
ਐੱਨਆਰਆਈਜ਼ (NRIs) ਨੂੰ ਭਾਰਤ ਵਿੱਚ ਆਧਾਰ ਕਾਰਡ ਲਈ 180 ਦਿਨਾਂ ਦੀ ਉਡੀਕ ਨਹੀਂ ਕਰਨੀ ਪਵੇਗੀ
ਵਿੱਤ ਮੰਤਰੀ ਸ੍ਰੀਮਤੀ ਸੀਤਾਰਮਨ ਨੇ ਅੱਜ ਬਜਟ ਪੇਸ਼ ਕਰਦਿਆਂ ਕਿਹਾ ਕਿ ਹੁਣ ਐੱਨਆਰਆਈਜ਼ (NRIs) ਨੂੰ ਭਾਰਤ ਵਿੱਚ ਆਧਾਰ ਕਾਰਡ ਲਈ 180 ਦਿਨਾਂ ਦੀ ਉਡੀਕ ਨਹੀਂ ਕਰਨੀ ਪਵੇਗੀ; ਸਗੋਂ ਉਹ ਜਦੋਂ ਵੀ ਭਾਰਤ ’ਚ ਆਉਣਗੇ, ਉਨ੍ਹਾਂ ਦਾ ਭਾਰਤੀ ਪਾਸਪੋਰਟ ਵੇਖ ਕੇ ਉਨ੍ਹਾਂ ਦਾ ਆਧਾਰ ਕਾਰਡ ਤੁਰੰਤ ਬਣ ਜਾਇਆ ਕਰੇਗਾ। ਉਨ੍ਹਾਂ ਦੱਸਿਆ ਕਿ ਐੱਨਆਰਆਈਜ਼ ਨੂੰ ਭਾਰਤ ਵਿੱਚ ਨਿਵੇਸ਼ ਕਰਨ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਨੂੰ ਵਿਦੇਸ਼ੀ ਪੋਰਟਫ਼ੋਲੀਓ ਨਾਲ ਜੋੜਿਆ ਜਾਵੇਗਾ।
ਸ੍ਰੀਮਤੀ ਸੀਤਾਰਮਣ ਨੇ ਕਿਹਾ ਹੁਣ ਜ਼ੀਰੋ ਬਜਟ ਖੇਤੀ ਵੱਲ ਪਰਤਿਆ ਜਾਵੇਗਾ ਤੇ 2024 ਤੱਕ ‘ਹਰ ਘਰ ਜਲ’ ਦਾ ਟੀਚਾ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਦੇ ਅਗਲੇ ਗੇੜ ਵਿੱਚ ਹਰ ਪਿੰਡ ਵਿੱਚ ਠੋਸ ਕੂੜਾ–ਕਰਕਟ ਪ੍ਰਬੰਧ ਦਾ ਟੀਚਾ ਹੈ। ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ 15ਵੀਂ ਜਯੰਤੀ ਮੌਕੇ ‘ਅੰਤੋਦਿਆ’ ਸਾਡਾ ਟੀਚਾ ਹੈ। ਅੰਨਦਾਤਾ ਨੂੰ ਊਰਜਾਦਾਤਾ ਬਣਾਉਣ ਲਈ ਕਈ ਯੋਜਨਾਵਾਂ ਚੱਲਣਗੀਆਂ। ਉਨ੍ਹਾਂ ਕਿਹਾ ਕਿ 97 ਫ਼ੀ ਸਦੀ ਪਿੰਡਾਂ ਨੂੰ ਹਰੇਕ ਮੌਸਮ ’ਚ ਤੇ ਸਾਰਾ ਸਾਲ ਚੱਲਣ ਵਾਲੀਆਂ ਸੜਕਾਂ ਨਾਲ ਜੋੜਿਆ ਗਿਆ ਹੈ। ਬਾਕੀ ਦੇ ਪਿੰਡਾਂ ਨੂੰ ਇਸੇ ਸਾਲ ਜੋੜਨ ਦਾ ਟੀਚਾ ਹੈ। ਇਲੈਕਟ੍ਰੌਨਿਕ ਜ਼ਰੂਰਤਾਂ ਪੂਰੀਆਂ ਕਰਨ ਦੇ ਖ਼ਜ਼ਾਨੇ ਲਈ ਇੱਕ ਸਟਾਕ ਐਕਸਚੇਂਜ ਸਥਾਪਤ ਕੀਤੀ ਜਾਵੇਗੀ। ਖੇਤੀਬਾੜੀ ਨਾਲ ਸਬੰਧਤ ਦਿਹਾਤੀ ਉਦਯੋਗ ਵਿੱਚ 75 ਹਜ਼ਾਰ ਨਵੇਂ ਉੱਦਮੀ ਤਿਆਰ ਕਰਨ ਦੀ ਯੋਜਨਾ ਹੈ। 80,250 ਕਰੋੜ ਰੁਪਏ ਦੀ ਲਾਗਤ ਨਾਲ 1.25 ਲੱਖ ਕਿਲੋਮੀਟਰ ਸੜਕ ਨੂੰ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਗੇੜ ਵਿੱਚ ਅਪਗ੍ਰੇਡ ਕੀਤਾ ਜਾਵੇਗਾ।