ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ਅੰਦਰ ਬਾਚਾ ਖਾਨ ਯੂਨੀਵਰਸਿਟੀ ਨੇ ਮੁੰਡਿਆਂ ਅਤੇ ਕੁੜੀਆਂ ਦੇ ਇਕੱਠੇ ਘੁੰਮਣ ਉਤੇ ਪਾਬੰਦੀ ਲੱਗਾ ਦਿੱਤੀ ਹੈ। ਯੂਨੀਵਰਸਿਟੀ ਦੇ ਅਸਿਸਟੈਂਟ ਚੀਫ ਪਾਕ੍ਰਟਰ ਫਰਮੁੱਲਾ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਜੋੜੇ ਬਣਾ ਕੇ ਯੂਨੀਵਰਸਿਟੀ ਵਿਚ ਘੁੰਮਣ, ਫਿਰਣ ਅਤੇ ਬੈਠਣ ਉਤੇ ਰੋਕ ਲਗਾਉਣ ਦਾ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿਚ ਲੜਕਾ-ਲੜਕੀ ਦੇ ਇਕੱਠਿਆਂ ਘੁੰਮਣ ਨੂੰ ‘ਕਪਲਿੰਗ’ ਕਹਿ ਕੇ ਪਾਬੰਦੀ ਲਗਾਈ ਹੈ।
ਨੋਟਿਸ ਅਨੁਸਾਰ ਇਸ ਤਰ੍ਹਾਂ ਦੀਆਂ ਘੁੰਮਣ ਵਾਲੀ ਗਤੀਵਿਧੀਆਂ ਗੈਰ-ਇਸਲਾਮਿਕ ਹੈ। ਯੂਨੀਵਰਸਿਟੀ ਨੇ ਕਿਹਾ ਕਿ ਜੇਕਰ ਲੜਕਾ-ਲੜਕੀ ਇਕੱਠੇ ਘੁੰਮਦੇ ਫੜੇ ਜਾਂਦੇ ਹਨ ਤਾਂ ਇਸ ਦੀ ਸ਼ਿਕਾਇਤ ਉਨ੍ਹਾਂ ਦੇ ਮਾਪਿਆਂ ਨੂੰ ਦਿੱਤੀ ਜਾਵੇਗੀ। ਇਸ ਜੁਰਮ ਲਈ ਉਨ੍ਹਾਂ ਨੂੰ ਭਾਰੀ ਜੁਰਮਾਨਾ ਵੀ ਅਦਾ ਕਰਨਾ ਪੈ ਸਕਦਾ ਹੈ। ਇਸ ਨੋਟਿਸ ਦਾ ਸਖਤ ਵਿਰੋਧ ਹੋ ਰਿਹਾ ਹੈ ਅਤੇ ਇਸ ਨੂੰ ਵਾਪਿਸ ਲੈਣ ਦੀ ਮੰਗ ਵੀ ਕੀਤੀ ਗਈ ਹੈ। ਦੂਜੇ ਪਾਸੇ ਕੁਝ ਲੋਕ ਇਸ ਫੈਸਲੇ ਦਾ ਸਮਰਥਨ ਵੀ ਕਰ ਰਹੇ ਹਨ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੀ ਯੂਨੀਵਰਸਿਟੀ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਕਾਲਜ ਦੀ ਕੰਟੀਨ ਵਿਚ ਵਿਦਿਆਰਥੀ ਅਤੇ ਵਿਦਿਆਰਥਣਾਂ ਦੇ ਇਕੱਠੇ ਬੈਠਣ ਉਪਰ ਰੋਕ ਲੱਗਾ ਦਿੱਤੀ ਗਈ ਸੀ। ਯੂਨੀਵਰਸਿਟੀ ਵਿਚ ਇਸ ਫੈਸਲੇ ਦਾ ਲੋਕਾਂ ਨੇ ਵਿਰੋਧ ਕੀਤਾ ਸੀ। ਕੁਝ ਲੋਕਾਂ ਨੇ ਕਿਹਾ ਸੀ ਭਾਰਤ ਚੰਨ ਉਪਰ ਜਾ ਰਿਹਾ ਹੈ ਅਤੇ ਅਸੀਂ ਪਾਬੰਦੀਆਂ ਲਗਾਉਣ ਵਿਚ ਰੁਝੇ ਹੋਏ ਹਾਂ। ਸਖਤ ਵਿਰੋਧ ਬਾਅਦ ਪ੍ਰਬੰਧਨ ਨੇ ਨੋਟਿਸ ਨੂੰ ਵਾਪਸ ਲੈ ਲਿਆ ਸੀ।