲੋਕਾਂ ਦੇ ਦਿਮਾਗ ਵਿਚ ਆਪਣੀ ਵਿਚਾਰਧਾਰਾ ਦਾ ਬੀਜ ਬੀਜਿਆ ਜਾਵੇ ਜਾਂ ਜਬਰੀ ਸੋਚ ਥੋਪਣ ਦੀ ਮੁਹਿੰਮ ਵਿੱਢੀ ਗਈ ਹੋਵੇ। ਲੋਕਾਂ ਨੂੰ ਧਰਮ ਅਤੇ ਕੌਮ ਦੇ ਪ੍ਰਤੀ ਨਕਲੀ ਖਤਰਿਆਂ ਦਾ ਅਹਿਸਾਸ ਕਰਵਾ ਆਮ ਲੋਕਾਂ ਦੀ ਸੋਚ ਨੂੰ ਗੁਲਾਮ ਕਰਨ ਦਾ ਉੱਤਮ ਤਰੀਕਾ ਵਿਦੇਸ਼ੀ ਧਰਤੀ ਤੋਂ ਕਟੜਪੰਥੀਆਂ ਵੱਲੋਂ ਕੀਤਾ ਜਾ ਰਿਹਾ ਹੈ, ਪਰ ਇਸ ਸਭ ਦੇ ਬਾਵਜੂਦ ਲੋਕਾਂ ਵੱਲੋਂ ਅਜਿਹੀਆਂ ਓਪਰੀਆਂ ਸਾਜਿਸ਼ਾਂ ਨੂੰ ਬਹੁਤਾ ਮੂੰਹ ਨਾ ਲਾਉਂਦਿਆਂ ਦਰਕਿਨਾਰੇ ਕਰ ਦਿੱਤਾ ਗਿਆ। ਜਿੱਥੇ ਲੋਕਾਂ ਨੂੰ ਇਕਮੁੱਠ ਕਰਨ ਵਿਚ ਸਮਾਜ ਸੇਵੀ ਸੰਸਥਾਵਾਂ ਆਪਣੀ ਪ੍ਰਮੁੱਖ ਭੂਮਿਕਾ ਨਿਭਾਅ ਰਹੀਆਂ ਹਨ, ਉੱਥੇ ਹੀ ਇਕ ਵੱਡਾ ਉਪਰਾਲਾ ਚੰਡੀਗੜ੍ਹ ਦੇ ਸੈਕਟਰ 28 ਸਥਿਤ ਗੁਰਦੁਆਰਾ ਨਾਨਕਸਰ ਦੇ ਮੁੱਖੀ ਬਾਬਾ ਗੁਰਦੇਵ ਸਿੰਘ ਨਾਨਕਸਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਵਿੱਢਿਆ ਗਿਆ, ਜਿੱਥੇ ਉਨ੍ਹਾਂ ਸੂਬੇ ਵਿਚ ਇਕ ਪਿੰਡ ਇਕ ਗੁਰਦੁਆਰਾ ਦੀ ਮੁਹਿੰਮ ਵਿੱਢਣ ਦਾ ਸਵਾਗਤ ਕਰਦਿਆਂ ਸਮੂਹ ਸਿੱਖ ਜਗਤ ਨੂੰ ਪਹਿਲਕਦਮੀ ਨਾਲ ਹਰ ਇਕ ਚਿੰਤਕ ਨੂੰ ਮੁਹਿੰਮ ਨਾਲ ਜੁੜ੍ਹਨ ਦਾ ਸੱਦਾ ਦਿੱਤਾ। ਅਮਨ ਸ਼ਾਂਤੀ ਵਾਲੇ ਸੂਬੇ ਪੰਜਾਬ ਵਿਚ ਵੱਡੀ ਲੋੜ ਨੌਜਵਾਨਾਂ ਨੂੰ ਗੁਰਸਿੱਖੀ, ਗੁਰਬਾਣੀ ਅਤੇ ਮਾਂ ਬੋਲੀ ਨਾਲ ਜੋੜ੍ਹਨ ਦੀ ਹੈ ਅਤੇ ਇਸ ਪ੍ਰਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਧਾਈ ਦੇ ਪਾਤਰ ਹਨ। ਜਿਸ ਸੂਬੇ ਵਿਚ ਸੋਚਣ ਦੀ ਅਜਾਦੀ ਹੋਵੇ ਆਪਣੀ ਵਿਚਾਰਧਾਰਾ ਨਾਲ ਜਿਉਣ ਦੀ ਖੁਲ੍ਹ ਹੋਵੇ ਉੱਥੇ ਵਿਦੇਸ਼ੀ ਤਾਕਤਾਂ ਮਾਹੌਲ ਨੂੰ ਖਰਾਬ ਕਰਨ ਦੀ ਹਰ ਸੰਭਵ ਕੋਸ਼ਿਸ਼ ਤਾਂ ਕਰਦੀਆਂ ਹਨ, ਪਰ ਲੋਕਾਂ ਵੱਲੋਂ ਇਕ ਝੰਡੇ ਥੱਲੇ ਇਕੱਠੇ ਹੋ ਨਕਾਰਾਤਮਕ ਸ਼ਕਤੀਆਂ ਦਾ ਸਾਹਮਣਾ ਕਰਨਾ ਹੁਣ ਕੋਈ ਵੱਡੀ ਗੱਲ ਨਹੀਂ, ਕਿਉਂਕਿ ਪੰਜਾਬ ਦੀ ਅਵਾਮ ਦਹਿਸ਼ਤਗਰਦੀ ਦੇ ਕਾਲੇ ਦਿਨਾਂ ਵਿਚੋਂ ਉੱਭਰ ਕੇ ਖੁਸ਼ਹਾਲ ਹੋਈ ਹੈ ਅਤੇ ਕਿਸੇ ਕੀਮਤ ‘ਤੇ ਮੁੜ ਅਜਿਹੇ ਹਾਲਾਤ ਪੰਜਾਬ ਦੇ ਲੋਕ ਪੇਦਾ ਨਹੀਂ ਹੋਣ ਦੇਣਗੇ, ਜਿਨਾਂ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਅੱਜ ਦੀ ਜਿੰਮੇਵਾਰ ਅਵਾਮ ਨੂੰ ਮੁੜ ਮੁਆਫ ਨਾ ਕਰ ਸਕੇ। ਪੰਜਾਬ ਦਾ ਬੱਚਾ-ਬੱਚਾ ਅੱਜ ਅਜਾਦੀ ਦੀ ਆਬੋ ਹਵਾ ਮਾਣ ਰਿਹਾ ਹੈ। ਇਕ ਨਗਰ ਇਕ ਗੁਰਦੁਆਰੇ ਦਾ ਸੰਦੇਸ਼ ਪੰਜਾਬ ਦੇ ਲੋਕਾਂ ਵਿਚ ਇਕਮੁੱਠਤਾ, ਦ੍ਰਿੜਤਾ ਅਤੇ ਆਪਸੀ ਭਾਈਚਾਰੇ ਵਿਚ ਵਿਸ਼ਵਾਸ ਪੈਦਾ ਕਰੇਗਾ, ਜੋ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਹਰ ਇਕ ਪੰਜਾਬੀ ਭਾਰਤੀ ਦਾ ਫਰਜ ਹੈ ਕਿ ਉਹ ਥੋਪੀ ਜਾਣ ਵਾਲੀ ਸੋਚ ਨੂੰ ਪਿਛਾਂਹ ਸੁੱਟ ਗੁਰੂ ਵੱਲੋਂ ਦੱਸੇ ਇਕ ਧਰਮ ਦੇ ਫਲਸਫੇ ਹੇਠ ਇਕੱਠੇ ਹੋਣ ਅਤੇ ਹਰ ਉਸ ਬਾਹਰੀ ਸ਼ਕਤੀ ਦਾ ਵਿਰੋਧ ਕਰਨ, ਜੋ ਆਪਸੀ ਅਖੰਡਤਾ ਨੂੰ ਢਾਹ ਲਗਾਉਂਦੀ ਹੋਵੇ।