in

ਅਪ੍ਰੀਲੀਆ ਵਿਖੇ ਮਨਾਇਆ ਗਿਆ ਤਿੰਨ ਰੋਜ਼ਾ ਕਾਰਨੇਵਾਲੇ ਤਿਉਹਾਰ

ਮੇਲੇ ਦੇ ਆਖਰੀ ਦਿਨ ਪੰਜਾਬੀ ਗਿੱਧਾ ਅਤੇ ਭੰਗੜਾ ਰਿਹਾ ਖਿੱਚ ਦਾ ਕੇਂਦਰ

ਅਪ੍ਰੀਲੀਆ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਸੂਬਾ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਦੇ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਵਿਖੇ ਤਿੰਨ ਰੋਜ਼ਾ ਕਾਰਨੇਵਾਲੇ ਤਿਉਹਾਰ ਯਾਦਗਾਰੀ ਹੋ ਨਿਬੜਿਆ। ਇਸ ਤਿਉਹਾਰ ਨੂੰ ਮਨਾਉਣ ਲਈ ਅਪ੍ਰੀਲੀਆ ਸ਼ਹਿਰ ਦੇ ਆਲੇ ਦੁਆਲੇ ਕਸਬਿਆਂ ਦੇ ਇਟਾਲੀਅਨ ਮੂਲ ਦੇ ਲੋਕਾਂ ਤੋਂ ਇਲਾਵਾ ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ ਅਤੇ ਹੋਰ ਭਾਈਚਾਰੇ ਦੇ ਲੋਕਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਇਸ ਤਿਉਹਾਰ ਸੰਬੰਧੀ ਤਿੰਨੇ ਦਿਨ ਬੱਚਿਆਂ ਵਲੋਂ ਸ਼ਹਿਰ ਵਿੱਚ ਵੱਖ ਵੱਖ ਰੂਪਾਂ ਵਿੱਚ ਸਜਾਈਆਂ ਝਾਕੀਆਂ ਦੇ ਨਾਲ ਨਾਲ ਪੈਦਲ ਮਾਰਚ ਕੀਤੀ ਗਈ ਤੇ ਦਿਲਾਂ ਨੂੰ ਮੋਹ ਲੈਣ ਵਾਲੇ ਕਿਰਦਾਰ ਬੱਚਿਆਂ ਅਤੇ ਵੱਡਿਆਂ ਵਲੋਂ ਨਿਭਾਏ ਗਏ। ਝਾਕੀਆਂ ਦੇ ਰੂਪ ਵਿੱਚ ਇਸ ਤਿਉਹਾਰ ਨਾਲ ਸੰਬੰਧਿਤ ਕਿਰਦਾਰ ਪੇਸ਼ ਕੀਤੇ ਗਏ। ਬੱਚਿਆਂ ਅਤੇ ਵੱਡਿਆਂ ਵਲੋਂ ਇਸ ਤਿਉਹਾਰ ਨਾਲ ਸੰਬੰਧਿਤ ਵੱਖ ਵੱਖ ਤਰ੍ਹਾਂ ਦੇ ਪਹਿਰਾਵੇ ਪਾ ਕੇ ਇਸ ਤਿਉਹਾਰ ਦੀ ਸੱਭਿਅਤਾ ਨੂੰ ਪੇਸ਼ ਕੀਤਾ ਗਿਆ।
ਦੂਜੇ ਪਾਸੇ ਹਰ ਸਾਲ ਦੀ ਤਰ੍ਹਾਂ ਇਸ ਮੇਲੇ ਵਿੱਚ ਭਾਰਤੀ ਭਾਈਚਾਰੇ ਵਲੋਂ ਵੀ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦਾ ਲੋਕ ਨਾਚ ਗਿੱਧਾ ਅਤੇ ਭੰਗੜੇ ਦੇ ਕਰਤੱਬ ਵੀ ਦਿਖਾਏ ਗਏ। ਜਦੋਂ ਪੰਜਾਬੀ ਪਹਿਰਾਵੇ ਵਿੱਚ ਸਜੇ ਬੱਚੇ ਅਤੇ ਬੱਚੀਆ ਵਲੋਂ ਗਿੱਧਾ ਤੇ ਭੰਗੜਾ ਪਾਇਆ ਗਿਆ, ਉਸ ਸਮੇਂ ਲੋਕਾਂ ਲਈ ਗਿੱਧਾ ਤੇ ਭੰਗੜਾ ਖਿਚ ਦਾ ਕੇਂਦਰ ਸੀ। ਪੰਜਾਬੀ ਗਾਣਿਆਂ ਤੇ ਪੰਜਾਬੀ ਗੱਭਰੂਆਂ ਵਲੋਂ ਵੀ ਸਿੱਧੂ ਮੂਸੇਵਾਲ ਦੇ ਗੀਤਾਂ ‘ਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਪੰਜਾਬੀ ਬੱਚਿਆਂ ਨੇ ਪੰਜਾਬੀ ਪਹਿਰਾਵੇ ਵਿੱਚ ਸੱਜ ਕੇ ਭੰਗੜੇ ਨਾਲ ਸਭ ਦੇ ਦਿਲਾਂ ਮੌਹ ਲਿਆ। ਇਸੇ ਤਰ੍ਹਾਂ ਇਟਾਲੀਅਨ ਮੁਟਿਆਰਾਂ ਵਲੋਂ ਹਿੰਦੀ ਤੇ ਪੰਜਾਬੀ ਗੀਤਾਂ ‘ਤੇ ਡਾਂਸ ਕੀਤਾ ਗਿਆ। ਇਸ ਮੇਲੇ ਦੀ ਸਮਾਪਤੀ ਮੌਕੇ ਪ੍ਰੰਬਧਕਾਂ ਵਲੋਂ ਭਾਰਤੀ ਬੱਚਿਆਂ ਅਤੇ ਗੱਭਰੂਆਂ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।
ਦੱਸਣਯੋਗ ਹੈ ਕਿ ਇਟਲੀ ਵਿੱਚ ਕਾਰਨੇਵਾਲ ਤਿਉਹਾਰ ਹਰ ਸਾਲ ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕਮੂਨੇ ਦੀ ਅਪ੍ਰੀਲੀਆ ਵਲੋਂ ਵੀ ਕਈ ਸੰਸਥਾਵਾਂ ਦੇ ਸਹਿਯੋਗ ਨਾਲ ਮਿਲ ਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਮਨਾਉਣ ਤੇ ਦੇਖਣ ਲਈ ਲੋਕਾਂ ਵਲੋਂ ਬੱਚਿਆਂ ਸਮੇਤ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ।

ਸ੍ਰੀ ਸਨਾਤਨ ਧਰਮ ਮੰਦਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਮਹਾਂ ਸ਼ਿਵਰਾਤਰੀ ਉਤਸਵ

ਘਰੇਲੂ ਕਰਮਚਾਰੀ ਆਪਣੇ ਹੱਕਾਂ ਦੀ ਮੰਗ ਕਰ ਸਕਦਾ ਹੈ!