ਮਿਲਾਨ (ਇਟਲੀ) 29 ਅਪ੍ਰੈਲ (ਪੱਤਰ ਪ੍ਰੇਰਕ) – ਇਟਲੀ ‘ਚ ਇਕ ਰਾਰਾ ਟਰੈਵਲ ਏਜੰਸੀ ਦੇ ਬੁਲਾਰੇ ਦੁਆਰਾ ਬੀਤੇ ਦਿਨ ਫੇਸਬੁੱਕ ‘ਤੇ ਲਾਇਵ ਵੀਡੀਓ ਪਾ ਕੇ ਭਾਰਤ ਵਿਚ ਫਸੇ ਮੁਸਾਫਰਾਂ ਨੂੰ ਇਟਲੀ ਲਿਆਉਣ ਦਾ ਦਾਅਵਾ ਕਰਦਿਆਂ ਸਪੈਸ਼ਲ ਫਲਾਇਟ ਚਲਾਉਣ ਦੀ ਜੋ ਗੱਲ ਕਹੀ ਗਈ ਸੀ, ਉਸ ਨੂੰ ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਦੁਆਰਾ ਫੇਕ ਕਹਿ ਕੇ ਲੋਕਾਂ ਨੂੰ ਉਸ ਉਕਤ ਵਿਅਕਤੀ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਮਿਲਾਨ ਕੌਸਲੇਟ ਜਨਰਲ ਦੁਆਰਾ ਆਪਣੇ ਫੇਸਬੁੱਕ ਪੇਜ ‘ਤੇ ਲੋਕਾਂ ਨੂੰ ਉਸ ਉਕਤ ਵਿਅਕਤੀ ਦੀ ਸ਼ਨਾਖਤ ਵਾਲੀ ਫੋਟੋ ਪਾ ਕੇ ਉਸ ਟਰੈਵਲ ਏਜੰਟ ਦੁਆਰਾ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਲਈ ਨਿਖੇਧੀ ਵੀ ਕੀਤੀ ਹੈ। ਕੌਸਲੇਟ ਜਨਰਲ ਦੁਆਰਾ ਇਹ ਵੀ ਲਿਖਿਆ ਗਿਆ ਹੈ ਕਿ ਇੰਡੀਆ ਤੋਂ ਮਿਲਾਨ ਫਲਾਇਟ ਲੈ ਕੇ ਆਉਣ ਸਬੰਧੀ ਉਸ ਉਕਤ ਟਰੇਵਲ ਏਜੰਟ ਦੀ ਕਿਸੇ ਇੰਡੀਅਨ ਅਤੇ ਇਟਾਲੀਅਨ ਅੰਬੈਸੀ ਨਾਲ ਕਿਧਰੇ ਵੀ ਕਿਸੇ ਕਿਸਮ ਦੀ ਕੋਈ ਵੀ ਗੱਲ ਨਹੀ ਹੋਈ ਹੈ। ਦੱਸਣਯੋਗ ਹੈ ਕਿ ਉਸ ਉਕਤ ਟਰੈਵਲ ਏਜੰਟ ਨੇ ਆਪਣੇ ਵੀਡੀਓ ਵਿੱਚ ਕੋਰੋਨਾ ਕਾਰਨ ਇੰਡੀਆ ਵਿਚ ਫਸੇ ਵਿਅਕਤੀਆਂ ਨੂੰ ਭਾਰਤ ਤੋਂ ਇਟਲੀ ਲਿਆਉਣ ਲਈ ਸਪੈਸ਼ਲ ਫਲਾਇਟ ਦਾ ਪ੍ਰਬੰਧ ਕਰਨ ਦਾ ਜਿਕਰ ਕਰਦਿਆਂ ਇਹ ਵੀ ਕਿਹਾ ਸੀ ਕਿ ਉਸ ਦੀ ਅੰਬੈਸੀ ਨਾਲ ਇਸ ਬਾਰੇ ਗੱਲ ਹੋ ਗਈ ਹੈ ਜਦੋਂ ਕਿ ਕੌਸਲੇਟ ਜਨਰਲ ਨੇ ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਆਪਣੇ ਫੇਸ ਬੁੱਕ ਪੇਜ ‘ਤੇ ਜਾਣਕਾਰੀ ਪਾ ਕੇ ਉਸ ਵਿਅਕਤੀ ਦੇ ਦਾਅਵੇ ਨੂੰ ਕੇਵਲ ਫੇਕ ਨਿਊਜ ਕਹਿ ਕੇ ਨਿਖੇਧੀ ਕੀਤੀ ਹੈ।