in

ਇਟਲੀ ਦਾ ਇੱਕ ਡਾਕਟਰ ਸਲਾਖ਼ਾਂ ਪਿੱਛੇ ,ਭਾਰਤੀ ਲੋਕਾਂ ਨੂੰ ਦਵਾਈ ਥਾਂ ਲਿਖ ਦਿੰਦਾ ਸੀ ਨਸ਼ੇ ਦੇ ਪੱਤੇ

ਰੋਮ (ਇਟਲੀ) (ਦਲਵੀਰ ਕੈਂਥ) – ਇਟਲੀ ਦੇ ਲਾਸੀਓ ਸੂਬੇ ਦੇ ਸ਼ਹਿਰ ਸਬਾਊਦੀਆ(ਲਾਤੀਨਾ) ਵਿਖੇ ਇੱਕ ਇਟਾਲੀਅਨ ਡਾਕਟਰ ਨੂੰ ਇਸ ਕਾਰਨ ਜੇਲ੍ਹ ਯਾਤਰਾ ਕਰਨੀ ਪੈ ਰਹੀ ਹੈ ਕਿ ਉਸ ਉਪੱਰ ਕਥਿਤ ਦੋਸ਼ ਹਨ ਕਿ ਉਸ ਨੇ ਆਪਣੇ ਭਾਰਤੀ ਮਰੀਜ਼ਾਂ ਨੂੰ ਜਾਣਬੁੱਝ ਕਿ  ਨਸ਼ੇ ਦੀਆਂ ਮਹਿੰਗੇ ਮੁੱਲ ਦੀਆਂ ਦਵਾਈਆਂ ਉਦੋਂ ਲਿਖ ਦੇਣੀਆਂ ਜਦੋ ਉਹ ਭਾਰਤੀ (ਜਿਹੜੇ ਜ਼ਿਆਦਾਤਰ  ਖੇਤੀ-ਬਾੜੀ ਦਾ ਕੰਮ ਕਰਦੇ ਸਨ )ਕਿਸੇ ਬਿਮਾਰੀ ਕਾਰਨ ਡਾਕਟਰ ਕੋਲ ਦਵਾਈ ਲੈਣ ਜਾਂਦੇ ਸਨ ।ਡਾਕਟਰ ਦੀ ਇਸ ਅਣਗਿਹਲੀ ਨਾਲ ਸਰਕਾਰ ਨੂੰ ਹਜ਼ਾਰਾ ਯੂਰੋ ਦਾ ਘਾਟਾ ਪਿਆ ਹੈ ।ਮਿਲੀ ਜਾਣਕਾਰੀ ਅਨੁਸਾਰ ਸਬਾਊਦੀਆ ਵਿਖੇ ਇੱਕ ਇਟਾਲੀਅਨ ਡਾਕਟਰ ਪਿਛਲੇ ਦੋ ਦਹਾਕਿਆਂ ਤੋਂ ਵਧੇਰੇ ਸਮੇਂ ਤੋਂ ਸ਼ਹਿਰ ਵਿੱਚ ਲੋਕਾਂ ਨੂੰ ਸਰਕਾਰੀ ਤੌਰ ਤੇ  ਸਿਹਤ ਸੇਵਾਵਾਾਂ ਪ੍ਰਦਾਨ ਕਰਦਾ ਆ ਰਿਹਾ ਸੀ ।ਇਸ ਡਾਕਟਰ ਕੋਲ ਜ਼ਿਆਦਾ ਮਰੀਜ਼ ਭਾਰਤੀ ਤੇ ਹੋਰ ਵਿਦੇਸ਼ੀ ਸਨ ।ਭਾਰਤੀ ਖਾਸਕਰ ਪੰਜਾਬੀ ਲੋਕਾਂ ਨੇ ਤਾਂ ਡਾਕਟਰ ਨੂੰ ਪੰਜਾਬੀ ਵੀ ਬੋਲਣ ਲਗਾ ਦਿੱਤਾ ਸੀ ਤੇ ਕਲੀਨਕ ਦੇ ਨੋਟਿਸ ਬੋਰਡ ਉਪੱਰ ਮਰੀਜ਼ਾਂ ਸਬੰਧੀ ਆਮ ਜਾਣਕਾਰੀ ਵੀ ਪੰਜਾਬੀ ਵਿੱਚ ਹੀ ਲੱਗੀ ਹੁੰਦੀ ਸੀ ।ਪੰਜਾਬੀ ਬੋਲਣ ਕਾਰਨ ਭਾਰਤੀ ਪੰਜਾਬੀ ਇਸ ਡਾਕਟਰ ਦੇ ਮੁਰੀਦ ਸਨ ਤੇ ਸ਼ਹਿਰ ਦਾ ਬਹੁ ਗਿਣਤੀ ਭਾਰਤੀ ਭਾਈਚਾਰਾ ਇਸ ਡਾਕਟਰ ਕੋਲ ਹੀ ਜਾਂਦਾ ਸੀ ਪਰ ਪਿਛਲੇ ਸਾਲ ਤੋਂ ਇੱਕ ਵਿਸ਼ੇਸ਼ ਜਾਂਚ ਦੌਰਾਨ ਪੁਲਸ ਪ੍ਰਸ਼ਾਸਨ ਨੂੰ ਇੱਕ ਹੈਰਾਨੀਜਨਕ ਜਾਣਕਾਰੀ ਦਾ ਖੁਲਾਸਾ ਹੋਇਆ ਜਿਸ ਦੀ ਪੁਲਸ ਨੇ ਕਈ ਮਹੀਨੇ ਬਹੁਤ ਹੀ ਬਾਰੀਕੀ ਨਾਲ ਜਾਂਚ ਕੀਤੀ ਜਿਸ ਵਿੱਚ ਇਸ ਇਟਾਲੀਅਨ ਡਾਕਟਰ ਦੇ ਕੰਮ ਵਿੱਚ ਕਾਫ਼ੀ ਕੁਝ ਗ਼ੈਰ ਕਾਨੂੰਨੀ ਸਾਹਮਣੇ ਆਇਆ ।ਪੁਲਸ ਅਨੁਸਾਰ ਇਹ ਡਾਕਟਰ ਭਾਰਤੀ ਮਰੀਜ਼ਾਂ ਨੂੰ ਬਿਨਾਂ ਲੋੜ ਨਸ਼ੇ ਦੀਆਂ ਮਹਿੰਗੇ ਭਾਅ ਵਾਲ਼ੀਆਂ ਦਵਾਈਆਂ ਲਿਖ ਕੇ ਦਿੰਦਾ ਸੀ ਉਹ ਵੀ ਲਾਲ ਪਰਜੀ ਉਪੱਰ ਜਿਸ ਨਾਲ ਇਹ ਦਵਾਈ ਮਰੀਜ਼ ਨੂੰ ਮੁੱਫਤ ਮਿਲਦੀ ।

ਪੜਤਾਲ ਦੌਰਾਨ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਕਿ ਡਾਕਟਰ ਨੇ ਨੈਸ਼ਨਲ ਹੈਲਥ ਸਰਵਿਸ ਦੀਆਂ ਦਵਾਈਆਂ ਜਿਹੜੀਆਂ ਕਿ ਗੰਭੀਰ ਬਿਮਾਰੀ ਦੌਰਾਨ ਮਰੀਜ ਨੂੰ ਦਿੱਤੀਆਂ ਜਾਂਦੀਆਂ ਹਨ ਇਹ ਬਿਨਾਂ ਬਿਮਾਰੀ ਭਾਰਤੀ ਮਰੀਜ ਨੂੰ ਲਿਖ ਦਿੰਦਾ ।ਡਾਕਟਰ ਦੇ ਅਜਿਹਾ ਕਰਨ ਪਿੱਛੇ ਕੀ ਮਨਸੂਬਾ ਰਿਹਾ ਇਹ ਹਾਲੇ ਜਾਂਚ ਅਧੀਨ ਹੈ ਪਰ ਇਸ ਕਾਰਨ ਨਾਲ ਡਾਕਟਰ ਜਿਹਨਾਂ ਭਾਰਤੀ ਮਰੀਜ਼ਾਂ ਨੂੰ ਇਹ ਦਵਾਈ ਲਿਖ ਕੇ ਦਿੰਦਾ ਉਹਨਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ ਜਿਸ ਨਾਲ ਨੈਸ਼ਨਲ  ਹੈਲਸ ਸਰਵਿਸ ਨੂੰ 24 ਹਜ਼ਾਰ ਯੂਰੋ ਤੋਂ ਵੱਧ ਨੁਕਸਾਨ ਹੋਇਆ ਹੈ।ਡਾਕਟਰ  ਉਪੱਰ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਤਸਾਹਿਤ ਕਰਨ , ਝੂਠੇ ਮੈਡੀਕਲ  ਸਰਟੀਫਿਕੇਟ ਬਣਾਉਣ ,ਆਪਣੇ ਪੇਸ਼ੇ ਨਾਲ ਇਮਾਨਦਾਰੀ ਨਾ ਕਰਨ ਆਦਿ ਇਲਜ਼ਾਮ ਹਨ।ਪੁਲਸ ਨੇ ਡਾਕਟਰ ਤੋਂ ਇਲਾਵਾ ਉਸ ਦਵਾਈਆਂ ਦੀ ਦੁਕਾਨ ਉਪੱਰ ਵੀ ਕਾਰਵਾਈ ਕੀਤੀ ਹੈ ਜਿਹੜੇ ਮਰੀਜ਼ਾਂ ਨੂੰ ਦਵਾਈ ਦਿੰਦੀ ਸੀ।ਪੁਲਸ ਨੇ ਬਣਦੀ ਕਾਰਵਾਈ ਤੋਂ ਬਾਅਦ ਡਾਕਟਰ ਨੂੰ  ਜੇਲ ਭੇਜ ਦਿੱਤਾ ਹੈ।ਇਸ ਕੇਸ ਵਿੱਚ  ਇਹ ਚਰਚਾ ਵੀ ਜ਼ੋਰਾਂ ਤੇ ਹੈ ਕਿ ਕੁਝ ਨਸ਼ੇੜੀ ਭਾਰਤੀ ਲੋਕ ਜਾਣ-ਬੁੱਝ ਕੇ ਡਾਕਟਰ ਤੋਂ ਨਸ਼ੇ ਵਾਲੀ ਦਵਾਈ ਲਿਖਵਾ ਲੈਂਦੇ ਸਨ ਤੇ ਉਸ ਦੇ ਬਦਲੇ ਡਾਕਟਰ ਨੂੰ ਸਬਜ਼ੀਆਂ ਜਾਂ ਹੋਰ ਸਮਾਨ ਤੋਹਫ਼ੇ ਵਜੋ ਦਿੰਦੇ ਸਨ।ਜਾਣਕਾਰੀ ਇਹ ਵੀ ਆ ਰਹੀ ਹੈ ਕਿ ਇਹ ਭਾਰਤੀ ਲੋਕ ਆਪਣੇ ਦੋਸਤਾਂ ਮਿੱਤਰਾਂ ਦੇ ਡਾਕਟਰੀ ਕਾਰਡ ਇੱਕਠੇ ਕਰਕੇ ਲਿਆਉਂਦੇ ਸਨ ਤੇ ਡਾਕਟਰ ਤੋਂ ਨਸ਼ੇ ਦੀ ਦਵਾਈ ਦੇ ਡੱਬੇ ਲਿਖਵਾ ਲੈਂਦੇ ਸਨ ਪਰ ਸ਼ਾਇਦ ਡਾਕਟਰ ਨੇ ਇਸ ਕਾਰਵਾਈ ਨੂੰ ਸਧਾਰਨ ਸਮਝਦੇ ਹੋਏ ਹੀ ਇਹ ਕੁਤਾਹੀ ਕਰ ਦਿੱਤੀ ਜਿਸ ਦਾ ਖ਼ਮਿਆਜ਼ਾ ਹੁਣ ਉਸ ਨੂੰ ਜੇਲ ਵਿੱਚ ਬੈਠਕੇ ਭੁਗਤਣਾ ਪੈ ਰਿਹਾ ਹੈ ਪਰ ਹਕੀਕਤ ਕੀ ਹੈ ਇਸ ਬਾਰੇ ਠੋਸ ਰੂਪ ਵਿੱਚ ਕਿਹਾ ਤਾਂ ਨਹੀ ਜਾ ਸਕਦਾ ਪਰ ਇਹ ਕਿਆਫ਼ੇ ਲੱਗ ਰਹੇ ਹਨ ਕਿ ਡਾਕਟਰ ਵਿਚਾਰੇ ਨੂੰ ਭਾਰਤੀ ਲੋਕਾਂ ਉਪੱਰ ਯਕੀਨ ਕਰਨ ਦੀ ਸਜ਼ਾ ਮਿਲੀ ਹੈ ਕਿਉਂ ਕਿ ਕਿਸੇ ਭਾਰਤੀ ਨੇ ਹੀ ਡਾਕਟਰ ਦੇ ਇਸ ਕਾਰਨਾਮੇ ਦੀ ਪੁਲਸ ਨੂੰ ਦੱਸ ਪਾਈ ਹੈ।

ਅਪ੍ਰੀਲੀਆ : ਭਾਰਤੀ ਬੱਚਿਆਂ ਲਈ ਪੰਜਾਬੀ ਅਤੇ ਹਿੰਦੀ ਭਾਸ਼ਾ ਦੀ ਸਿੱਖਿਆ ਲਈ ਸ਼ੁਰੂ ਹੋਇਆ ਸਕੂਲ

ਬਰੇਸ਼ੀਆ : ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਸੰਬੰਧੀ ਕਰਵਾਇਆ ਗੁਰਮਤਿ ਸਮਾਗਮ