ਧਾਰਮਿਕ, ਖੇਡ ਕਲੱਬ, ਸਮਾਜ ਸੇਵੀ ਸੰਸਥਾਵਾਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
ਰੋਮ (ਇਟਲੀ) (ਸੋਨੀ, ਚੀਨੀਆਂ) – ਇਟਲੀ ਦੇ ਸੂਬਾ ਲਾਸੀਓ ਦੇ ਸ਼ਹਿਰ ਅਪ੍ਰੀਲੀਆ ਵਿਖੇ ਪਿਛਲੇ ਲੰਮੇ ਸਮੇਂ ਤੋਂ ਰੈਣ ਬਸੇਰਾ ਕਰ ਰਹੇ ਲਛਮਣ ਸਿੰਘ ਰੰਗੀ (ਫੌਜੀ) ਦੇ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਲਛਮਣ ਸਿੰਘ ਫੌਜੀ ਦੇ ਨੌਜਵਾਨ ਪੁੱਤਰ ਬਲਜੀਤ ਸਿੰਘ (30) ਦੀ ਅਚਾਨਕ ਸਿਹਤ ਵਿਗੜਨ ਕਾਰਨ ਮੌਤ ਹੋ ਗਈ।
ਮ੍ਰਿਤਕ ਬਲਜੀਤ ਸਿੰਘ ਦੇ ਪਿਤਾ ਅਤੇ ਉਸ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ, ਘਰ ਵਿੱਚ ਸਿਹਤ ਵਿਗੜਨ ਕਾਰਨ ਬਲਜੀਤ ਸਿੰਘ ਨੂੰ ਘਰ ਦੇ ਨੇੜੇ ਸ਼ਹਿਰ ਦੇ ਹਸਪਤਾਲ ਵਿੱਚ ਆਪਣੀ ਕਾਰ ਵਿੱਚ ਲਿਜਾਇਆ ਜਾ ਰਿਹਾ ਸੀ। ਜਿਥੇ ਬਲਜੀਤ ਸਿੰਘ ਨੇ ਰਸਤੇ ਵਿੱਚ ਹੀ ਆਪਣੇ ਪਿਤਾ ਨੂੰ ਇਹ ਕਹਿ ਕੇ (ਪਿਤਾ ਜੀ ਤੁਸੀਂ ਆਪਣਾ ਖਿਆਲ ਰੱਖਣਾ ਅਤੇ ਫ਼ਤਹਿ ਬੁਲਾ ਕੇ) ਦਮ ਤੋੜ ਦਿੱਤਾ, ਅਤੇ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਇਸ ਦੁੱਖ ਦੀ ਘੜੀ ਵਿੱਚ ਰੋਮ ਅਤੇ ਲਾਤੀਨਾ ਇਲਾਕੇ ਦੀਆਂ ਧਾਰਮਿਕ, ਸਮਾਜ ਸੇਵੀ, ਖੇਡ ਕਲੱਬ, ਪੱਤਰਕਾਰਾਂ ਅਤੇ ਹੋਰ ਨਾਮੀ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ. ਦੱਸਣਯੋਗ ਹੈ ਕਿ ਮ੍ਰਿਤਕ ਦੇ ਪਿਤਾ ਲਛਮਣ ਸਿੰਘ ਸੰਨ 2002 ਤੋਂ ਇਟਲੀ ਵਿੱਚ ਰਹਿ ਰਹੇ ਹਨ। ਉਹ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੋਪਾਲਪੁਰ ਨਾਲ ਸਬੰਧਿਤ ਹਨ। ਪਰਿਵਾਰ ਨੇ ਦੁੱਖ ਭਰੇ ਮਨ ਨਾਲ ਦੱਸਿਆ ਕਿ, ਬਲਜੀਤ ਸਿੰਘ ਦੀ ਮ੍ਰਿਤਕ ਦੇਹ ਦੀਆਂ ਸਾਰੀਆਂ ਆਖ਼ਰੀ ਰਸਮਾਂ ਅਪ੍ਰੀਲੀਆ ਵਿਖੇ ਹੀ ਕੀਤੀਆਂ ਜਾਣਗੀਆਂ। ਇਸ ਖ਼ਬਰ ਮਗਰੋਂ ਇਲਾਕੇ ਅਤੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ ਅਤੇ ਸਭ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।