“ਜੇ ਜੰਮੀ ਹੋਵੇ ਧੀ ਤਾਂ ਬੰਦਾ ਬੰਦਾ ਬਣਕੇ ਰਹਿੰਦਾ” ਚਾਹੇ ਸੁਣਨ ਨੂੰ ਇਹ ਅਲਫਾਜ਼ ਸਧਾਰਨ ਹੀ ਲੱਗਦੇ ਹੋਣ ਪਰ ਇਹਨਾਂ ਦਾ ਮਤਲਬ ਇਨਸਾਨੀਅਤ ਦੇ ਆਰ-ਪਾਰ ਹੁੰਦਾ ਹੈ ।ਇਹ ਅਲਫਾਜ਼ ਇੰਗਲੈਂਡ ਦੇ ਪ੍ਰਸਿੱਧ ਗੀਤਕਾਰ ਹਰਜਿੰਦਰ ਮੱਲ ਦੀ ਕਲਮ ਦਾ ਸਿ਼ੰਗਾਰ ਬਣੇ ਨਵੇਂ ਗੀਤ “ਅਹਿਸਾਸ” ਵਿੱਚ ਦੇ ਹਨ।ਜਿਸ ਵਿੱਚ ਗੀਤਕਾਰ ਮੱਲ ਹੁਰਾਂ ਨੇ ਅਯੋਕੇ ਸਮੇਂ ਵਿੱਚ ਧੀ ਦੀ ਪਰਿਵਾਰ ਵਿੱਚ ਅਹਿਮੀਅਤ ਨੂੰ ਬਿਆਨ ਕੀਤਾ ਹੈ ਉੱਥੇ ਹੀ ਮੋਹ ਦੀਆਂ ਤੰਦਾਂ ਵਿੱਚ ਪਿਉ ਧੀ ਦੇ ਡੂੰਘੇ ਰਿਸ਼ਤੇ ਨੂੰ ਪਰੋਕੇ ਉਹਨਾਂ ਲੋਕਾਂ ਦੀਆਂ ਸੁੱਤੀਆਂ ਤੇ ਮੁੱਕੀਆਂ ਜਮੀਰਾਂ ਨੂੰ ਜਗਾਉਣ ਦੀ ਵਿੱਲਖਣ ਕੋਸਿ਼ਸ ਕੀਤੀ ਹੈ ਜਿਹੜੇ ਕਿ ਧੀਆਂ ਨੂੰ ਬੋਝ ਸਮਝਦੇ ਹਨ ਜਾਂ ਧੀਆਂ ਦੇ ਪਿਆਰ ਤੋਂ ਵਹੂਣੇ ਹਨ।ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੀ ਕਲਮ ਨਾਲ ਚਰਚਿਤ ਗੀਤ “ਮੇਰਾ ਪਿੰਡ ਜਾਂ ਇਨਕਲਾਬੀ ਗੀਤ “ਸੰਵਿਧਾਨ” ਲਿਖ ਕੇ ਇਤਿਹਾਸ ਰਚਣ ਵਾਲਾ ਵਿਲੈਤ ਦੀ ਧਰਤੀ ਦਾ ਬਾਸਿੰਦਾ ਹਰਜਿੰਦਰ ਮੱਲ ਬੇਸ਼ਕ ਸਰੀਰਕ ਤੌਰ ਤੇ ਪੰਜਾਬ ਤੋਂ ਦੂਰ ਰਹਿੰਦਾ ਹੈ ਪਰ ਆਤਮਿਕ ਤੇ ਖਿਆਲੀ ਤਾਣੇ-ਬਾਣੇ ਦੇ ਜਾਲ ਵਿੱਚ ਉਹ ਆਪਣੇ ਆਪ ਨੂੰ ਸਦਾ ਆਪਣੇ ਪਿੰਡ ਕਲੇਰਾਂ (ਸ਼ਹੀਦ ਭਗਤ ਸਿੰਘ ਨਗਰ)ਦੀਆਂ ਜੂਹਾ ਵਿੱਚ ਜਕੜੀ ਅਨੇਕਾਂ ਨਵੀਆਂ ਪੈੜਾਂ ਪਾਉਂਦਾ ਦਿਖਾਈ ਦੇ ਰਿਹਾ ਹੈ।ਜਿਸ ਦੀ ਤਾਜਾ ਮਿਸਾਲ ਉਸ ਦੇ ਨਵੇਂ ਚਰਚਿਤ ਗੀਤ” ਇਤਿਹਾਸ” ਨੇ ਪੇਸ਼ ਕੀਤੀ ਹੈ ।”ਇਤਿਹਾਸ”ਗੀਤ ਦੀ ਸਿਰਜਣਾ ਸੰਬਧੀ ਮੱਲ ਹੁਰਾਂ ਦਾ ਕਹਿਣਾ ਹੈ ਕਿ ਵੈਸੇ ਤਾਂ ਹਰ ਗੀਤਕਾਰ ਨੂੰ ਆਪਣੇ ਲਿਖੇ ਸਭ ਗੀਤ ਬਹੁਤ ਪਸੰਦ ਹੁੰਦੇ ਹਨ ਪਰ ਕੋਈ ਅਜਿਹਾ ਗੀਤ ਵੀ ਹੁੰਦਾ ਹੈ ਜਿਸ ਨੂੰ ਗੀਤਕਾਰ ਨੇ ਆਪਣੇ ਪਿੰਡੇ ਹੰਢਾਇਆ ਹੋਵੇ।ਜਦੋਂ ਬੰਦੇ ਦੇ ਘਰ ਧੀ ਜੰਮਦੀ ਹੈ ਤਾਂ ਉਸ ਦੀਆਂ ਜਿੰਮੇਵਾਰੀਆਂ ਘਰ ਤੇ ਸਮਾਜ ਵਿੱਚ ਵੱਧ ਜਾਂਦੀਆਂ ਹਨ ਜਿਹਨਾਂ ਨੂੰ ਨਿਭਾਉਂਦੀਆਂ ਜੋ ਅਹਿਸਾਸ ਹੁੰਦਾ ਹੈ ਉਸ ਅਹਿਸਾਸ ਦੀ ਹੀ ਗੱਲ ਕਰਦਾ ਹੈ ਉਸ ਦਾ ਨਵਾਂ ਗੀਤ “ਅਹਿਸਾਸ”ਜਿਸ ਨੂੰ ਆਪਣੀ ਬੁਲੰਦ ਤੇ ਮਾਖੀਓ ਮਿੱਠੀ ਆਵਾਜ ਵਿੱਚ ਗੁੰਦ ਕੇ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਹੈ ਪੰਜਾਬ ਦੇ ਮਾਣ ਪ੍ਰਸਿੱਧ ਲੋਕ ਗਾਇਕ ਗੁਰਦਾਸ ਮਾਨ ਦੇ ਲਾਡਲੇ ਸ਼ਾਗਿਰਦ ਗਾਇਕ ਅਮਰਿੰਦਰ ਬੌਬੀ ਨੇ ਤੇ ਇਸ ਗੀਤ ਨੂੰ ਇਤਿਹਾਸਕ ਗੀਤ ਬਣਾਉਣ ਵਿੱਚ ਚਾਰ ਚੰਦ ਲਗਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਪ੍ਰਸਿੱਧ ਸੰਗੀਤਕਾਰ ਵਿਨੋਦ ਰੱਤੀ ਦੇਸੀ ਹੇਕ ਵਾਲਿਆਂ।ਜਿੰਨਾਂ ਵਧੀਆ ਇਹ ਗੀਤ ਲਿਖ ਹੋਇਆ ਜਿੰਨੀ ਪ੍ਰਭਾਵਸ਼ਾਲੀ ਸ਼ਬਦਾਂਵਲੀ ਹੈ ਉਸ ਤੋਂ ਵੀ ਵਧੀਆ ਇਸ ਗੀਤ ਨੂੰ ਬੌਬੀ ਨੇ ਗਾਇਆ ਹੈ।ਆਸ ਹੈ ਕਿ ਇਹ ਗੀਤ ਸਦਾ ਹੀ ਚੰਗਾ ਸੁਣਨ ਵਾਲਿਆਂ ਲਈ ਪ੍ਰੇਰਨਾਦਾਇਕ ਸਾਬਿਤ ਹੋਵੇਗਾ।
ਕੈਂਥ