ਸਾਲ 2024 ਵਿੱਚ ਹੋਵੇਗੀ ਇੰਡੀਅਨ ਤੇ ਇਟਾਲੀਅਨ ਪੱਤਰਕਾਰਾਂ ਦੀ ਕੌਮੀ ਕਾਨਫਰੰਸ
ਰੋਮ (ਇਟਲੀ) (ਬਿਊਰੋ) – ਇਟਲੀ ਵਿਚ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਵੱਲੋਂ ਕਰੇਮੋਨਾ ਜਿਲ੍ਹੇ ਦੇ ਸੋਨਚੀਨੋ ਸ਼ਹਿਰ ਵਿਚ ਇਕ ਵਿਸ਼ਾਲ ਕਾਨਫਰੰਸ ਕਰਵਾਈ ਗਈ. ਜਿਸ ਵਿਚ ਭਾਰਤੀ ਪੱਤਰਕਾਰਤਾ ਅਤੇ ਲੇਖਣੀ ਨਾਲ ਜੁੜੀਆਂ ਸਖਸ਼ੀਅਤਾਂ ਵਲੋ ਜਿਥੇ ਭਾਗ ਲਿਆ ਗਿਆ, ਉਥੇ ਹੀ ਇਟਲੀ ਦੇ ਨਾਮਵਾਰ ਪੱਤਰਕਾਰ, ਸ਼ਹਿਰ ਦੇ ਮੇਅਰ ਦਾ ਸਰਕਾਰੀ ਅਮਲਾ, ਰਾਜਨੀਤੀਕ ਅਤੇ ਧਾਰਮਿਕ ਹਸਤੀਆਂ ਦੇ ਨਾਲ ਨਾਲ ਇਟਾਲੀਅਨ ਟੀਵੀ ਚੈਨਲਾਂ ਦੇ ਪ੍ਰਮੁਖਾਂ ਨੇ ਵੀ ਸ਼ਿਰਕਤ ਕੀਤੀ।
ਮੰਚ ਦੀ ਅਗਵਾਈ ਫਰਾਂਕੋ ਫਰਾਰੀ, ਹਰਬਿੰਦਰ ਧਾਲੀਵਾਲ ਅਤੇ ਸਤਵਿੰਦਰ ਮਿਆਣੀ ਵੱਲੋਂ ਕੀਤੀ ਗਈ ਅਤੇ ਵੱਖ ਵੱਖ ਪੱਤਰਕਾਰਤਾ ਦੇ ਨਾਲ ਜੁੜੇ ਲੋਕਾਂ ਨੇ ਅਪਣੇ ਵਿਚਾਰ ਮੰਚ ਤੋਂ ਪੇਸ਼ ਕੀਤੇ। ਇਸ ਦੌਰਾਨ ਇਟਾਲੀਅਨ ਚੈਨਲ ਦੇ ਨੁਮਾਇੰਦਿਆਂ ਵੱਲੋਂ ਅਗਲੇ ਦਿਨਾਂ ਵਿਚ ਭਾਰਤੀ ਭਾਈਚਾਰੇ ਨੂੰ ਇਟਾਲੀਅਨ ਚੈਨਲਾਂ ਵਿਚ ਇਕ ਘੰਟੇ ਦੇ ਪੰਜਾਬੀ ਸਮਾਜ ਨਾਲ ਜੁੜੇ ਵਿਚਾਰ ਸਬੰਧੀ ਵੀ ਸਹਿਮਤੀ ਦਿੱਤੀ ਗਈ ਅਤੇ ਭਾਰਤੀ ਪੱਤਰਕਾਰਤਾ ਦੀ ਸੁਰੱਖਿਆ ਨਾਲ ਜੁੜੇ ਮੁਦਿਆਂ ਉੱਪਰ ਇਕਜੁਟਤਾ ਵੀ ਪ੍ਰਗਟ ਕੀਤੀ।
ਸਮਾਜ ਵਿਚ ਵੱਧ ਰਹੇ ਨਸ਼ੇ ਨੂੰ ਰੋਕਥਾਮ, ਧਾਰਮਿਕ ਭਾਵਨਾਵਾ ਨਾਲ ਧੋਖਾ, ਰਾਜਨੀਤਿਕ ਖੇਤਰ ਨਾਲ ਸਾਂਝ ਅਤੇ ਭਾਰਤੀ ਤੇ ਇਟਾਲੀਅਨ ਲੋਕਾਂ ਵਿਚ ਕਲਚਰਲ ਸਾਂਝ ਨੂੰ ਵਧਾਉਣ ਲਈ ਵੱਖ ਵੱਖ ਤਰ੍ਹਾਂ ਦੇ ਵਿਚਾਰਾਂ ‘ਤੇ ਸਹਿਮਤੀ ਦਿੱਤੀ ਗਈ।
‘ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ (ਆਈ.ਆਈ.ਪੀ.ਸੀ.)’ ਵੱਲੋਂ ਸਾਂਝੇ ਰੂਪ ਵਿਚ ਪ੍ਰਮੁਖ ਹਸਤੀਆਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਨਾਲ ਹੀ ਅਗਲੇ ਸਾਲ ਨੈਸ਼ਨਲ ਪੱਧਰ ਦੀ ਕਾਨਫਰੰਸ ਮਿਲਾਨ ਵਿਚ ਕਰਵਾਉਣ ਲਈ ਵੀ ਸਹਿਮਤੀ ਪ੍ਰਗਟਾਈ ਗਈ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੰਚ ਉਪਰ ਇਟਾਲੀਅਨ ਅਤੇ ਪੰਜਾਬੀ ਭਾਈਚਾਰਾ ਇੱਕਜੁਟ ਹੋ ਕੇ ਸਮਾਜ ਵਿਚ ਵਿਚਰਨ ਲਈ ਮਾਹੌਲ ਸਿਰਜ ਰਿਹਾ ਹੈ, ਇਸਦੇ ਨਾਲ ਭਾਰਤੀ ਸਮਾਜ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਇਟਾਲੀਅਨ ਸਰਕਾਰ ਤੱਕ ਉਚਿਤ ਰੂਪ ਨਾਲ ਪਹੁੰਚਾਇਆ ਜਾ ਸਕੇਗਾ।
ਸ਼ਹਿਰ ਦੇ ਮੇਅਰ ਵੱਲੋਂ ਅਪਣੇ ਭੇਜੇ ਗਏ ਸੰਦੇਸ਼ ਵਿਚ ਖੁਸ਼ੀ ਦਾ ਪ੍ਰਗਟਾਵਾ ਅਤੇ ਪ੍ਰੈਸ ਕਲੱਬ ਨਾਲ ਇੱਕਜੁਟਤਾ ਜਤਾਈ ਗਈ। ਇਸ ਮੌਕੇ ਦੋਨਾਂ ਦੇਸ਼ਾਂ ਦੇ ਪੱਤਰਕਾਰਾਂ ਨੇ ਬੇਬਾਕੀ ਤੇ ਨਿਰਪੱਖਤਾ ਨਾਲ ਲੋਕਾਂ ਦੀ ਆਵਾਜ਼ ਬੁਲੰਦ ਕਰਨ ਹਿੱਤ ਹੱਥਾਂ ਵਿੱਚ ਕਲਮ ਫੜ੍ਹ ਪ੍ਰਣ ਕੀਤਾ!