in

ਜੇ ਗੋਲਕ ਰਾਤ ਨੂੰ 9 ਵਜੇ ਬਿਨਾਂ ਸੰਗਤ ਤੋਂ ਟੁੱਟ ਜਾਂ ਖੁੱਲ੍ਹ ਸਕਦੀ ਹੈ ਤਾਂ ਗੁਰੂ ਸਾਹਿਬ ਜੀ ਦਾ ਸੁਖਾਸਨ ਅਦਬ ਸਹਿਤ ਰਾਤ ਨੂੰ ਕਰਨਾ ਜਾਂ ਦੂਸਰੇ ਗੁਰੂ ਘਰ ਪਹੁੰਚਾਉਣਾ ਗਲਤ ਹੈ?

” ਮੂੰਹ ਆਈ ਬਾੱਤ ਨਾਂ ਰਹਿੰਦੀ ਏ ”

ਕੀ ਇੱਥੇ ਵੀ ਸਵਾਲ ਬਣਦਾ ਹੈ ਕਿ ਦਸਤਾਰਾਂ ਲਹਿਣ, ਸਿਰ ਪਾਟਣ ਤੋਂ ਪਹਿਲਾਂ ਜਾਂ ਗੁਰੂ ਸਾਹਿਬ  ਅਦਬ ਸਹਿਤ  ਬੇਅਦਬੀ ਤੋਂ ਪਹਿਲਾਂ ਨੇੜ੍ਹਲੇ ਗੁਰੂ ਘਰ ਵਿੱਚ ਸੁਖਾਸਨ ਲਈ ਕਿਉਂ ਪਹੁੰਚਾਏ?

ਗੁਰਦੁਆਰਿਆਂ ਦੀ ਉਸਾਰੀ ਸਿੱਖ ਧਰਮ ਦੇ ਪ੍ਰਚਾਰ-ਪਸਾਰ ਲਈ ਹੋਈ ਸੀ, ਕੀ ਇਹ ਵੀ ਸਮਝਣ ਜਾਂ ਸਮਝਾਉਣ ਦੀ ਲੋੜ ਹੈ? 
ਸ਼ਾਇਦ ਗੱਲ ਨੂੰ ਸ਼ੁਰੂ ਕਰਨ ਦਾ ਇਹ ਤਰੀਕਾ ਬਾਸੀ ਹੋ ਚੁੱਕਿਆ ਹੈ 

2007 ਦੌਰਾਨ ਸਥਾਪਤਿ ਕਿਤੇ ਗੁਰੂਦਵਾਰਾ ਸਾਹਿਬ ਗੁਰੂ ਨਾਨਾਕ ਦਰਬਾਰ ਰੋਮਾ ਦੀ ਫਾਈਲ ਫੋਟੋ

ਐਵੇਂ ਸ਼ਬਦੀ ਜਾਲ ਦਾ ਸਹਾਰਾ ਲੈ ਭੂਮਿਕਾ ਬੰਨਣ ਦੀ ਬਜਾਇ ਜੇ ਮੁੱਦੇ ਦੀ ਗੱਲ ਕਰੀਏ ਤਾਂ ਬਿਹਤਰ ਹੋਵੇਗਾ।
ਰੋਮ ਗੁਰੂ ਘਰ ਦੀ ਸਥਾਪਨਾ ਸਥਾਨਕ ਸੰਗਤ ਦੀ ਮੰਗ ਤਹਿਤ ਉਸ ਵਕਤ ਉੱਠੀ ਜਦੋਂ ਕਈ ਵਾਰ ਪ੍ਰਧਾਨਗੀ, ਚੌਧਰ ਅਤੇ ਹਉਮੇ ਲਾਦੀਸਪੋਲੀ ਦੀ ਪ੍ਰਬੰਧਕ ਕਮੇਟੀ ਅਤੇ ਇਟਲੀ ਦੀਆਂ ਪ੍ਰਮੁੱਖ ਸਖਸ਼ੀਅਤਾਂ ਕਹਾਉਣ ਵਾਲੇ ਚੰਦ ਲੋਕਾਂ ‘ਤੇ ਹਾਵੀ ਇਸ ਕਦਰ ਹੋਈ ਸੀ ਕੀ ਉਨ੍ਹਾਂ ਵੱਲੋਂ ਕਈ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਗੰਦਲੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ, ਉਹ ਵੀ ਸਿਰਫ ਇਕ ਦੂਸਰੇ ਨੂੰ ਨੀਚਾ ਵਿਖਾਉਣ ਲਈ। ਧੀਆਂ-ਭੈਣਾਂ ਦੇ ਸਾਹਮਣੇ ਗਾਹਲੋ – ਗਾਲ੍ਹੀ ਹੋਏ ਅਤੇ ਦੁਪਹਿਰ ਦੇ ਦੀਵਾਨ ਤੋਂ ਬਾਅਦ ਸੰਗਤ ਨੂੰ ਲੰਗਰ ਛਕਾਉਣ ਦੀ ਬਜਾਇ ਗਾਲਾਂ ਦਾ ਕੜਾਹ ਪਰੋਸਿਆ ਜਾਂਦਾ ਸੀ।
ਸਿਰਫ ਇਹੋ ਨਹੀਂ ਸਗੋਂ ਸੁਝਵਾਨ ਸੇਵਾਦਾਰਾਂ ਦੇ ਚੱਲਦਿਆਂ ਦੁਪਹਿਰ ਦੋ ਵਜੇ ਵੀ ਸੁਖਾਸਨ ਕੀਤਾ ਜਾਂਦਾ ਰਿਹਾ ਕਿਉਂਕਿ ਆਪਸੀ ਤਕਰਾਰ ਦੀਵਾਨ ਹਾਲ ਵਿਚ ਹੁੰਦੀ ਸੀ ਅਤੇ ਇਨ੍ਹਾਂ ਪ੍ਰਬੰਧਕਾਂ ਦਾ ਕੁੱਤੀ-ਚੀਕਾ ਸਿੱਖੀ ਦੀ ਨਵੀਂ ਪਨੀਰੀ ਦੇ ਕੰਨਾਂ ਵਿਚ ਪਾਰਾ ਬਣ ਕੇ ਫਿਰਦਾ ਸੀ।
ਥੋੜੇ ਸ਼ਬਦਾਂ ਵਿਚ ਗੱਲ ਕਰੀਏ ਤਾਂ ਸੰਗਤਾਂ ਦੀ ਹਿੰਮਤ ਅਤੇ ਜੋਸ਼ ਦੇ ਸਦਕੇ ਇਟਲੀ ਦੀ ਰਾਜਧਾਨੀ ਰੋਮ ਵਿਚ ਪਹਿਲੇ ਗੁਰੂ ਘਰ ਦੀ ਸਥਾਪਨਾ 2007 ਵਿੱਚ ਹੋਈ। ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਅਤੇ ਜਿਸ ਉਪਰੰਤ ਕੁੱਝ ਸਾਲਾਂ ਬਾਦ ਪ੍ਰਬੰਧਕਾਂ ਵੱਲੋਂ ਆਪਸੀ ਏਕਤਾ ਦਾ ਸਬੂਤ ਦਿੰਦਿਆਂ ਇਕ-ਦੂਸਰੇ ਦੀ ਗੱਲ ਮੰਨਦੇ ਹੋਏ ਗੁਰਦੁਆਰਾ ਸਾਹਿਬ ਨੂੰ ਇਕ ਕਿਰਾਏ ਦੀ ਇਮਾਰਤ ਤੋਂ ਦੂਸਰੀ ਵਿੱਚ ਸਿਰਫ ਇਸ ਲਈ ਤਬਦੀਲ ਕੀਤਾ ਗਿਆ, ਕਿਉਂਕਿ ਕੁਝ ਸੰਗਤਾਂ ਦਾ ਬਹਾਨਾ ਲਾ ਪੰਬਧਕ ਵਿਰਾਂ ਵੱਲੋਂ ਗੁਰੂ ਘਰ ਸ਼ਹਿਰ ਤੋਂ ਥੋੜੀ ਦੂਰੀ ‘ਤੇ ਹੋਣ ਦਾ ਗਿਲ੍ਹਾ ਅਕਸਰ ਕੀਤਾ ਜਾਂਦਾ ਸੀ। ਅਸਲ ਕਾਰਣ ਸੀ ਕੀ ਮੈਟਰੋ ਇਨ੍ਹਾਂ ਵੀਰਾਂ ਦੇ ਘਰਾਂ ਤੋਂ ਚੱਲ ਕੇ ਨਵੇਂ ਥਾਂ ਉਸਾਰੇ ਗੁਰੂ ਘਰ ਤੱਕ ਪਹੁੰਚ ਕਰਦੀ ਸੀ। ਇਮਾਰਤ ਦੀ ਤਬਦੀਲੀ ਵਿੱਚ ਤਕਰੀਬਨ ਸੰਗਤਾਂ ਦਾ 15000 ਯੂਰੋ ਤੋਂ 20,000 ਯੂਰੋ ਦਾ ਨੁਕਸਾਨ ਹੋਇਆ ਹੋਵੇਗਾ, ਕਿਉਂਕਿ ਲੰਗਰ ਲਈ ਲਗਾਏ ਟੈਂਟ ਅਤੇ ਰਸੋਈ ਘਰ, ਬਾਥਰੂਮ, ਗੈਸ ਦੀ ਟੈਂਕੀ ਆਦਿ ਦਾ ਖਰਚਾ ਗੋਲਕ ਜਾਂ ਉਗਰਾਹੀ ਵਿਚੋਂ ਚੱਲਿਆ ਸੀ।
ਇਸ ਤੋਂ ਵੱਡੀ ਏਕਤਾ ਕੀ ਹੋਵੇਗੀ ਕੀ ਕਾਰਜਸ਼ੀਲ ਕਮੇਟੀ ਨੇ ਕੁਝ ਗੈਰ ਜਿੰਮੇਵਾਰ ਪ੍ਰਬੰਧਕਾਂ ਨੂੰ ਸੰਗਤ ਰੂਪ ਮੰਨ ਕੇ ਉਨ੍ਹਾਂ ਦੀ ਗੱਲ ‘ਤੇ ਫੁੱਲ ਚੜਾਉਂਦਿਆਂ ਸੰਗਤ ਦਾ ਤਕਰੀਬਨ 16 ਲੱਖ ਰੁਪਿਆ ਖੂਹ ਵਿਚ ਪਾ ਦਿੱਤਾ ਅਤੇ ਉਹੀ ਪ੍ਰਬੰਧਕ ਜਾਤੀਵਾਦ ਦਾ ਮਸਲਾ ਬਣਾ ਜੱਟ-ਲੁਬਾਣੇ-ਰਵੀਦਾਸੀਆਂ ਦੀਆਂ ਘੋੜੀਆਂ ਗਾਉਂਦੇ ਨਵਾਂ ਗੁਰੂ ਘਰ ਉਸਾਰ ਬੈਠ ਗਏ। ਕੀ ਅਜੇ ਵੀ ਇਹ ਸਮਝਿਆ ਜਾਵੇ ਕਿ ਗੁਰੂ ਘਰ ਧਰਮ ਪ੍ਰਚਾਰ ਅਤੇ ਆਤਮਿਕ ਸ਼ਾਂਤੀ ਦਾ ਕੇਂਦਰ ਹਨ?
ਅਸਲ ਵਿੱਚ ਜੇ ਪ੍ਰਬੰਧਕਾਂ ਦਾ ਧਿਆਨ ਬਾਣੀ ਵਿੱਚ ਹੋਵੇ ਤਾਂ ਸ਼ਾਇਦ ਹੀ ਕੋਈ ਸਮਾਜਿਕ ਜਾਂ ਅਸਮਾਜਿਕ ਮਸਲਾ ਗੁਰੂ ਘਰ ਦੀਆਂ ਕੰਧਾਂ ਅੰਦਰ ਦਾਖਲ ਹੋਵੇ, ਪਰ ਇਥੇ ਰੋਲਾ ਬਾਣੀ, ਬਾਣੇ ਅਤੇ ਵਰਤਣ ਦਾ ਨਹੀਂ ਸਗੋਂ ਨਿੱਜੀ ਹਉਮੇ ਨੂੰ ਪੱਠੇ ਪਾਉਣ ਦਾ ਹੈ।
ਜੇ ਆਪਸੀ ਏਕਤਾ ਰੱਖਣੀ ਹੁੰਦੀ ਅਤੇ ਭਾਈਚਾਕ ਸਾਂਝ ਦਾ ਸੰਦੇਸ਼ ਮਨ ਵਿੱਚ ਵਸਾਇਆ ਹੁੰਦਾ ਤਾਂ ਰੋਮ ਵਿੱਚ ਗੁਰਦੁਆਰੇ 2 ਤੋਂ 3 ਜਾਂ 4 ਨਹੀਂ ਹੁੰਦੇ। ਗੁਰੂ ਨਾਨਕ ਦਰਬਾਰ ਰੋਮਾ ਸਿਰਫ ਨਾਮ ਤੱਕ ਹੀ ਗੁਰੂ ਨਾਨਕ ਸਾਹਿਬ ਨਾਲ ਜੁੜਿਆ ਰਿਹਾ, ਇਸੇ ਕਰ ਕੇ ਇਸੇ ਨਾਮ ਤਹਿਤ ਰੋਮ ਦੇ ਦੂਸਰੇ ਗੁਰੂ ਘਰ ਦੀ ਉਸਾਰੀ ਹੋਈ।
ਪਹਿਲੇ ਗੁਰੂ ਨਾਨਕ ਦਰਬਾਰ ਵਿਚ ਆਪਸੀ ਭਾਈਚਾਰੇ ਦਾ ਸਬੂਤ ਉਸ ਵਕਤ ਵੀ ਦੇਖਣ ਨੂੰ ਮਿਲਿਆ ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਗੁਰੂ ਘਰ ਅੰਦਰ ਅੰਮ੍ਰਿਤਾ ਵਿਰਕ ਦਾ ਧਾਰਮਿਕ ਅਖਾੜਾ ਲੱਗਿਆ ਅਤੇ ‘ਜੋ ਬੋਲੇ ਸੋ, ਨਿਰਭੈ’ ਦੇ ਜਕਾਰਿਆ ਨਾਲ ਰੋਮ ਕ੍ਰਾਂਤੀਕਾਰੀ ਗੁਰੂ ਸਾਹਿਬ ਦੇ ਰੰਗ ਵਿੱਚ ਰੰਗਿਆ ਗਿਆ। ਸਵਾਲ ਇਹ ਹੈ ਕਿ ਜੇ ‘ਜੋ ਬੋਲੇ ਸੋ, ਨਿਰਭੈ’ ਨੂੰ ਰੋਮ ਦੀ ਸਮੂਹ ਸੰਗਤ ਨੇ ਮਨ ਵਿਚ ਵਸਾਇਆ ਸੀ ਅਤੇ ਗੁਰੂ ਘਰ ਦੀ ਪਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਸਾਹਿਬ ਦੀ ਸਾਂਝੀਵਾਲਤਾ ਨੂੰ ਮੁੱਖ ਰੱਖ ਏਕਤਾ ਦਾ ਸਬੂਤ ਦਿੱਤਾ ਸੀ ਤਾਂ ਕੀ ਕਾਰਣ ਸਨ ਕਿ ਤੀਸਰਾ ਗੁਰੂ ਘਰ ਉਸਾਰਿਆ ਗਿਆ?
ਜੇ ਇਸ ਨੂੰ ਬਰਾਦਰੀ ਦਾ ਨਾਂ ਦੇਈਏ ਤਾਂ ਇਹ ਗਲਤ ਹੋਵੇਗਾ, ਕਿਉਂਕਿ ਕੁਝ ਸਮਾਂ ਪਹਿਲਾਂ ਬਰਾਦਰੀ ਦੇ ਨਾਂ ‘ਤੇ ਵੱਖ ਹੋਏ ਗੁਰੂ ਵਿੱਚ ਵੀ ਕਮੇਟੀ ਅਤੇ ਹੋਰ ਪ੍ਰਬੰਧਕ ਵੀਰਾਂ ਵਿਚ ਵਫਾਦ ਦਾ ਮਸਲਾ ਬਣਿਆ ਜਿਸ ਦੇ ਚੱਲਦਿਆਂ ਇਕੋ ਕਸਬੇ ਵਿੱਚ 2 ਪ੍ਰੋਗਰਾਮ ਵਿੱਢੇ ਗਏ ਅਤੇ ਨਵੇਂ ਗੁਰੂ ਘਰ ਦੀ ਉਸਾਰੀ ਵੀ ਲਗਭਗ ਨੇਪਰੇ ਸੀ, ਜੇ ਮੌਜੂਦਾ ਪ੍ਰਬੰਧਕ ਕਮੇਟੀ ਪਿੱਛੇ ਨਾ ਹਟਦੀ। ਇਸ ਸਬ ਦੇ ਬਾਵਜੂਦ ਮਸਲਾ ਨਵੇਂ ਪ੍ਰਧਾਨ ਦੀ ਚੋਣ ਤੋਂ ਬਾਅਦ ਸੁਖਾਵਾਂ ਰੂਪ ਧਾਰਨ ਕਰ ਗਿਆ, ਇਸ ਨੂੰ ਸ਼ਾਇਦ ਸੂਝਵਾਨ ਪ੍ਰਬੰਧਕ ਵੀਰਾਂ ਦੀ ਦੂਰਨ ਦ੍ਰਿਸ਼ਟੀ ਹੀ ਕਹਾਂਗੇ ਕਿਉਂਕਿ ਨਹੀਂ ਤਾਂ ਸਵਾਲ ਹੋਰ ਵੀ ਬਹੁਤ ਉੱਭਰਨੇ ਸਨ।
ਜੇ ਮੁੱਦੇ ਤੋਂ ਨਾ ਭਟਕੀਏ ਤਾਂ ਬਿਹਤਰ ਹੋਵੇਗਾ। ਨਵੀਂ ਇਮਾਰਤ ਵਿੱਚ ਗੁਰੂ ਘਰ ਦੀ ਸਥਾਪਨਾ ਤੋਂ ਬਾਅਦ ਕੁਝ ਸੰਗਤਾਂ ਨੂੰ ਜਰੂਰ ਮੁਸ਼ਕਿਲ ਲੱਗਦਾ ਸੀ, ਪਰ ਸੰਗਤ ਦੀ ਸੁਣਦਾ ਕੌਣ ਹੈ, ਗੁਰੂ ਘਰ ਦੇ ਫੈਸਲੇ ਪ੍ਰਬੰਧਕਾਂ ਦੀ ਮਰਜੀ ਨਾਲ ਹੁੰਦੇ ਹਨ, ਜੋ ਸੰਗਤ ਲਈ ਮੰਨਣੇ ਗੁਰੂ ਦਾ ਹੁਕਮ ਕਹਿ ਕੇ ਝੋਲੀ ਪਾਏ ਜਾਂਦੇ ਨੇ।
ਇਹ ਸਿਰਫ ਗੁਰੂ ਨਾਨਕ ਦਰਬਾਰ ਰੋਮਾ ਦੀ ਗਾਥਾ ਨਹੀਂ, ਸਗੋਂ ਇਟਲੀ ਦੇ ਸਾਰੇ ਗੁਰਦੁਆਰਿਆਂ ‘ਤੇ ਵਿਚਾਰ ਚਰਚਾ ਹੋਣੀ ਲਾਜਮੀ ਹੈ। ਗੁਰੂ ਘਰਾਂ ਵਿਚ ਚੌਧਰ ਅਤੇ ਮਰਿਆਦਾ ਦੀ ਆੜ ਵਿੱਚ ਹੋਣ ਵਾਲੀ ਖਿਚੋਤਾਣ ਦੇ ਚੱਲਦਿਆਂ ਕਈ ਬੇਕਸੂਰ ਸੇਵਾਦਾਰ ਅਤੇ ਪ੍ਰਬੰਧਕ ਝੂਠੇ ਕੇਸਾਂ ਵਿਚ ਫਸਾ ਜੇਲਾਂ ਵਿਚ ਹੀ ਨਹੀਂ ਧੱਕੇ ਗਏ ਬਲਕਿ ਡਿਪੋਰਟ ਵੀ ਕਰਵਾਏ ਗਏ।
ਸ਼ਇਦ ਗੁਰੂ ਨਾਨਕ ਦਾ ਸੰਦੇਸ਼ ਇਹ ਤਾਂ ਨਹੀਂ ਸੀ? 
ਨਾ ਹੀ ਪੰਚਪ ਪਾਤਿਸ਼ਾਹ ਨੇ ਸਿੱਖਾਂ ਨੂੰ ਸਿੱਖ ਖਤਮ ਕਰਨ ਦਾ ਸੰਦੇਸ਼ ਦਿੱਤਾ ਹੋਣਾ? 
ਫੇਰ ਪਤਾ ਨਹੀਂ ਕਿਉਂ ਅੱਜ ਦਾ ਹਰ ਸਿੱਖ, ਸ਼ਕਲੋਂ ਹੀਂ ਨਹੀਂ ਸਗੋਂ ਅਕਲੋਂ ਵੀ ਸਿੱਖ ਨਾ ਹੋ ਕੇ ਔਰੰਗਜੇਬ ਬਨਣ ਨੂੰ ਉਤਾਰੂ ਹੈ।
ਮੱਸਾਰੰਗੜ ਦਾ ਸਿਰ ਕਲਮ ਕਰਨ ਵਾਲੀ ਕੌਮ ਦੇ ਵਾਰਸ ਅੱਜ ਬਲਾਤਕਾਰੀ ਸਾਧਾਂ ਦੀਆਂ ਘੋੜੀਆਂ ਬਣੇ ਹਨ ਅਤੇ ਢੋਲਕੀਆਂ ਕੁੱਟ-ਕੁੱਟ ਸਜਾ ਯਾਫਤਾ ਚਿੱਟ ਕਪੜੀਏ ਸਾਧਾਂ ਦੇ ਵਾਰਸ ਅਖਵਾਉਣ ਵਿੱਚ ਮਾਣ ਸਮਝਦੇ ਹਨ।
ਸੁਣਿਆ ਕਰਦੇ ਸਾਂ ਕਿ ਸਾਰਾ ਦਿਨ ਪਿਉ ਦੀ ਗੋਦੀ ਵਿਚ ਖੇਡਣ ਵਾਲਾ ਨਿਆਣਾ ਪਿਉ ਦੇ ਡਰ, ਖੌਫ ਅਤੇ ਸਤਿਕਾਰ ਤੋਂ ਲਾਂਭੇ ਹੋ ਜਾਂਦਾ ਹੈ। ਇਹੋ ਹਾਲ ਸਾਡੀ ਕੌਮ ਦਾ ਹੋ ਗਿਆ, ਪ੍ਰਬੰਧਕ, ਕਮੇਟੀਆਂ, ਤਨਖਾਹੀਏ ਪੁਜਾਰੀ ਬਹੁਤਾਤ ਵਿੱਚ ਗੁਰੂ ਦੇ ਭੈਅ ਤੋਂ ਪਰ੍ਹੇ ਹੋ ਚੁੱਕੇ ਹਨ ਅਤੇ ਸੰਗਤ ਨੂੰ ਗੁਰੂ ਦੇ ਸਤਿਕਾਰ ਨਾਲ ਜੋੜ੍ਹਨ ਦੀ ਬਜਾਇ ਭੈਅ ਵਿੱਚ ਜਿਉਣ ਲਈ ਮਜਬੂਰ ਕਰਦੇ ਹਨ। ਗੁੰਡਾਗਰਦੀ ਇਸ ਕਦਰ ਹਾਵੀ ਹੈ ਕਿ ਕਈ ਪ੍ਰਧਾਨ ਗੁਰੂ ਘਰ ਦੀਆ ਇਮਾਰਤਾਂ ਆਪਣੇ ਨਿੱਜੀ ਨਾਂ ਕਰਵਾਈ ਬੈਠੇ ਹਨ ਅਤੇ ਸੰਗਤ ਦਾ ਅਰਬਾਂ ਰੁਪਿਆ ਮੂਲਤਿਆਂ (ਜੁਰਮਾਨਿਆਂ) ਵਿੱਚ ਜਾਇਆ ਕਰ ਚੁੱਕੇ ਹਨ ਅਤੇ ਕਈਆਂ ਨੇ ਤਾਂ ਗੁਰੂ ਘਰ ਨਾਲ ਸਾਂਝੀ ਕੰਧ ਦੇ ਸਹਾਰੇ ਆਪਣੀ ਮੀਟ, ਸ਼ਰਾਬ, ਬੀੜੀਆਂ, ਜਰਦਾ ਵੇਚਣ ਦੇ ਅੱਡੇ ਵੀ ਖੋਲ੍ਹੇ ਹਨ।
ਜੇ ਇਨ੍ਹਾਂ ਨਾਲ ਕਦੇ ਚਰਚਾ ਕਰੀਏ ਤਾਂ ਜੁਆਬ ਹੁੰਦਾ ਹੈ ਕਿ ਪਰਿਵਾਰ ਪਾਲਣ ਲਈ ਕਿਰਤ ਕਰਨੀ ਗੁਰੂ ਨਾਨਕ ਸਾਹਿਬ ਨੇ ਸਿਖਾਇਆ ਹੈ।
ਇਨ੍ਹਾਂ ਨੂੰ ਕੋਈ ਪੁੱਛੇ ਕੀ ਇਹ ਕਾਰੋਬਾਰ ਕਰਨ ਵਾਲਾ ਹੀ ਪ੍ਰਧਾਨ ਕਿਉਂ? 
ਕਿਰਤ ਕਰਨ ਤੋਂ ਕੋਈ ਰੋਕ-ਟੋਕ ਨਹੀਂ, ਪਰ ਸ਼ਾਇਦ ਪ੍ਰਧਾਨਗੀ ਜੇ ਅਜਿਹਾ ਸਿੱਖ ਨਾ ਕਰੇ ਜੋ ਸ਼ਰਾਬ ਅਤੇ ਡਰਗਸ ਦੇ ਬਜਾਰ ਨਾਲ ਜੁੜਿਆ ਹੈ ਤਾਂ ਸਿੱਖ ਧਰਮ ਨੂੰ ਕੀ ਕੋਈ ਘਾਟਾ ਪੈ ਜਾਵੇਗਾ?
ਇਹ ਤਾਂ ਸਿਰਫ ਕੁਝ ਸਤਰਾਂ ਵਿਚ ਅੱਜ ਦੇ ਇਟਲੀ ਵਿਚ ਸਿੱਖਾਂ ਦੀਆਂ ਪ੍ਰਾਪਤੀਆ ਦੀ ਇਕ ਛੋਟੀ ਜਿਹੀ ਮਿਸਾਲ ਹੈ। ਇੱਥੇ ਤਾਂ ਅਜਿਹੇ ਵੀ ਸਿੱਖ ਪ੍ਰਧਾਨ ਰਹਿ ਚੁੱਕੇ ਹਨ ਜੋ ਸਿਰਫ ਆਪਣੀ ਚੌਧਰ ਅਤੇ ਮੀਡੀਆ ਵਿੱਚ ਸਰਗਰਮ ਰਹਿਣ ਲਈ ਕਦੇ ਹੈਲਮੇਟ, ਸ੍ਰੀ ਸਾਹਿਬ, ਦਸਤਾਰ, ਧਰਮ ਰਜਿਸਟ੍ਰੇਸ਼ਨ ਆਦਿ ਦੇ ਮਸਲੇ ਗਰਮ ਰੱਖਦੇ ਸੀ ਇਹ ਆਪਣੀਆਂ ਰੋਟੀਆ ਸੇਕਦੇ ਰਹੇ ਅਤੇ ਮੌਕਾ ਮਿਲਣ ‘ਤੇ ਸਵਿਸ, ਯੂਕੇ, ਕੈਨੇਡਾ ਨੂੰ ਰਾਤੋ ਰਾਤ ਖਿਸਕ ਗਏ। ਇਥੋਂ ਤੱਕ ਕਿ ਅਕਾਲੀ ਦਲ ਦਾ ਇਕ ਲਿਡਰ ਚੋਰੀ-ਚਕੋਰੀ ਵੀ ਖਿਸਕਿਆ ਜਿਹੜਾ ਹੁਣ ਇਟਲੀ ਵੱਲ ਨੂੰ ਮੂੰਹ ਵੀ ਨਹੀਂ ਕਰਦਾ। ਕਾਂਗਰਸ ਵਾਲੇ ਵੀ ਮਹੀਨੇ – ਮਹੀਨੇ ਦੇ ਪੇਅ ਰੋਲ ‘ਤੇ ਚਲਦੇ ਨੇ।
ਪਰ ਇਟਲੀ ਦੇ ਇਹਨਾਂ ਲੀਡਰਾਂ ਨੂੰ ਸਿੱਖ ਸੰਗਤ ਨਾਲ ਕੋਈ ਬਹੁਤੀ ਗਰਜ ਨਹੀਂ ਕਿਉਂਕਿ ਗਾਹੇ-ਵਗਾਹੇ ਇਨ੍ਹਾਂ ਦੂਜੇ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਟੱਟੂ ਸਜਾਇਆ।
ਵਪਾਰਕ ਖੇਤਰ ਵਿਚ ਅਸਫਲ ਹੋਈਆਂ ਜਿਣਸਾਂ ਅਤੇ ਦਾਜ-ਦਹੇਜ ਦੇ ਲੋਭੀ ਹਉਮੇ ਵਿੱਚ ਗ੍ਰਸਤ ਗੁਰੂ ਘਰ ਦੀਆਂ ਗੋਲਕਾਂ ਨੂੰ ਹਲਕੇ ਪਏ ਹਨ। ਗੁਰੂ ਦੀ ਗੋਲਕ-ਗਰੀਬ ਦਾ ਮੂੰਹ ਵਾਲੀ ਕੋਈ ਗੱਲ ਨਹੀਂ ਰਹੀ। ਹੁਣ ਤਾਂ ਗੁਰੂ ਦੀਆਂ ਗੋਲਕਾਂ ਚੌਧਰੀਆਂ ਦੇ ਨਿਆਣਿਆਂ ਦੀ ਜਿੰਦਗੀ ਬਸਰ ਕਰਨ ਦਾ ਸਾਧਨ ਬਣੀਆਂ ਹੋਈਆਂ ਹਨ। ਗੂਰੂ ਘਰ ਦੀਆਂ ਗੋਲਕਾਂ ਦੇ ਸਿਰ ‘ਤੇ ਇਟਲੀ ਦੇ ਸਿਆਸੀ ਖੇਮਿਆਂ ਵਿੱਚ ਆਪਣੀ ਚੜ੍ਹਤ ਬਨਾਉਣ ਵਿਚ ਲੱਗੇ ਜਾਂ ਨਸ਼ਿਆਂ ਦੇ ਵਪਾਰ ਚਲਾਉਣ ਵਾਲੇ ਅਤੇ ਪੈਸੇ ਨੂੰ ਵਿਆਜ ‘ਤੇ ਘੁੰਮਾਉਣ ਵਾਲੇ ਬਹੁਤੇ ਲੀਡਰ ਭਿਅੰਕਰ ਬਿਮਾਰੀਆਂ ਨਾਲ ਤਾਂ ਜੂਝ ਰਹੇ ਹਨ, ਪਰ ਸੁਰਤ ਆਉਣੀ ਅਜੇ ਬਾਕੀ ਹੈ ਕਿਉਂਕਿ ਜਿਵੇਂ ਜਿਕਰ ਕੀਤਾ ਸੀ ਕਿ ਬਹੁਤੇ ਬਾਪ ਦੇ ਨੇੜ੍ਹੇ ਰਹਿਣ ਵਾਲੇ ਕਦੇ-ਕਦੇ ਪਿਉ ਦੇ ਡਰ ਨੂੰ ਭੁੱਲ ਜਾਂਦੇ ਹਨ, ਪਰ ਕੁਦਰਤ ਦੀ ਮਾਰ ਤੋਂ ਬਹੁਤਾ ਚਿਰ ਬਚੇ ਰਹਿਣਾ ਵੀ ਨਾਮੁਮਕਿਨ ਹੈ।
ਰੋਮ ਗੁਰਦੁਆਰਾ ਮਸਲਾ ਵੀ ਇੰਨਾ ਸਾਰੀਆਂ ਸਿਆਸਤਾਂ ਦਾ ਸ਼ਿਕਾਰ ਰਿਹਾ। ਅਸਲ ਵਿਚ ਇਹ ਨੌਬਤ ਉਸ ਵਕਤ ਆਉਂਦੀ ਹੈ ਜਦੋਂ ਸੰਗਤ ਕੁਝ ਕਹਿਣ ਤੋਂ ਗੁਰੇਜ ਕਰਨ ਲੱਗੇ ਅਤੇ ਪ੍ਰਬੰਧਕ ਅਪਣੀ ਮਰਜੀ ‘ਤੇ ਉੱਤਰੇ ਹੋਣ।
 ਰੋਮ ਗੁਰੂ ਗਰ ਦੀ ਸੰਗਤ ਉਸ ਵਕਤ ਵਿਰੋਧ ਕਰ ਸਕਦੀ ਸੀ ਜਦੋਂ ਗੁਰੂ ਘਰ ਦਾ 20000 ਯੂਰੋ ਖੇਹ-ਖਰਾਬ ਕਰ ਕੇ ਪ੍ਰਬੰਧਕਾਂ ਦੀ ਸਹੂਲਤ ਲਈ ਗੁਰਦੁਆਰਾ ਪਾਰਕਿੰਗ ਸਮੇਤ 2000 ਸਕੁਏਅਰ ਮੀਟਰ ਤੋਂ 400 ਸਕੁਏਅਰ ਮੀਟਰ ਵਿੱਚ ਤਬਦੀਲ ਕੀਤਾ ਗਿਆ।
 ਦੂਸਰੀ ਵਾਰ ਵਿਰੋਧ ਕਰ ਸਕਦੀ ਸੀ ਜਦੋਂ ਜਾਤੀਵਾਦ ਨੂੰ ਅਧਾਰ ਬਣਾ ਗੁਰਦੁਆਰਾ ਵੱਖਰਾ ਬਨਾਉਣ ਦੀ ਨੀਂਹ ਰੱਖੀ ਗਈ। ਜੱਟਾਂ-ਲੁਬਾਣਿਆਂ ਦਾ ਪਾੜਾ ਪਾਉਣ ਵਾਲੇ ਚੰਦ ਲੋਕ ਸਿੱਖ ਕਹਾਉਣ ਦੇ ਲਾਇਕ ਹੀ ਨਹੀਂ ਹਨ। ਜਿਨ੍ਹਾਂ ਤੋਂ ਆਪਣੇ ਬੱਚਿਆਂ ਨੂੰ ਗੁਰਮੁਖੀ ਦਾ ਇਕ ਅੱਖਰ ਬੋਲਣਾ ਨਹੀਂ ਸਿਖਾਇਆ ਗਿਆ, ਉਹ ਇਹ ਜਰੂਰ ਸਿਖਾ ਗਏ ਕਿ ਸਿੱਖਾਂ ਵਿਚ ਜਾਤ-ਬਰਾਦਰੀ ਦਾ ਰੋਲਾ ਵੀ ਹੈ। ਗੁਰਬਾਣੀ ਨਾਲ ਜੋੜ੍ਹਨ ਦੀ ਬਜਾਇ ਬਰਾਦਰੀਆਂ ਨਾਲ ਜੋੜ੍ਹਨ ਨੂੰ ਤਰਜੀਹ ਦੇਣ ਵਾਲੇ ਉਹ ਲੋਕ ਹਨ, ਜਿਨ੍ਹਾਂ ਨੂੰ ਬਰਾਦਰੀ ਦੇ ਅਧਾਰ ‘ਤੇ ਵੰਡਣ ਦੀ ਆਦਤ ਹੈ। ਹੋ ਸਕਦਾ ਹੈ ਰੋਮ ਵਿੱਚ ਰਾਮਗੜ੍ਹੀਆ ਬਿਰਾਦਰੀ ਵੀ ਆਪਣਾ ਗੁਰਦੁਆਰਾ ਸਾਹਿਬ ਉਸਾਰਨ ਦੀ ਗੱਲ ਤੋਰਨ ਅਤੇ ਜੇ ਇੱਦਾਂ ਹੁੰਦਾ ਹੈ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਅਸੀਂ ਸਿੱਖ ਘੱਟ ਅਤੇ ਜੱਟ, ਲੁਬਾਣਾ, ਰਾਮਗੜੀਆ, ਮਜਬੀ, ਰਵੀਦਾਸੀਆ ਜਿਆਦਾ ਹਾਂ।
– ਵਿਰੋਧ ਤੀਸਰੀ ਵਾਰ ਵੀ ਹੋ ਸਕਦਾ ਸੀ ਜਦੋਂ ਸਹਿਜਧਾਰੀ ਸਿੱਖ ਨੂੰ ਗੁਰੂ ਘਰ ਦਾ ਪ੍ਰਧਾਨ ਬਨਾਉਣਾ ਪਿਆ। ਉਹ ਵੀ ਸਿਰਫ ਇਸ ਕਾਰਨ ਕਿ ਕੇਸਾਧਾਰੀ ਸਿੰਘ ਅਤੇ ਸਿੱਖੀ ਸਰੂਪ ਵਿਚ ਇਕ ਵੀ ਸਿੱਖ ਨੌਜਵਾਨ ਰੋਮ ਵਿਚ ਨਹੀਂ ਸੀ ਬਚਿਆ। ਸਵਾਲ ਇਹ ਹੈ ਜੇ ਸਿੱਖਾਂ ਦੀ ਗਿਣਤੀ ਵਿਚ ਕਮੀ ਆ ਰਹੀ ਸੀ ਤਾਂ ਗੁਰਦੁਆਰਿਆਂ ਦੀ ਗਿਣਤੀ ਵਿਚ ਹੋ ਰਿਹਾ ਵਾਧਾ ਗੁਰਦੁਆਰਿਆਂ ਦੀ ਕਾਰਗੁਜਾਰੀ ‘ਤੇ ਸਵਾਲੀਆ ਨਿਸ਼ਾਨ ਉਠਾਉਂਦਾ ਹੈ। ਸਵਾਲ ਇਹ ਵੀ ਹੈ ਕਿ ਜੇ ਕੋਈ ਸਿੱਖ ਨੌਜਵਾਨ ਨਹੀਂ ਸੀ ਬਚਿਆ ਤਾਂ ਪ੍ਰਧਾਨਗੀ ਲਈ ਕਿਸੇ ਬੀਬੀ ਦਾ ਨਾਂ ਪੇਸ਼ ਕਰਨ ਵਿੱਚ ਪ੍ਰਬੰਧਕੀ ਢਾਂਚਾ ਅਸਫਲ ਕਿਉਂ ਰਿਹਾ?
– ਚੌਥਾ ਵਿਰੋਧ ਉਦੋਂ ਬਣਦਾ ਸੀ ਜਦੋਂ 2 ਸਾਲ ਪਹਿਲਾਂ ਪ੍ਰਧਾਨ ਬਦਲੇ ਜਾਣ ‘ਤੇ ਗੁਰੂ ਘਰ ਦਾ ਕਿਰਾਏ ਦਾ ਕੰਟਰੈਕਟ ਬੰਦ ਕਰਵਾ ਦਿੱਤਾ ਜਾਂ ਖਤਮ ਹੋਇਆ ਕੰਟਰੈਕਟ ਚਾਲੂ ਨਹੀਂ ਕਰਵਾਇਆ।
ਇਟਲੀ ਦੇ ਕਾਨੂੰਨ ਮੁਤਾਬਕ ਜਿਸ ਸਮੇਂ ਦੌਰਾਨ ਇਹ ਕੰਟਰੈਕਟ ਨਹੀਂ ਸੀ ਅਤੇ ਗੁਰਦੁਆਰਾ ਸਾਹਿਬ ਗੈਰ ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ , ਜੇ ਉਸ ਵਕਤ ਪੁਲੀਸ ਕਿਸੇ ਕਾਰਨ ਚੈਕ ਕਰਨ ਆ ਜਾਂਦੀ ਤਾਂ ਸ਼ਾਇਦ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਰਨ ਦਾ ਮੌਕਾ ਵੀ ਨਹੀਂ ਸੀ ਦੇਣਾ ਅਤੇ ਗੁਰਦੁਆਰਾ ਸਾਹਿਬ ਸੀਲ ਕਰ ਦੇਣਾ ਸੀ।
ਕੀ ਸੰਗਤ ਵੱਲੋਂ ਇਹ ਸਵਾਲ ਉਸ ਵਕਤ ਦੇ ਪ੍ਰਬੰਧਕਾਂ ਨੂੰ ਨਹੀਂ ਬਣਦਾ? 
ਸਵਾਲ ਹੀ ਨਹੀਂ ਸਗੋਂ ਉਸ ਵਕਤ ਦੌਰਾਨ ਬਣੀ ਕਾਰਜਕਾਰੀ ਕਮੇਟੀ ‘ਤੇ ਕਾਨੂੰਨੀ ਕਾਰਵਾਈ ਇਟਲੀ ਵਿਚ ਅਤੇ ਸਿੱਖਾਂ ਦੀ ਸਰਵ ਉੱਚ ਅਦਾਲਤ ਅਕਾਲ ਤਖ਼ਤ ਵੱਲੋਂ ਬਣਦੀ ਹੈ ਅਤੇ ਅਜਿਹੇ ਪ੍ਰਬੰਧਕੀ ਢਾਂਚੇ ਨੂੰ ਅਕਾਲ ਤਖ਼ਤ ‘ਤੇ ਤਲਬ ਕਰਨਾ ਬਣਦਾ ਹੈ, ਜਿਨ੍ਹਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਕ ਗੈਰ ਕਾਨੂੰਨੀ ਇਮਾਰਤ ਵਿਚ ਰੱਖਿਆ ਗਿਆ ਅਤੇ ਸੰਗਤਾਂ ਨੂੰ ਹਨੇਰੇ ਵਿਚ ਰੱਖਿਆ।
ਸੰਗਤ ਇਸ ਖਿਲਾਫ ਲਾਮਬੰਦ ਹੋਵੇ ਅਤੇ ਕਾਨੂੰਨੀ ਪ੍ਰਕਿਰਿਆ ਸਾਂਝੇ ਤੌਰ ‘ਤੇ ਵਿੱਢੀ ਜਾਵੇ।
ਸਵਾਲਾਂ ਦੀ ਗਿਣਤੀ ਖਤਮ ਨਹੀਂ ਹੋਣੀ, ਪਰ ਇਹ ਸਵਾਲ ਨਿੱਜੀ ਨਹੀਂ ਸਗੋਂ ਸੰਗਤ ਵੱਲੋਂ ਬਣਦੇ ਸੀ। ਸੰਗਤ ਬਹੁਤਾਤ ਵਿੱਚ ਇਨਾ ਮਸਲਿਆਂ ਵਿੱਚ ਨਹੀਂ ਸੀ ਉਲਝਣਾ ਚਾਹੁੰਦੀ, ਕਿਉਂਕਿ ਇਹ ਉਹੀ ਸੰਗਤ ਸੀ ਜਿਨ੍ਹਾਂ ਨੂੰ ਲਾਦੀਸਪੋਲੀ ਗੁਰੂ ਘਰ ਵਿੱਚ ਗੰਦਲੀ ਭਾਸ਼ਾ ਅਤੇ ਗੁਰੂ ਦਾ ਨਿਰਾਦਰ ਸਹਿਣ ਦਾ ਅਭਿਆਸ ਹੋ ਚੁੱਕਾ ਸੀ। ਇਸੇ ਕਾਰਨ ਸੰਗਤ ਇਸ ਵਿਵਾਦ ਵਿੱਚ ਉਲਝਣ ਦੀ ਬਜਾਇ ਲੰਗਰ ਛਕ ਘਰਾਂ ਨੂੰ ਮੁੜਨ ਵਿਚ ਵਧੇਰਾ ਵਿਸ਼ਵਾਸ਼ ਰੱਖਦੀ ਰਹੀ।
ਸਲਾਨਾ ਪ੍ਰਧਾਨ ਬਦਲਣ ਦੀ ਪਿਰਤ ਤਹਿਤ ਬੀਤੇ 3 ਸਾਲਾਂ ਦੌਰਾਨ 2 ਪ੍ਰਧਾਨ ਆਪਣੀ – ਆਪਣੀ ਸੁਥਰੀ ਕਾਰਗੁਜਾਰੀ ਜਿਵੇਂ ਤਿਵੇਂ ਨਿਭਾਅ ਗਏ। ਜਦੋਂ ਮੁੜ ਪ੍ਰਧਾਨਗੀ ਦੀ ਚੌਥੀ ਵਾਰ ਚੋਣ ਦਾ ਮੋਕਾ ਆਏਆ ਤਾਂ ਸਰ ਸਮਤੀ ਨਾਲ ਨਵੀਂ ਕਮੇਟੀ ਦੀ ਚੋਣ ਹੋਈ। ਇਸ ‘ਤੇ ਵਿਵਾਦ ਹੋਇਆ ਅਤੇ ਵਿਰੋਧੀ ਧਿਰ ਵੱਲੋਂ ਸਹਿਜਧਾਰੀ ਸਿੱਖ ਨੂੰ ਪ੍ਰਧਾਨ ਬਨਾਉਣ ਦੀ ਮੰਗ ਮੁੜ ਜੋਰ ਫੜ੍ਹਨ ਲੱਗੀ। ਇਹ ਫੈਸਲਾ ਸੰਗਤ ਨੂੰ ਮਨਜੂਰ ਨਹੀਂ ਹੋਇਆ ਅਤੇ ਸੰਗਤ ਵੱਲੋਂ ਨਵੀਂ ਕਮੇਟੀ ਦੇ ਥਾਪੇ ਜਾਣ ‘ਤੇ ਵਿਰੋਧੀ ਧਿਰ ਆਪਣੀ ਸਹਿਨਸ਼ੀਲਤਾ ਗੁਆ ਬੈਠੀ ਅਤੇ ਵਿਵਾਦ ਨੂੰ ਹਵਾ ਦੇਣ ਦੇ ਕਈ ਹਥਕੰਡੇ ਅਪਣਾਏ ਗਏ।
ਆਪਸੀ ਵੱਖਵਾਦ ਦੀ ਇਕ ਹੋਰ ਅਜੀਬ ਮਿਸਾਲ ਇਹ ਦੇਖਣ ਨੂੰ ਮਿਲੀ ਕਿ ਜਿਸ ਧੜੇ ਵੱਲੋਂ ਕੁਝ ਸਾਲ ਪਹਿਲਾਂ ਗੁਰੂ ਘਰ ਵਿਚ ਜੱਟਾਂ ਅਤੇ ਲੁਬਾਣਿਆਂ ਦਾ ਮਸਲਾ ਉਭਾਰਿਆ  ਗਿਆ ਅਤੇ ਜੱਟਾਂ ਵੱਲੋਂ ਇਹ ਕਹਿ ਕੇ ਨਵਾਂ ਗੁਰੂ ਘਰ ਉਸਾਰਿਆ ਕਿ ਗੁਰੂ ਨਾਨਕ ਦਰਬਾਰ ਰੋਮਾ ਵਿਚ ਲੁਬਾਣੇ ਭਾਰੂ ਹਨ ਅਤੇ ਅੱਜ ਉਸੇ ਗੁਰੂ ਘਰ ਵਿਚ ਲੁਬਾਣਾ ਬਿਰਾਦਰੀ ਆਪਸ ਵਿਚ ਭਿੜ ਗਈ ਅਤੇ ਇਕ ਦੂਸਰੇ ਤੇ ਦੂਸ਼ਣ ਬਿਆਨਬਾਜੀ ਦਾਗਣ ਲੱਗੇ
ਕੀ ਅਜੇ ਵੀ ਸਮਝਿਆ ਜਾਵੇ ਕਿ ਗੁਰੂ ਘਰ ਬਿਰਾਦਰੀ ਦੇ ਅਧਾਰ ‘ਤੇ ਵੰਡੇ ਜਾਂਦੇ ਨੇ? ਜਾਂ ਚੌਧਰ ਦੀ ਭੁੱਖ ਦੇ ਚੱਲਦਿਆਂ !!!
ਨਵੇਂ ਪ੍ਰਧਾਨ ਦੀ ਚੋਣ ਤੋਂ ਬਾਅਦ ਜਦੋਂ ਸਪਸ਼ਟ ਹੋਇਆ ਕਿ ਗੁਰੂ ਘਰ ਬਿਨਾਂ ਸਰਕਾਰੀ ਮਨਜੂਰੀ / ਕੰਟਰੈਕਟ ਤੋਂ ਚਲਾਇਆ ਜਾ ਰਿਹਾ ਹੈ ਤਾਂ ਮੌਜੂਦਾ ਕਮੇਟੀ ਨੂੰ ਜਿੱਥੇ ਗੁਰੂ ਘਰ ਨੂੰ ਗੈਰ ਕਾਨੂੰਨੀ ਪ੍ਰਕਿਰਿਆ ‘ਚੋਂ ਬਾਹਰ ਕੱਢਣ ਲਈ ਹੱਥਾਂ-ਪੈਰਾਂ ਦੀ ਪੈ ਗਈ ਅਤੇ ਜੰਗੀ ਪੱਧਰ ‘ਤੇ ਉਪਰਾਲੇ ਆਰੰਭੇ ਗਏ। ਉਸੇ ਵਕਤ ਸ਼ਰਾਰਤੀ ਅਨਸਰਾਂ ਨੇ ਗੁਰੂ ਘਰ ਵਿੱਚ ਇਹ ਸੋਚ ਕੇ ਵਿਵਾਦ ਨੂੰ ਹਵਾ ਦੇਣੀ ਸ਼ੁਰੂ ਕੀਤੀ ਕਿ ਜੇ ਇਸ ਮੌਕੇ ਕਾਨੂੰਨੀ ਕਾਰਵਾਈ ਹੁੰਦੀ ਹੈ ਤਾਂ ਮੌਜੂਦਾ ਕਮੇਟੀ ਕਾਨੂੰਨੀ ਸ਼ਿਕੰਜੇ ਵਿਚ ਉਲਝੇਗੀ, ਜਿਸ ਦਾ ਫਾਇਦਾ ਸਿੱਧੇ-ਅਸਿੱਧੇ ਤੌਰ ‘ਤੇ ਵਿਰੋਧੀ ਧਿਰ ਨੂੰ ਮਿਲੇਗਾ ਅਤੇ ਬੀਤੇ ਸਮੇਂ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਗੁਰੂ ਸਥਾਨ ਦੀ ਗੱਲ ਸੰਗਤ ਵਿਚ ਉਭਰਨ ਤੋਂ ਬਚੇਗੀ।
ਇਸ ਦੌਰਾਨ ਇਕ ਹੈਰਾਨੀਜਨਕ ਭਾਣਾ ਵਰਤਿਆ, ਵਿਰੋਧੀ ਧਿਰ ਦੇ ਪਰਿਵਾਰਕ ਸਮਾਗਮ ਤੋਂ ਇਕ ਰਾਤ ਪਹਿਲਾਂ ਗੋਲਕ ਬਿਨਾਂ ਸੰਗਤ ਦੀ ਇਜਾਜਤ ਅਤੇ ਗੁਰੂ ਘਰ ਵਿਚ ਲੱਗੇ ਕੈਮਰਿਆਂ ਨੂੰ ਪੁੱਟਣ ਤੋਂ ਬਾਅਦ ਰਾਤ ਨੂੰ 9 ਵਜੇ ਖੋਲ੍ਹੀ ਜਾਂ ਤੋੜ੍ਹੀ ਗਈ ਇਹ ਮੁੱਦਾ ਅਣਗੌਲਿਆ ਕਰਨ ਵਾਲਾ ਨਹੀਂ ਸਗੋਂ ਵਿਚਾਰਨ ਵਾਲਾ ਵਿਸ਼ਾ ਹੈ।
ਉਸੇ ਰਾਤ ਇਸ ਘਟਨਾ ਨੂੰ ਅੰਜਾਮ ਦੇਣਾ ਕਿਉਂ ਜਰੂਰੀ ਹੋ ਗਿਆ ਸੀ ਜਿਸ ਰਾਤ ਪਰਿਵਾਰ ਵਿੱਚ ਖੁਸ਼ੀ ਅਤੇ ਸਮਾਗਮ ਦਾ ਮਾਹੌਲ ਸੀ? 
ਮੌਕਾ ਏ ਵਾਰਦਾਤ ‘ਤੇ ਪਹੁੰਚੀ ਮੌਜੂਦਾ ਕਮੇਟੀ ਅਤੇ ਵਿਰੋਧੀ ਧਿਰ ਵਿਚ ਬਹਿਸ ਮਗਰੋਂ ਪੁਲਿਸ ਨੇ ਵਿਚ ਪੈ ਬਚ-ਬਚਾਅ ਕੀਤਾ ਅਤੇ ਅਗਲੀ ਕਾਰਵਾਈ ਲਈ ਲਿਖਤੀ ਦਰਖ਼ਾਸਤ ਜਮਾਂ ਕਰਵਾਈ। ਮੌਕੇ ਦਾ ਨੋਟ ਲੈਂਦਿਆਂ ਪੁਲਿਸ ਨੇ ਗੁਰੂ ਘਰ ਦੀ ਮਨਜੂਰੀ ‘ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਤਾਲਾ ਲਾਉਣ ਦੀ ਤਾਕੀਦ ਕੀਤੀ। ਮੌਜੂਦਾ ਕਮੇਟੀ ਤੋਂ ਇਲਾਵਾ ਵਿਰੋਧੀ ਧਿਰ ਨੂੰ ਇਸ ਗੱਲ ਦਾ ਭਲੀਭਾਂਤੀ ਗਿਆਨ ਸੀ ਕਿ ਗੁਰੂ ਘਰ ਗੈਰਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਅਤੇ ਇਸ ਦੀ ਇਮਾਰਤ ਦਾ ਕੰਟਰੈਕਟ 1 ਨਵੰਬਰ 2018 ਨੂੰ ਸ਼ੁਰੂ ਹੋਣਾ ਹੈ। ਇਸ ਦੇ ਬਾਵਜੂਦ ਅਜਿਹੇ ਹਾਲਾਤ ਬਣਾਏ ਗਏ ਕਿ ਮੌਕਾ-ਏ-ਵਾਰਦਾਤ ‘ਤੇ ਪੁਲਿਸ ਪਹੁੰਚੀ ਅਤੇ ਧਾਰਮਿਕ ਸੰਸਥਾ ਦੀ ਮਨਜੂਰੀ ਨੂੰ ਲੈ ਕੇ ਸਵਾਲ ਉੱਠੇ ਜਿੰਨਾ ਦਾ ਨੋਟ ਅਜੇ ਸੰਗਤ ਅਤੇ ਸੁਸਰੀ ਦੀ ਨੀਂਦ ਸੁੱਤੀਆਂ ਇਟਲੀ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਲਿਆ ਜਾਣਾ ਬਾਕੀ ਹੈ।
ਗੈਰਕਾਨੂਨੀ ਢੰਗ ਨਾਲ ਚਲਾਏ ਜਾ ਰਹੇ ਗੁਰੂ ਘਰ ਲਈ ਜਿੰਮੇਵਾਰ ਚਿਹਰੇ ਨੰਗੇ ਹੋਣੇ ਲਾਜਮੀ ਹਨ ਨਹੀਂ ਤਾਂ ਗੁਰੂ ਘਰਾਂ ਵਿੱਚ ਇਕ ਦੂਸਰੇ ਦੀਆ ਦਸਤਾਰਾਂ ਲਹਿਣ ਉਪਰੰਤ ਬੂਟਾਂ ਸਮੇਤ ਦੀਵਾਨ ਹਾਲ ਅਤੇ ਸੱਚਖੰਡ ਵਿਚ ਦਾਖਲ ਹੁੰਦੀ ਪੁਲਿਸ ਨੂੰ ਰੋਕਣਾ ਮੁਸ਼ਕਿਲ ਹੋਵੇਗਾ।
ਗੁਰੂ ਨਾਨਕ ਦਰਬਾਰ ਰੋਮਾ ਵਿਚ ਇਹੋ ਇਕ ਕੰਮ ਵੱਖਰਾ ਹੋਇਆ ਕਿ ਦਸਤਾਰਾਂ ਲਹਿਣ, ਸਿਰ ਪਾਟਣ ਤੋਂ ਪਹਿਲਾਂ ਜਾਂ ਗੁਰੂ ਸਾਹਿਬ ਦੀ ਹਜੂਰੀ ਵਿੱਚ ਗਾਲਾਂ ਦਾ ਕੜਾਹ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਗੁਰੂ ਸਾਹਿਬ ਅਦਬ ਸਹਿਤ ਨੇੜ੍ਹਲੇ ਗੁਰੂ ਘਰ ਵਿੱਚ ਸੁਖਾਸਨ ਲਈ ਪਹੁੰਚਾਏ ਗਏ। 
ਕੀ ਇੱਥੇ ਵੀ ਸਵਾਲ ਬਣਦਾ ਹੈ ਕਿ ਬੇਅਦਬੀ ਤੋਂ ਪਹਿਲਾਂ ਕਿਉਂ ਪਹੁੰਚਾਏ? 
ਜਾਂ ਪੂਰਨ ਮਰਿਆਦਾ ਨਾਲ ਸਵੇਰ ਮੌਕੇ ਪਹੁੰਚਾਏ ਜਾਂਦੇ ਚਾਹੇ ਗੁਰੂ ਸਾਹਿਬ ਦੀ ਹਜੂਰੀ ਵਿਚ ਗਾਲੋ-ਗਾਲੀ ਹੋਣਾ ਪੈਂਦਾ? 
ਜਾਂ ਪਹਿਲਾਂ ਦਸਤਾਰਾਂ ਲਹਿੰਦੀਆਂ ਅਤੇ ਗੁਰਦੁਆਰਾ ਸਾਹਿਬ ਨੂੰ ਪੁਲਿਸ ਸੀਲ ਕਰਦੀ। ਜਿਸ ਉਪਰੰਤ ਬੇਸ਼ੱਕ 1 ਮਹੀਨੇ ਬਾਅਦ ਅਦਾਲਤ ਦੀ ਆਗਿਆ ਨਾਲ ਗੁਰੂ ਸਾਹਿਬ ਨੂੰ ਇਮਾਰਤ ਵਿਚੋਂ ਕੱਢਣ ਦੀ ਇਜਾਜਤ ਮਿਲਦੀ?
ਜੇ ਗੋਲਕ ਰਾਤ ਨੂੰ 9 ਵਜੇ ਬਿਨਾਂ ਸੰਗਤ ਤੋਂ ਟੁੱਟ ਜਾਂ ਖੁੱਲ੍ਹ ਸਕਦੀ ਹੈ ਤਾਂ ਗੁਰੂ ਸਾਹਿਬ ਜੀ ਦਾ ਸੁਖਾਸਨ ਅਦਬ ਸਹਿਤ ਰਾਤ ਨੂੰ ਕਰਨਾ ਜਾਂ ਦੂਸਰੇ ਗੁਰੂ ਘਰ ਪਹੁੰਚਾਉਣਾ ਗਲਤ ਹੈ?
ਸਵਾਲ ਬਹੁਤ ਨੇ ਜਵਾਬ ਸੰਗਤ ਹੀ ਲੈ ਸਕਦੀ ਹੈ।
ਵਿਚਾਰਯੋਗ ਹੈ ਕਿ ਇਹ ਰੋਮ ਦਾ ਕੋਈ ਪਹਿਲਾ ਗੁਰੂ ਘਰ ਨਹੀਂ ਜਿਥੇ ਚੌਧਰ ਦਾ ਵਿਵਾਦ ਉਪਜਿਆ ਹੈ। ਇਸ ਚੌਧਰ ਦੇ ਵਿਵਾਦ ਕਾਰਨ ਸਥਾਨਕ ਸ਼ਹਿਰ ਦੀਆਂ ਸੰਗਤਾਂ ਨੇ ਆਪਣੀ ਤਿੱਲ – ਫੁੱਲ ਸੇਵਾ ਦੇ 2007 ਵਿੱਚ  ਗੁਰੂ ਘਰ ਦੀ ਉਸਾਰੀ ਕੀਤੀ ਸੀ।
ਚੌਧਰੀਆਂ ਵੱਲੋਂ ਦੁਬਾਰਾ ਹੋਕਾ ਦਿੱਤਾ ਗਿਆ ਅਤੇ ਮੁੜ ਸੰਗਤ ਨੇ ਲੱਖਾਂ ਯੂਰੋ ਇਕੱਠੇ ਕਰ ਦਿੱਤੇ, ਤੀਜੀ ਵਾਰ ਅਤੇ ਫਿਰ ਚੌਥੀ ਵਾਰ ਇਹ ਦੁਹਰਾਇਆ ਗਿਆ। ਸੰਗਤ ਦਾ ਲੱਖਾਂ ਯੂਰੋ ਗੁਰੂ ਘਰ ਦੀਆਂ ਗੋਲਕਾਂ ਅਤੇ ਬੈਂਕ ਖਾਤਿਆ ਵਿਚ ਪਿਆ ਹੈ। ਕੱਲ ਨੂੰ ਜੇ ਪੰਜਵੇਂ ਗੁਰੂ ਘਰ ਦਾ ਹੋਕਾ ਦੇ ਦਿੱਤਾ ਜਾਵੇ ਤਾਂ ਉਸ ਨੂੰ ਬਨਣ ਵਿੱਚ ਸਮਾਂ ਨਹੀਂ ਲੱਗਣਾ, ਕਿਉਂਕਿ ਪ੍ਰਬੰਧਕਾਂ ਨੇ ਦੇਰ-ਸਵੇਰ ਆਪਣੇ ਲੱਗੇ ਪੈਸੇ ਸੇਵਾ-ਭੇਟਾ ਵਿਚੋਂ ਵਾਪਸ ਲੈ ਲੈਣੇ ਨੇ ਅਤੇ ਸੰਗਤ ਦੀ ਭੇਟਾ ‘ਤੇ ਚੌਧਰੀ ਬਣ ਬੈਠਣਾ।
ਹੁਣ ਵੇਲਾ ਹੈ ਇਸ ਪਿਰਤ ‘ਤੇ ਰੋਕ ਲਾਉਣ ਦਾ। ਜਦੋਂ ਤੱਕ ਵਿਸ਼ਰਾਮ ਨਾ ਲੱਗੇ, ਉਨੀਂ ਦੇਰ ਗੱਲ ਕਿਸੇ ਪਾਸੇ ਲੱਗਣੀ ਨਹੀਂ।
ਦਾਨ ਹੈ ਭੁੱਖੇ ਨੂੰ ਰੋਟੀ ਦਾ, 
ਅਗਿਆਨੀ ਨੂੰ ਗਿਆਨ ਦਾ ਅਤੇ ਬੇਰੁਜਗਾਰ ਨੂੰ ਰੁਜਗਾਰ ਦਾ
ਜੇ ਇਸ ਮਾਰਗ ‘ਤੇ ਚੱਲ ਸਕਦੇ ਹਾਂ ਤਾਂ ਬਿਹਤਰ ਹੈ ਨਹੀਂ ਤਾਂ ਗੁਰੂ ਸਾਹਿਬ ਦੀ ਆੜ ਵਿੱਚ ਸੰਗਤ ਦੇ ਪੈਸੇ ਨਾਲ ਇਮਾਰਤਾਂ ਬੁਲੰਦ ਕਰਨ ਦਾ ਕੋਈ ਲਾਹਾ ਨਹੀਂ। ਸੰਗਤ ਵੀ ਸੁਚੇਤ ਹੋਵੇ, ਕਿਉਂਕਿ ਚਾਹ-ਪਕੌੜਿਆਂ ਅਤੇ ਮਿੱਠੇ ਸੇਵਨ ਜਾਂ 36 ਪ੍ਰਾਕਰ ਦੇ ਭੋਜਨ ਗੁਰੂ ਘਰਾਂ ਵਿਚ ਸੰਗਤ ਦੇ ਸਹਿਯੋਗ ਨਾਲ ਚੱਲਦੇ ਹਨ, ਜਿਨਾਂ ਦੇ ਸਹਾਰੇ ਇਟਲੀ ਦੇ ਕਈ ਪ੍ਰਧਾਨਾਂ ਦੀ ਦੁਕਾਨਦਾਰੀ (ਰਾਸ਼ਨ ਪਾਣੀ) ਵੀ ਚੱਲਦੀ ਹੈ। ਇਸ ਲਈ ਜਾਗਰੂਕ ਹੋਵੋ ਅਤੇ ਗੁਰੂ ਸ਼ਬਦ ਦੇ ਗਿਆਨ ਦੀ ਮੰਗ ਕਰਨੀ ਸ਼ੁਰੂ ਕਰੋ ਨਾ ਕਿ ਲੰਗਰ ਵਿਚ ਸਿਰਫ ਭੋਜਨ ਪ੍ਰਾਪਤੀ ਤੱਕ ਸੀਮਤ ਹੋਵੋ।
ਜਿੰਨੀ ਦੇਰ ਸੰਗਤ ਜਾਗਰੂਕ ਨਹੀਂ ਹੁੰਦੀ, ਉਨੀਂ ਦੇਰ ਸੰਗਤ ਦੇ ਚੜਾਵੇ ਦਾ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਵਲੋਂ ਹੁੰਦਾ ਦੁਰਉਪਯੋਗ ਬਰਕਰਾਰ ਰਹੇਗਾ।

ਸੋ ”ਜਾਗੋ ਸਿੱਖੋ!”

-ਚੂੰਡੀਵੱਢ

ਮਾਨਸਾ ਦੇ ਨੌਜਵਾਨ ਨੇ ਦੇਸ਼ ਦੀ ਫੁੱਟਬਾਲ ਟੀਮ ‘ਚ ਜਗ੍ਹਾ ਬਣਾ ਕੇ ਕੀਤਾ ਨਾਮ ਰੌਸ਼ਨ

ਰਵੀ ਸੰਧੂ ਨੂੰ ਪੁੱਤਰ ਦੀ ਦਾਤ ‘ਤੇ ਸੱਜਣਾਂ ਮਿੱਤਰਾਂ ਦਿੱਤੀਆਂ ਵਧਾਈਆਂ