in

ਏਅਰ ਇੰਡੀਆ: ਫਰਵਰੀ ਤੋਂ ਦਿੱਲੀ-ਮਿਲਾਨ ਸਿੱਧੀ ਹਵਾਈ ਉਡਾਣ ਸੇਵਾ ਸ਼ੁਰੂ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਕੋਰੋਨਾ ਦੌਰ ਵਿੱਚ ਜਦੋਂ ਸਰਕਾਰੀ ਹਵਾਈ ਉਡਾਣਾਂ ਨੇ ਇਟਲੀ ਵਿੱਚ ਰੈਣ ਬਸੇਰਾ ਕਰਦੇ ਭਾਰਤੀਆਂ ਦੀ ਬਾਂਹ ਛੱਡ ਦਿੱਤੀ, ਉਸ ਸਮੇਂ ਜੇਕਰ ਚਾਰਟਡ ਉਡਾਣਾ ਵਾਲੇ ਭਾਰਤੀਆਂ ਦੀ ਬਾਂਹ ਨਾ ਫੜ੍ਹਦੇ ਤਾਂ ਸ਼ਾਇਦ ਬਹੁਤੇ ਭਾਰਤੀਆਂ ਨੂੰ ਕਈ ਮਹੀਨੇ ਭਾਰਤ ਆਪਣੇ ਸਾਕ ਸੰਬਧੀਆਂ ਦੇ ਨਾ ਦਰਸ਼ਨ ਹੋਣੇ ਸਨ ਤੇ ਨਾਂ ਹੀ ਉਹ ਕਿਸੇ ਵਿਆਹ ਦੇ ਪ੍ਰੋਗਰਾਮ ਨੂੰ ਭਾਰਤ ਵਿੱਚ ਨੇਪਰੇ ਚਾੜ ਸਕਦੇ ਸਨ. ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਨਾਂ ਚਾਰਟਡ ਹਵਾਈ ਉਡਾਣਾਂ ਵਿੱਚ ਸਫ਼ਰ ਕਰਦਿਆਂ ਕਈ ਭਾਰਤੀਆਂ ਨੂੰ ਪ੍ਰੇਸ਼ਾਨੀਆਂ ਵੀ ਪਿੰਡੇ ਹੰਢਾਉਣੀਆਂ ਪਈਆਂ, ਪਰ ਇਨਾਂ ਸਭ ਦੇ ਬਾਵਜੂਦ ਲੋਕ ਇਨਾਂ ਚਾਰਟਡ ਹਵਾਈ ਉਡਾਣਾਂ ਵਿੱਚ ਸਫ਼ਰ ਕਰ ਰਹੇ ਹਨ। ਇਟਲੀ ਵਿੱਚ ਬਹੁਤੇ ਪੰਜਾਬੀ ਪੰਜਾਬ ਭਾਰਤ ਨਾਲ ਸਬੰਧਤ ਹਨ ਤੇ ਇਹਨਾਂ ਚਾਰਟਡ ਚਲਾਉਣ ਵਾਲੇ ਪ੍ਰਬੰਧਕਾਂ ਨੇ ਉਸ ਸਮੇਂ ਪੰਜਾਬ ਤੋਂ ਇਟਲੀ ਰੋਮ ਨੂੰ ਜਹਾਜ਼ ਉਡਾ ਦਿੱਤੇ ਜਦੋਂ ਦਿੱਲੀ ਜਾਂ ਮੁੰਬਈ ਵਰਗੇ ਬਹੁਤ ਜਿ਼ਆਦਾ ਰੁਝਾਊ ਏਅਰਪੋਰਟਾਂ ਉੱਪਰ ਕੋਰੋਨਾ ਕਾਰਨ ਕਬੂਤਰ ਬੋਲਣ ਲੱਗੇ ਸਨ।
ਇਟਲੀ ਸਰਕਾਰ ਨੇ ਇਟਲੀ ਦੇ ਭਾਰਤੀਆਂ ਦੀ ਸਹੂਲਤ ਲਈ 3 ਦਸੰਬਰ 2022 ਤੋਂ ਆਪਣੀ ਸਿੱਧੀ ਰੋਮ ਦਿੱਲੀ ਹਵਾਈ ਸੇਵਾ “ਇਤਾਲੀਆ ਤਰਾਂਸਪੋਰਤੋ ਏਰੀਓ” ਚਲਾ ਕੇ ਇਹਨਾਂ ਦੀ ਹਵਾਈ ਜਹਾਜਾਂ ਵਿੱਚ ਹੁੰਦੀ ਖੱਜਲ ਖੁਆਰੀ ਨੂੰ ਬੰਦ ਕਰਨ ਲਈ ਪਹਿਲ ਕਦਮੀ ਕੀਤੀ, ਜਿਸ ਤੋਂ ਬਾਅਦ ਹੁਣ ਭਾਰਤ ਦੀ ਸਿਰਮੌਰ ਹਵਾਈ ਕੰਪਨੀ ਏਅਰ ਇੰਡੀਆ ਵੱਲੋਂ ਵੀ ਭਾਰਤੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਠੱਲ ਪਾਉਣ ਲਈ 1 ਫਰਵਰੀ 2023 ਤੋਂ ਦਿੱਲੀ-ਮਿਲਾਨ ਸਿੱਧੀ ਹਵਾਈ ਉਡਾਣ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਸੰਬੰਧੀ ਭਾਰਤੀ ਦੂਤਾਵਾਸ ਰੋਮ ਅਤੇ ਮਿਲਾਨ ਵਲੋਂ ਸੋਸ਼ਲ ਮੀਡੀਆ ‘ਤੇ ਆਪਣੇ ਪੇਜਾਂ ਦੁਆਰਾ ਜਾਣਕਾਰੀ ਸਾਂਝੀ ਕਰਦਿਆਂ ਇਟਲੀ ਦੇ ਭਾਰਤੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਸਿੱਧੀ ਫਲਾਈਟ ਹਫਤੇ ਵਿੱਚ 4 ਦਿਨ ਆਪਣੀ ਯਾਤਰੀਆਂ ਨੂੰ ਸੇਵਾ ਦੇਵੇਗੀ। ਇਹ ਉਡਾਣ ਐਤਵਾਰ, ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦਿੱਲੀ ਤੋਂ ਦੁਪਹਿਰ 2:45ਵਜੇ (ਭਾਰਤ ਦੇ ਸਮੇਂ ਅਨੁਸਾਰ) ਉਡਾਣ ਭਰੇਗੀ ਅਤੇ ਇਟਲੀ ਦੇ ਸਮੇਂ ਅਨੁਸਾਰ ਸਾਮ 18:30 ਵਜੇ ਪਹੁੰਚਿਆ ਕਰੇਗੀ ਅਤੇ ਇਹ ਉਡਾਣ ਮਿਲਾਨ ਤੋਂ ਦਿੱਲੀ ਲਈ ਉਸੇ ਦਿਨ ਸ਼ਾਮ 20:00ਵਜੇ ਵਾਪਸ ਉਡਾਣ ਭਰਿਆ ਕਰੇਗੀ। ਇਸ ਉਡਾਣ ਸੰਬੰਧੀ ਭਾਰਤ ਦੀ ਯਾਤਰਾ ਕਰਨ ਵਾਲੇ ਆਮ ਯਾਤਰੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਕਿਉਂਕਿ ਜਦੋਂ ਇਹ ਸਿੱਧੀ ਉਡਾਣ ਬੰਦ ਹੋਈ ਸੀ ਉਸ ਸਮੇਂ ਕੁਝ ਏਜੰਟਾਂ ਵਲੋਂ ਪ੍ਰਾਈਵੇਟ ਉਡਾਣਾਂ ਦੇ ਜ਼ਰੀਏ ਆਮ ਯਾਤਰੀਆਂ ਦੀ ਰੱਜ ਕੇ ਲੁੱਟ ਕੀਤੀ ਗਈ, ਕਿਉਂਕਿ ਏਜੰਟਾਂ ਵਲੋਂ ਆਪਣੀ ਮਰਜ਼ੀ ਨਾਲ ਇਨ੍ਹਾਂ ਉਡਾਣਾਂ ਦੀ ਟਿਕਟਾਂ ਦਾ ਰੇਟ ਰੱਖਿਆ ਹੋਇਆ ਹੈ। ਇਹ ਕੀਮਤਾਂ ਕੋਰੋਨਾ ਵਾਇਰਸ ਸਮੇ ਤਾਂ ਆਮ ਯਾਤਰੀਆਂ ਦੇ ਪਹੁੰਚ ਤੋਂ ਬਾਹਰ ਸੀ, ਪਰ ਜੇਕਰ ਹੁਣ ਇਸ ਤਰ੍ਹਾਂ ਦੀਆਂ ਸਿੱਧੀਆਂ ਉਡਾਣਾਂ ਚੱਲਣ ਨਾਲ ਇੱਕ ਤਾਂ ਆਮ ਲੋਕਾਂ ਦੀ ਹੋ ਰਹੀ ਲੁੱਟ ਖਸੁੱਟ ਨੂੰ ਨੱਥ ਪਵੇਗੀ ਅਤੇ ਦੂਜੇ ਪਾਸੇ ਯਾਤਰੀਆਂ ਦੀ ਖੱਜਲ ਖ਼ੁਆਰੀ ਤੋਂ ਵੀ ਨਿਜਾਤ ਮਿਲੇਗੀ।
ਦੱਸਣਯੋਗ ਹੈ ਕਿ ਏਅਰ ਇੰਡੀਆ ਦੀ ਇਹ ਉਡਾਣ ਪਹਿਲਾਂ ਵੀ ਦਿੱਲੀ – ਅੰਮ੍ਰਿਤਸਰ – ਮਿਲਾਨ – ਰੋਮ ਦਰਮਿਆਨ ਸੇਵਾ ਪ੍ਰਦਾਨ ਕਰਦੀ ਸੀ, ਪਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਵਲੋਂ ਇਸ ਉਡਾਣ ਨੂੰ ਬੰਦ ਕਰ ਦਿੱਤਾ ਗਿਆ। ਇਟਲੀ ਦੇ ਭਾਰਤੀਆਂ ਨੇ ਭਾਰਤ ਸਰਕਾਰ ਨੂੰ ਏਅਰ ਇੰਡੀਆ ਨੂੰ ਰੋਮ ਦਿੱਲੀ ਚਲਾਉਣ ਲਈ ਵੀ ਅਪੀਲ ਕੀਤੀ ਹੈ ਜਿਸ ਉੱਪਰ ਹੋ ਸਕਦਾ ਹੈ ਜਲਦ ਕੋਈ ਸਾਰਥਕ ਕਾਰਵਾਈ ਹੋ ਜਾਵੇ।

ਇਟਲੀ ‘ਚ ਇੱਕ ਹੋਰ ਪੰਜਾਬੀ ਗੱਭਰੂ ਦਵਿੰਦਰ ਸਿੰਘ ਦੀ ਹਾਰਟ ਅਟੈਕ ਕਾਰਨ ਹੋਈ ਮੌਤ

ਬੇਅੰਤ ਸਿੰਘ ਮੈਮੋਰੀਅਲ ‘ਤੇ ਖਾਲਿਸਤਾਨ ਜਿੰਦਾਬਾਦ ਦੇ ਲਗਾਏ ਗਏ ਛਾਪੇ