in

ਸਾਹਿਤ ਸੁਰ ਸੰਗਮ ਸਭਾ ਵੱਲੋਂ ਕਰਵਾਇਆ ਗਿਆ ਤੀਸਰਾ ਸਾਹਿਤਕ ਸਾਂਝ ਸੰਮੇਲਨ ਯਾਦਗਾਰੀ ਹੋ ਨਿੱਬੜਿਆ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਸਾਹਿਤਕ ਸੰਮੇਲਨਾਂ ਦੀ ਅਗਲੀ ਲੜੀ ਵਿੱਚ ਤੀਸਰਾ ਸਾਂਝ ਸੰਮੇਲਨ ਵੈਬੀਨਾਰ ਦੇ ਜ਼ਰੀਏ ਕੀਤਾ ਗਿਆ। ਜਿਸ ਵਿੱਚ ਸੁਰਿੰਦਰ ਸਿੰਘ ਨੇਕੀ ਦੇ ਨਾਵਲ “ਮਾਨਸ ਕੀ ਜਾਤਿ” ਅਤੇ ਗੁਰਪ੍ਰੀਤ ਬੋੜਾਵਾਲ ਦੇ ਕਾਵਿ ਸੰਗ੍ਰਹਿ “ਮਾਤੇਸ਼ਵਰੀ” ਉੱਪਰ ਵਿਚਾਰ ਚਰਚਾ ਕੀਤੀ ਗਈ। ਇਹ ਸਮਾਗਮ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਵਿੱਚ ਸੰਪੰਨ ਹੋਇਆ ਅਤੇ ਇਸ ਸਮਾਗਮ ਵਿੱਚ ਸਿਰਜਣਾ ਕੇਂਦਰ ਕਪੂਰਥਲਾ ਦੇ ਪ੍ਰਧਾਨ ਡਾ: ਆਸਾ ਸਿੰਘ ਘੁੰਮਣ ਅਤੇ ਬਹੁਪੱਖੀ ਲੇਖਕ ਐੱਸ ਅਸ਼ੋਕ ਭੌਰਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ। ਸਮਾਗਮ ਦੇ ਪਹਿਲੇ ਭਾਗ ਵਿੱਚ ਸੁਰਿੰਦਰ ਸਿੰਘ ਨੇਕੀ ਦੇ ਨਾਵਲ “ਮਾਨਸ ਕੀ ਜਾਤਿ” ਤੇ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਦਸੂਹਾ ਨੇ ਪਰਚਾ ਪੜਿਆ। ਜਿਸ ਵਿੱਚ ਉਹਨਾਂ ਨੇ ਨਾਵਲ ਸਭ ਪੱਖਾਂ ਉੱਪਰ ਖੁੱਲ ਕੇ ਗੱਲਬਾਤ ਕੀਤੀ। ਇਸ ਤੋਂ ਬਾਅਦ ਇਸੇ ਨਾਵਲ ਤੇ ਬਿੰਦਰ ਕੋਲੀਆਂਵਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਾਵਲ ਦੇ ਚੰਗੇ ਪੱਖਾਂ ਨੂੰ ਮੂਹਰੇ ਰੱਖ ਕੇ ਰਹਿ ਗਈਆਂ ਕਮੀਆਂ ਨੂੰ ਵੀ ਬਾਖੂਬੀ ਬਿਆਨ ਕੀਤਾ। ਪਹਿਲੇ ਭਾਗ ਦੇ ਅਖੀਰ ਵਿੱਚ ਨਾਵਲਕਾਰ ਸੁਰਿੰਦਰ ਸਿੰਘ ਨੇਕੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਨਾਵਲ ਨੂੰ ਲਿਖਣ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਦੂਸਰੇ ਭਾਗ ਵਿੱਚ ਗੁਰਪ੍ਰੀਤ ਬੋੜਾਵਾਲ ਦੇ ਕਾਵਿ ਸੰਗ੍ਰਹਿ “ਮਾਤੇਸ਼ਵਰੀ” ਉੱਪਰ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਡਾ ਸਰਬਜੀਤ ਸਵਾਮੀ ਨੇ ਗੁਰਪ੍ਰੀਤ ਦੀ ਕਵਿਤਾ ਉੱਪਰ ਬੜੀ ਸੰਜੀਦਗੀ ਨਾਲ ਵਿਚਾਰ ਕੀਤੀ। ਇਸ ਦੇ ਬਾਅਦ ਕਵੀ ਗੁਰਪ੍ਰੀਤ ਬੋੜਾਵਾਲ ਨੇ “ਮਾਤੇਸ਼ਵਰੀ” ਕਾਵਿ ਸੰਗ੍ਰਹਿ ਬਾਰੇ ਜਾਣਕਾਰੀ ਸਭ ਨਾਲ ਸਾਂਝੀ ਕੀਤੀ। ਡਾ: ਆਸਾ ਸਿੰਘ ਘੁੰਮਣ ਨੇ ਨਾਵਲ “ਮਾਨਸ ਕੀ ਜਾਤਿ” ਅਤੇ ਕਾਵਿ ਸੰਗ੍ਰਹਿ “ਮਾਤੇਸ਼ਵਰੀ” ਦੇ ਲੇਖਕਾਂ ਨੂੰ ਜਿੱਥੇ ਵਧਾਈ ਦਿੱਤੀ, ਉੱਥੇ ਉਹਨਾਂ ਨੇ ਸਾਹਿਤ ਰਚਨਾ ਬਾਰੇ ਵੀ ਅਰਥ ਭਰਪੂਰ ਜਾਣਕਾਰੀ ਦਿੱਤੀ। ਇਸ ਤੋਂ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਦੋਵਾਂ ਕਿਤਾਬਾਂ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਸਮਾਗਮ ਵਿੱਚ ਹਾਜਰ ਡਾ: ਐਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਵਿਸ਼ੇਸ਼ ਮਹਿਮਾਨ ਐਸ ਅਸ਼ੋਕ ਭੌਰਾ ਨੇ ਇਸ ਸਮੇਂ ਬੋਲਦੇ ਹੋਏ ਸਾਹਿਤ ਸੁਰ ਸੰਗਮ ਸਭਾ ਵੱਲੋਂ ਵਿਦੇਸ਼ ਵਿੱਚ ਪੰਜਾਬੀ ਸਾਹਿਤ ਦੀ ਉੱਨਤੀ ਲਈ ਪਾਏ ਜਾ ਰਹੇ ਯੋਗਦਾਨ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਇਸ ਤੋਂ ਬਾਅਦ ਸੰਚਾਲਕ ਦਲਜਿੰਦਰ ਰਹਿਲ ਨੇ ਕਵੀ ਦਰਬਾਰ ਦਾ ਆਯੋਜਨ ਸ਼ੁਰੂ ਕੀਤਾ। ਜਿਸ ਵਿੱਚ ਹਾਜਰ ਕਵੀਆਂ ਨੇ ਹਾਜਰੀ ਲਗਵਾਈ ਜਿਹਨਾਂ ਸਿੱਕੀ ਝੱਜੀ ਪਿੰਡ ਵਾਲਾ, ਕੁਲਵੰਤ ਕੌਰ ਢਿੱਲੋਂ ਪ੍ਰਧਾਨ ਸਾਹਿਤ ਕਲਾ ਕੇਂਦਰ ਸਾਊਥਹਾਲ, ਮਲਕੀਤ ਸਿੰਘ ਧਾਲੀਵਾਲ ਸਰਪ੍ਰਸਤ ਸਾਹਿਤ ਸੁਰ ਸੰਗਮ ਸਭਾ ਇਟਲੀ, ਮੇਜਰ ਸਿੰਘ ਖੱਖ, ਬਿੰਦਰ ਕੋਲੀਆਂਵਾਲ, ਗੁਰਪ੍ਰੀਤ ਬੋੜਾਵਾਲ, ਸੋਹੀ ਜੋਤ, ਬਲਵਿੰਦਰ ਸਿੰਘ ਚਾਹਲ, ਭੈਣ ਸ਼ਿਵਨੀਤ, ਦਲਜਿੰਦਰ ਰਹਿਲ ਨੇ ਭਰਪੂਰ ਹਾਜਰੀ ਲਵਾਈ। ਹੋਰਨਾਂ ਤੋਂ ਇਲਾਵਾ ਇਸ ਸਾਂਝ ਸੰਮੇਲਨ ਵਿਚ ਪਟਿਆਲਾ ਯੂਨੀਵਰਸਿਟੀ ਤੋਂ ਡਾ: ਮੁਹੰਮਦ ਇਦਰੀਸ ਅਤੇ ਦਿੱਲੀ ਤੋਂ ਡਾ ਸਿਮਰਨ ਸੇਠੀ ਜੀ ਵੀ ਹਾਜਰ ਸਨ। ਸਮਾਗਮ ਦੀ ਸੰਚਾਲਨਾ ਦਲਜਿੰਦਰ ਰਹਿਲ ਵੱਲੋਂ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ, ਅਤੇ ਇਹ ਸਾਹਿਤਕ ਸਾਂਝ ਸੰਮੇਲਨ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ।

ਸਾਹਿਤਕਾਰ ਨਰਿੰਦਰ ਸਿੰਘ ਦੀ ਕਿਤਾਬ “ਚਾਨਣ ਕਣੀਆਂ ਨੂੰ ਵਿਦੇਸ਼ਾਂ ਤੋਂ ਵੀ ਮਿਲਿਆ ਹੁੰਗਾਰਾ

ਭਾਰਤੀ ਅਤੇ ਅਲਬਾਨੀਆਂ ਦੇ ਵਿਅਕਤੀਆਂ ਵਿਚ ਲੜਾਈ, ਤਿੰਨ ਜ਼ਖਮੀ