ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਿੱਚ ਜਦੋਂ ਦਾ ਸੰਨ 2023 ਸ਼ੁਰੂ ਹੋਇਆ ਹੈ ਰੌਜਾਨਾ ਕਿਸੇ ਨਾ ਕਿਸੇ ਪਾਸੇ ਇੰਡੀਅਨ ਭਾਈਚਾਰੇ ਦੀਆਂ ਮੌਤਾਂ ਦੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨਾਲ ਇੰਡੀਅਨ ਭਾਈਚਾਰੇ ਵਿੱਚ ਸਹਿਮ ਪਾਇਆ ਜਾ ਰਿਹਾ ਹੈ. ਬੀਤੇ ਦਿਨੀਂ ਦਵਿੰਦਰ ਸਿੰਘ ਹੈਪੀ (40), ਪਿੰਡ ਅਕਬਰਪੁਰ ਜੋ ਆਪਣੇ ਪਰਿਵਾਰ ਸਮੇਤ ਪਿਛਲੇ 15 ਸਾਲ ਤੋਂ ਰਹਿ ਰਹੇ ਸਨ, ਦੀ ਹਾਰਟ ਅਟੈਕ ਆਉਣ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ.
ਪ੍ਰੈਸ ਨਾਲ ਗੱਲ ਕਰਦੇ ਹੋਏ ਉਸ ਦੇ ਭਰਾ ਨੇ ਦਸਿਆ ਕਿ, 19 ਜਨਵਰੀ ਦੀ ਰਾਤ ਨੂੰ ਹੈਪੀ ਦੀ ਮੌਤ ਹੋ ਗਈ. ਉਹ ਆਪਣੇ ਪਿਛੇ ਪਤਨੀ ਸਮੇਤ ਇੱਕ ਬੇਟਾ ਅਤੇ ਬੇਟੀ ਛੱਡ ਗਏ ਹਨ. ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਇਲਾਕੇ ਭਰ ਦੇ ਪੰਜਾਬੀ ਭਾਈਚਾਰੇ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕੀਤਾ। ਹੈਪੀ ਕੁਝ ਸਾਲਾਂ ਤੋਂ ਮਿਲਾਨ ਨਜਦੀਕ ਨੋਵਾਰਾ ਇਲਾਕੇ ਵਿੱਚ ਕੰਮ ਕਰ ਰਿਹਾ ਸੀ. 19 ਜਨਵਰੀ ਦੀ ਰਾਤ ਨੂੰ ਉਸ ਨੂੰ ਸਿਹਤ ਸਬੰਧੀ ਕੁਝ ਤਕਲੀਫ ਮਹਿਸੂਸ ਹੋਈ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ. ਮ੍ਰਿਤਕ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਅਕਬਰਪੁਰ (ਨੇੜੇ ਬੇਗੋਵਾਲ) ਸੀ। ਇਸ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਬਹੁਤ ਗਹਿਰਾ ਸਦਮਾ ਪਹੁੰਚਿਆ ਹੈ।