ਰੋਮ (ਦਲਵੀਰ ਕੈਂਥ) ਇਟਲੀ ਵਿਚ ਲੋਕਾਂ ਵਿਚ ਵਿਆਹ ਕਰਵਾਉਣ ਦਾ ਰੁਝਾਨ ਘੱਟ ਅਤੇ ਤਲਾਕ ਜ਼ਿਆਦਾ ਹੋਣ ਦੇ ਰੁਝਾਨ ਕਾਰਨ ਇਟਲੀ ਦੀ ਆਬਾਦੀ ਜਿੱਥੇ ਪਿਛਲੇ ਸਾਲਾਂ ਨਾਲੋਂ ਘਟੀ ਹੈ।ਉੱਥੇ ਹੀ ਇਟਲੀ ਦੀ ਜਨਮ ਦਰ ਤੇ ਇਸ ਦਾ ਕਾਫ਼ੀ ਅਸਰ ਪੈ ਰਿਹਾ ਹੈ। ਇਸੇ ਕਾਰਨ ਇਟਲੀ ਵਿੱਚ ਜਵਾਨਾਂ ਨਾਲੋਂ ਬਜ਼ੁਰਗਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਟਲੀ ਦੀ ਰਾਸ਼ਟਰੀ ਅੰਕੜਾ ਏਜੰਸੀ ਇਸਤਾਤ ਦੇ ਮੁਖੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਟਲੀ ਦੀ ਜਨਮ ਦਰ ਇਸ ਸਾਲ ਹੇਠਾਂ ਆਉਣ ਵਾਲੇ ਰੁਝਾਨ ਤੇ ਜਾਰੀ ਰਹੇਗੀ।ਉਨ੍ਹਾਂ ਦੱਸਿਆ ਕਿ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੌਰਾਨ ਤੋਂ ਬਾਅਦ ਪਹਿਲੀ ਵਾਰ ਜਨਮ ਦਰ 4,00,000 ਅੰਕ ਤੋਂ ਹੇਠਾਂ ਜਾ ਰਹੀ ਹੈ।ਇਟਲੀ ਦੀ ਰਾਸ਼ਟਰੀ ਅੰਕੜਾ ਸਰਵੇਖਣ ਸੰਸਥਾ ਇਸਤਾਤ ਦੇ ਮੁਖੀ ਕਾਰਲੋ ਬਲਾਂਗੀਆਰਦੋ ਨੇ ਫੋਰਮ ਆਫ ਇਟਾਲੀਅਨ ਫ਼ੈਮਿਲੀ ਐਸੋਸੀਏਸ਼ਨ ਵਲੋਂ ਆਯੋਜਿਤ ਇਕ ਪ੍ਰੋਗਰਾਮ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਕਿ 2020 ਵਿੱਚ ਇਟਲੀ ਵਿੱਚ 4,04,000 ਦੇ ਕਰੀਬ ਬੱਚਿਆਂ ਨੇ ਜਨਮ ਲਿਆ ਪਰ ਇਹ ਅਨੁਮਾਨ ਲਗਾਇਆ ਗਿਆ ਹੈ ਕਿ 2021 ਵਿੱਚ ਜਨਮ ਦਰ 3,84,000 ਤੋਂ ਲੈਕੇ 3,93,000 ਦੇ ਵਿਚਕਾਰ ਰਹਿ ਸਕਦੀ ਹੈ ਜੋ ਕਿ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਦੇ ਲਈ ਵੀ ਵਿਚਾਰਨਯੋਗ ਹੈ ਕਿਉਂ ਕਿ ਕਿਸੇ ਵੀ ਦੇਸ਼ ਦਾ ਭੱਵਿਖ ਨੌਜਵਾਨ ਵਰਗ ਹੁੰਦਾ ਹੈ ਜੇਕਰ ਇਟਲੀ ਵਿੱਚ ਬੱਚਿਆਂ ਦੀ ਜਨਮ ਦਰ ਹੀ ਘੱਟ ਰਹੇਗੀ ਤਾਂ ਨੌਜਵਾਨ ਕਿੱਥੋਂ ਆਉਣੇ ਹਨ।ਦੂਜੇ ਪਾਸੇ ਐਰੋਸਤਾਤ ਇਤਾਲੀਅਨ ਨੇ ਇਸ ਗੱਲ ਖੁਲਾਸਾ ਕਰਦਿਆਂ ਕਿਹਾ ਕਿ ਇਟਲੀ ਵਿੱਚ ਵਿਆਹ ਦਰ ਵੀ ਲਗਾਤਾਰ ਗਿਰਾਵਟ ਵੱਲ ਹੈ ।ਸੰਨ 2019 ਵਿੱਚ ਯੂਰਪ ਭਰ ਵਿੱਚੋਂ ਸਭ ਤੋਂ ਘੱਟ ਵਿਆਹ ਹੋਏ ਸਨ ਜਿਸ ਦੀ ਦਰ 1000 ਲੋਕਾਂ ਤੇ 3.1 ਸੀ ਜਦੋਂ ਕਿ ਸੰਨ 2018 ਵਿੱਚ ਇਹ ਦਰ 3.2 ਸੀ ।ਯੂਰਪੀਅਨ ਦੇਸ਼ ਸਾਈਪਰਸ ਵਿੱਚ 1000 ਲੋਕਾਂ ਤੇ ਵਿਆਹ ਦੀ ਦਰ 8.9 ਹੈ ਜਿਹੜੀ ਕਿ ਯੂਰਪੀਅਨ ਦੇਸ਼ਾਂ ‘ਚ ਸਭ ਤੋਂ ਜ਼ਿਆਦਾ ਹੈ।ਇਟਲੀ ਵਿੱਚ ਜਿੱਥੇ ਬੱਚਿਆਂ ਦੀ ਜਨਮ ਦਰ ਤੇ ਵਿਆਹ ਦੀ ਦਰ ਲਗਾਤਾਰ ਘੱਟ ਰਹੀ ਹੈ ਉੱਥੇ ਤਲਾਕ ਦੀ ਦਰ ਵੱਧ ਰਹੀ ਹੈ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਜਿੱਥੇ ਖਟਾਸ ਵਿੱਚੋਂ ਲੰਘ ਦੀ ਹੋਈ ਸਰਕਾਰ ਲਈ ਡੂੰਘੀ ਚਿੰਤਾ ਦਾ ਕਾਰਨ ਬਣ ਰਹੀ ਹੈ।