in

ਰਾਜਦੀਪ ਕੌਰ ਤੇਲ ਟੈਂਕਰ ਦੀ ਡਰਾਇਵਰ ਬਣ ਇਟਲੀ ਦੀਆਂ ਪ੍ਰਵਾਸੀ ਔਰਤਾਂ ਲਈ ਬਣੀ ਮਿਸਾਲ

ਰੋਮ (ਇਟਲੀ) (ਦਲਵੀਰ ਕੈਂਥ) – ਰੀਝਾਂ ਨੂੰ ਮਾਰ ਕੇ ਕੋਈ ਜਿਉਣਾ ਨਹੀਂ ਹੁੰਦਾ ਜੇਕਰ ਜਿੰਦਗੀ ਜਿਉਣੀ ਚਾਹੁੰਦੇ ਹੋ ਤਾਂ ਜੋ ਸੁਪਨੇ ਤੁਸੀ ਦੇਖਦੇ ਹੋ ਜਾਂ ਜਿਹੜੇ ਸੁਪਨੇ ਤੁਹਾਨੂੰ ਸੌਣ ਨਹੀਂ ਦਿੰਦੇ ਉਹਨਾਂ ਸੁਪਨਿਆਂ ਨੂੰ ਉਹਨਾਂ ਰੀਝਾਂ ਨੂੰ ਸੱਚ ਕਰਨ, ਹਕੀਕਤ ਬਣਾਉਣ ਲਈ ਸੰਘਰਸ਼ ਕਰੋ, ਦੁਨੀਆ ਨੂੰ ਦਿਖਾਓ ਕਿ ਜੇਕਰ ਇਨਸਾਨ ਦੇ ਇਰਾਦੇ ਬੁਲੰਦ ਤੇ ਦ੍ਰਿੜ ਹੋਣ ਤਾਂ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ। ਇਹ ਅਲਫਾਜ਼ ਹਨ ਇੰਡੀਆ ਦੀ ਉਸ ਧੀ ਰਾਜਦੀਪ ਕੌਰ ਦੇ ਜਿਹੜੀ ਕਿ ਪੰਜਾਬ ਦੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨੰਦਪੁਰ ਕਲੋੜ ਵਿਖੇ ਕਰਮ ਸਿੰਘ ਤੇ ਬੀਬੀ ਜਸਪਾਲ ਕੌਰ ਦੇ ਘਰ ਜਨਮੀ। ਜਿਸ ਨੂੰ ਖੇਤੀਬਾੜੀ ਨਾਲ ਸੰਬਧਤ ਮਸ਼ੀਨਰੀ ਚਲਾਉਣ ਦਾ ਸ਼ੌਂਕ ਬਚਪਨ ਤੋਂ ਹੀ ਸੀ, ਇਸ ਸ਼ੌਂਕ ਨੇ ਉਸ ਨੂੰ ਅੱਜ ਇਟਲੀ ਦੀ ਪਹਿਲੀ ਅਜਿਹੀ ਪੰਜਾਬਣ ਬਣਾ ਦਿੱਤਾ ਹੈ, ਜਿਹੜੀ ਲੰਬਾਰਦੀਆ, ਏਮਿਲੀਆ ਰੋਮਾਨਾ ਤੇ ਕਈ ਹੋਰ ਇਲਾਕਿਆਂ ਵਿੱਚ ਤੇਲ (ਪੈਟਰੋਲ, ਡੀਜ਼ਲ) ਦੇ ਟੈਂਕਰ ਦੀ ਡਰਾਇਵਰ ਬਣ ਪੈਟਰੋਲ ਪੰਪਾਂ ਉੱਪਰ ਤੇਲ ਦੀ ਸਪਲਾਈ ਪਹੁੰਚਾਉਣ ਦਾ ਜੋਖ਼ਮ ਭਰਿਆ ਕੰਮ ਕਰਦੀ ਹੈ, ਜਦੋਂ ਕਿ ਇਸ ਖੇਤਰ ਵਿੱਚ ਖਤਰੇ ਵਾਲਾ ਕੰਮ ਹੋਣ ਕਾਰਨ ਇਟਾਲੀਅਨ ਕੁੜੀਆਂ ਨਾਂਹ ਦੇ ਬਰਾਬਰ ਹਨ।
ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਆਪਣੀ ਸੰਘਰਸ਼ ਭਰੀ ਕਾਮਯਾਬੀ ਦੀ ਗੱਲ ਕਰਦਿਆਂ ਰਾਜਦੀਪ ਕੌਰ (ਜਿਹੜੀ ਕਿ ਹਰਜਿੰਦਰ ਸਿੰਘ ਨਾਲ ਵਿਆਹ ਕਰਵਾ ਸੰਨ 2006 ਵਿੱਚ ਇਟਲੀ ਆਈ ਨੇ ਕਿਹਾ ਕਿ, ਪਹਿਲਾ-ਪਹਿਲ ਉਸ ਨੇ ਫੈਕਟਰੀ ਵਿੱਚ ਕੰਮ ਕੀਤਾ, ਫਿਰ ਹਸਪਤਾਲ ਵਿੱਚ ਵਾਰਡ ਸਹਿਯੋਗੀ ਵਜੋਂ ਵੀ ਸੇਵਾਵਾਂ ਦਿੱਤੀਆਂ, ਪਰ ਉਸ ਨੂੰ ਉਹ ਸਕੂਨ ਨਹੀਂ ਮਿਲਿਆ, ਜਿਹੜਾ ਕਿ ਉਹ ਕੁਝ ਵੱਖਰਾ ਕਰ ਹਾਸਲ ਕਰਨਾ ਚਾਹੁੰਦੀ ਸੀ, ਫਿਰ ਉਸ ਨੇ ਸੋਸ਼ਲ ਮੀਡੀਏ ਉੱਪਰ ਕੈਨੇਡਾ ਦੀ ਇੱਕ ਕੁੜੀ ਨੂੰ ਟਰੱਕ ਚਲਾਉਂਦਿਆ ਦੇਖਿਆ, ਬੱਸ ਫਿਰ ਕੀ ਸੀ, ਰਾਜਦੀਪ ਕੌਰ ਨੂੰ ਮੰਜ਼ਿਲ ਮਿਲ ਗਈ. ਉਸ ਨੇ ਕੈਨੇਡਾ ਦੀ ਪੰਜਾਬਣ ਨੂੰ ਆਪਣਾ ਮਾਰਗ ਦਰਸ਼ਕ ਮਨ ਟਰੱਕ ਡਰਾਇਵਰ ਬਣਨ ਲਈ ਨਵੀਆਂ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਖੇਤਰ ਵਿੱਚ ਚਾਹੇ ਉਸ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ, ਪਰ ਪਤੀ ਹਰਜਿੰਦਰ ਸਿੰਘ ਤੇ ਪਰਿਵਾਰ ਦੀ ਪ੍ਰੇਰਨਾ ਸਦਕੇ ਅੱਜ ਰਾਜਦੀਪ ਕੌਰ ਉਸ ਮੁਕਾਮ ਉੱਪਰ ਪਹੁੰਚ ਹੀ ਗਈ ਜਿਹੜਾ ਕਦੀਂ ਉਸ ਲਈ ਸਿਰਫ਼ ਸੁਪਨਾ ਸੀ, ਤੇ ਅੱਜ ਉਹ ਇਟਲੀ ਦੀਆਂ ਪ੍ਰਵਾਸੀ ਔਰਤਾਂ ਲਈ ਕਾਮਯਾਬੀ ਦੀ ਇੱਕ ਮਿਸਾਲ ਹੈ।
7 ਫਰਵਰੀ ਨੂੰ ਰਾਜਦੀਪ ਕੌਰ ਆਪਣਾ ਜਨਮ ਦਿਨ ਮਨਾਉਂਦੇ ਹੋਏ ਇਟਲੀ ਦੀਆਂ ਉਹਨਾਂ ਤਮਾਮ ਪੰਜਾਬਣਾਂ ਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਜਿੰਦਗੀ ਵਿੱਚ ਕਾਮਯਾਬ ਹੋਣ ਦਾ ਮੌਕਾ ਦੇਰ ਸਵੇਰ ਵਾਹਿਗੁਰੂ ਸਭ ਨੂੰ ਦਿੰਦਾ ਜਰੂਰ ਹੈ, ਪਰ ਮਿਹਨਤ, ਸੰਘਰਸ਼ ਤੇ ਬੁਲੰਦ ਇਰਾਦਿਆਂ ਨਾਲ ਹਾਸਲ ਕੀਤੀ ਕਾਮਯਾਬੀ ਦਾ ਕੀ ਆਨੰਦ ਹੈ? ਇਹ ਉਹੀ ਸਮਝ ਸਕਦਾ ਜਿਸ ਨੇ ਬਿਨ੍ਹਾਂ ਰੁਕੇ ਬਿਨ੍ਹਾਂ ਝੁਕੇ ਹੱਡ ਭੰਨਵੀਂ ਮਿਹਨਤ ਕਰ ਕਾਮਯਾਬੀ ਹਾਸਲ ਕੀਤੀ ਹੋਵੇ। ਇਸ ਲਈ ਪੰਜਾਬ ਤੋਂ ਇਟਲੀ ਆਕੇ ਸੌਖਾ ਨਹੀਂ ਵੱਖਰੀ ਪਹਿਚਾਣ ਬਣਾਉਣੀ ਬੱਸ ਸੰਘਰਸ਼ ਤੇ ਮਿਹਨਤ ਕਰਦੇ ਰਹੋ, ਅਕਾਲ ਪੁਰਖ ਸਭ ਨੂੰ ਬੁਲੰਦੀ ਬਖ਼ਸੇਗਾ!
ਰਾਜਦੀਪ ਕੌਰ ਦੀ ਕਈ ਸਾਲ ਕੀਤੀ ਮਿਹਨਤ ਦਾ ਵਕਤ ਨੇ ਅੱਜ ਮੁੱਲ ਪਾ ਦਿੱਤਾ ਹੈ ਤੇ ਬਾਕੀ ਉਹਨਾਂ ਸਭ ਪ੍ਰਵਾਸੀ ਔਰਤਾਂ ਨੂੰ ਵੀ ਕਾਮਯਾਬੀ ਜ਼ਰੂਰ ਮਿਲੇਗੀ, ਜਿਹੜੀਆਂ ਕੁਝ ਵੱਖਰਾ ਕਰਨ ਦੇ ਸੁਪਨੇ ਦੇਖ ਦਿਨ-ਰਾਤ ਮਿਹਨਤ ਮੁਸ਼ੱਕਤ ਕਰ ਰਹੀਆਂ ਹਨ।
ਦੱਸਣ ਯੋਗ ਹੈ ਕਿ ਇਸ ਸਮੇਂ ਇਟਲੀ ਵਿੱਚ ਭਾਰਤੀਆਂ ਦੀ ਕਾਮਯਾਬੀ ਦਾ ਜ਼ਿਕਰ ਹਰ ਖੇਤਰ ਵਿੱਚ ਜ਼ੋਰ ਫੜ੍ਹਦਾ ਜਾ ਰਿਹਾ ਹੈ, ਜਿਹੜਾ ਕਿ ਚੰਗਾ ਆਗਾਜ਼ ਮੰਨਿਆ ਜਾ ਰਿਹਾ ਹੈ, ਹੁਣ ਉਹ ਦਿਨ ਦੂਰ ਨਹੀਂ ਜਦੋਂ ਅਮਰੀਕਾ-ਕੈਨੇਡਾ ਦੀ ਤਰ੍ਹਾਂ ਇਟਲੀ ਦੇ ਭਾਰਤੀਆਂ ਦਾ ਵੀ ਮਾਣਮੱਤਾ ਇਤਿਹਾਸ ਹੋਵੇਗਾ!

Name Change / Cambio di Nome

ਸਿੱਖ ਆਗੂ ਅਤੇ ਟਰਾਂਸਪੋਰਟਰ ਹਰਪਾਲ ਸਿੰਘ ਦਾ ਕਤਲ