ਬਾਡੀ ਬਿਲਡਰ ਮੁਕਾਬਲਿਆਂ ਦੀ ਕਲਾਸਿਕ ਫਿਜ਼ਿਕਸ ਵਰਗ ਵਿੱਚੋਂ ਦੂਜੇ ਨੰਬਰ ਤੇ ਰਿਹਾ
ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਦੁਨੀਆਂ ਦੇ ਜਿਸ ਮਰਜ਼ੀ ਕੌਨੇ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਜਾ ਕੇ ਰੈਣ ਬਸੇਰਾ ਕਰ ਲੈਣ, ਇਹ ਆਪਣੇ ਹੁਨਰ, ਇਮਾਨਦਾਰੀ ਅਤੇ ਜਜ਼ਬੇ ਨਾਲ ਇੱਕ ਨਾ ਇੱਕ ਦਿਨ ਕਾਮਯਾਬੀ ਹਾਸਲ ਕਰ ਹੀ ਲੈਂਦੇ ਹਨ. ਇਟਲੀ ਵਿੱਚ ਬੀਤੇ ਦਿਨੀਂ ਹੋਏ ਬਾਡੀ ਬਿਲਡਰ ਮੁਕਾਬਲਿਆਂ ਦੇ ਕਲਾਸਿਕ ਫਿਜ਼ਿਕਸ ਵਿੱਚੋਂ ਪੰਜਾਬੀ ਨੌਜਵਾਨ ਸਿਮਾ ਘੁੰਮਣ ਵੱਲੋਂ ਦੂਜੀ ਪੁਜੀਸ਼ਨ ਹਾਸਲ ਕੀਤੀ ਗਈ ਅਤੇ ਹੁਣ ਉਸਦੀ ਸਪੇਨ ਵਿਖੇ ਹੋਣ ਜਾ ਰਹੀ ਯੂਰਪੀਅਨ ਬਾਡੀ ਬਿਲਡਰ ਚੈਂਪੀਅਨਸ਼ਿੱਪ ਲਈ ਚੋਣ ਹੋਈ ਹੈ.
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਮਾ ਘੁੰਮਣ ਨੇ ਦੱਸਿਆ ਕਿ, ਯੂਰਪ ਦੇ ਵੱਖ ਵੱਖ ਦੇਸ਼ਾਂ ਚੋਂ ਪਹੁੰਚ ਰਹੇ ਬਾਡੀ ਬਿਲਡਰਜ਼ ਦਾ ਮੁਕਾਬਲਾ ਯੂਰਪੀਅਨ ਦੇਸ਼ ਸਪੇਨ ਵਿੱਚ 18 ਸਤੰਬਰ ਨੂੰ ਹੋਣ ਜਾ ਰਹਾ ਹੈ, ਜਿਸ ਵਿੱਚ ਉਹ ਹਿੱਸਾ ਲੈਣ ਜਾ ਰਿਹਾ ਹੈ. ਇਟਲੀ ਵਿੱਚ ਉਹ ਪਹਿਲਾ ਪੰਜਾਬੀ ਹੈ ਜੋ ਕਲਾਸਿਕ ਫਿਜ਼ਿਕਸ ਵਰਗ ਦੇ ਲਈ ਖੇਡੇਗਾ। ਸਿਮਾ ਘੁੰਮਣ ਨੇ ਕਿਹਾ ਹੈ ਕਿ, ਵਿਦੇਸ਼ਾਂ ਵਿੱਚ ਪੰਜਾਬੀ ਭਾਈਚਾਰੇ ਦਾ ਮਾਣ ਬਰਕਰਾਰ ਰੱਖਣ ਲਈ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਖੇਡੇਗਾ ਅਤੇ ਇਟਲੀ ਲਈ ਮੈਡਲ ਜਿੱਤ ਕੇ ਲਿਆਏਗਾ। ਸਿਮਾ ਘੁੰਮਣ ਨੇ ਦੱਸਿਆ ਕਿ, ਉਸ ਦੀ ਮਿਹਨਤ ਪਿੱਛੇ ਉਸ ਦੇ ਮਾਤਾ ਨਰਿੰਦਰ ਕੌਰ ਅਤੇ ਪਿਤਾ ਦਵਿੰਦਰ ਸਿੰਘ ਦੇ ਨਾਲ ਨਾਲ ਉਸ ਦੇ ਕੋਚ ਦਾ ਵੀ ਵਡਮੁੱਲਾ ਯੋਗਦਾਨ ਹੈ.
ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਦੌਰਾਨ ਵਿਰੋਨਾ ਵਿਖੇ ਹੋਏ ਇਟਲੀ ਭਰ ਦੇ ਬਾਡੀ ਬਿਲਡਰ ਮੁਕਾਬਲਿਆਂ ਵਿੱਚ ਘੁੰਮਣ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ. ਇਟਲੀ ਵਿੱਚ ਵੱਸਦੇ ਭਾਰਤੀ ਭਾਈਚਾਰੇ ਨੇ ਜਿਥੇ ਸਿੰਮਾ ਘੁੰਮਣ ਨੂੰ ਮੁਬਾਰਕਾਂ ਦਿੱਤੀਆਂ, ਉਥੇ ਹੀ ਉਸ ਦੀ ਜਿੱਤ ਵਾਸਤੇ ਅਰਦਾਸਾਂ ਵੀ ਕੀਤੀਆਂ ਹਨ।