ਗੈਰ ਯੂਰਪੀ ਵਿਦੇਸ਼ੀ ਨਾਗਰਿਕ ਜਿਹੜੇ ਇਟਲੀ ਵਿਚ ਕਾਨੂੰਨੀ ਤੌਰ ‘ਤੇ ਰਹਿ ਕੇ ਕੰਮ ਕਰਦੇ ਹਨ ਅਤੇ ਕਿਸੇ ਕਾਰਨ ਲੰਬੇ ਸਮੇਂ ਲਈ ਆਪਣੇ ਦੇਸ਼ ਵਿਚ ਰਹਿਣਾ ਚਾਹੁੰਦੇ ਹਨ, ਬਿਨਾਂ ਆਪਣੀ ਇਟਲੀ ਦੀ ਨਿਵਾਸ ਆਗਿਆ ਨੂੰ ਨੁਕਸਾਨ ਪਹੁੰਚਾਏ ਉਹ ਕਿੰਨਾ ਸਮਾਂ ਇਟਲੀ ਤੋਂ ਬਾਹਰ ਰਹਿ ਸਕਦੇ ਹਨ? ਅਜਿਹੇ ਹੀ ਕਈ ਤਰ੍ਹਾਂ ਦੇ ਸਵਾਲ ਬਹੁਤ ਸਾਰੇ ਵਿਦੇਸ਼ੀਆਂ ਦੇ ਸਾਹਮਣੇ ਅਕਸਰ ਹੀ ਆਉਂਦੇ ਹਨ।
ਗੈਰਯੂਰਪੀ ਵਿਦੇਸ਼ੀ ਨਾਗਰਿਕ ਜਿਨ੍ਹਾਂ ਕੋਲ ਇਟਲੀ ਵਿਚ ਰਹਿਣ ਦੀ ਕਾਨੂੰਨੀ ਤੌਰ ‘ਤੇ ਆਗਿਆ (ਨਿਵਾਸ ਆਗਿਆ) ਜਾਂ ਲੰਬੇ ਸਮੇਂ ਦੀ ਨਿਵਾਸ ਆਗਿਆ (ਕਾਰਤਾ ਦੀ ਸਜੋਰਨੋ) ਹੈ, ਉਹ ਅਸਥਾਈ ਤੌਰ ‘ਤੇ ਇਟਲੀ ਤੋਂ ਬਾਹਰ ਰਹਿ ਸਕਦੇ ਹਨ।
ਇਟਲੀ ਵਿਚ ਕਾਨੂੰਨੀ ਤੌਰ ‘ਤੇ ਰਹਿ ਕੇ ਕੰਮ ਕਰਨ ਵਾਲੇ ਗੈਰਯੂਰਪੀਅਨ ਵਿਦੇਸ਼ੀ ਨਾਗਰਿਕਾਂ ਨੂੰ ਕਿਸੇ ਕਾਰਨ ਜਰੂਰਤ ਪੈਣ ‘ਤੇ ਇਟਲੀ ਤੋਂ ਬਾਹਰ ਰਹਿਣ ਦਾ ਕਾਨੂੰਨੀ ਤੌਰ ‘ਤੇ ਅਧਿਕਾਰ ਪ੍ਰਾਪਤ ਹੈ, ਪ੍ਰੰਤੂ ਇਟਲੀ ਤੋਂ ਬਾਹਰ ਕਿੰਨੇ ਸਮੇਂ ਲਈ ਰਹਿਣਾ ਹੈ, ਇਹ ਗੈਰਯੂਰਪੀਅਨ ਨਾਗਰਿਕ ਦੀ ਨਿਵਾਸ ਆਗਿਆ ਦੀ ਸਮਾਂ ਸੀਮਾ (ਮਣਿਆਦ) ਉੱਤੇ ਨਿਰਭਰ ਕਰਦਾ ਹੈ ਕਿ ਉਹ ਕਿੰਨਾ ਸਮਾਂ ਦੇਸ਼ ਤੋਂ ਬਾਹਰ ਬਤੀਤ ਕਰ ਸਕਦਾ ਹੈ। ਜੇਕਰ ਇਹ ਸਮਾਂ ਨਿਰਧਾਰਤ ਸਮੇਂ ਤੋਂ ਜਿਆਦਾ ਬੀਤ ਜਾਂਦਾ ਹੈ, ਤਾਂ ਵਿਦੇਸ਼ੀ ਨੂੰ ਨਿਵਾਸ ਆਗਿਆ ਨੂੰ ਨਵਿਆਉਣ ਜਾਂ ਨਿਵਾਸ ਆਗਿਆ ਦੀ ਸਥਿਤੀ ਬਦਲਵਾਉਣ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਮੁਸ਼ਕਿਲ ਤੋਂ ਬਚਣ ਲਈ ਜਰੂਰੀ ਹੈ ਕਿ ਗੈਰਯੂਰਪੀ ਵਿਦੇਸ਼ੀ ਨਾਗਰਿਕ ਇਟਲੀ ਤੋਂ ਬਾਹਰ ਜਾਣ ਤੋਂ ਪਹਿਲਾਂ ਆਪਣੀ ਨਿਵਾਸ ਆਗਿਆ ਦੀ ਮਣਿਆਦ ਨੂੰ ਘੋਖ ਲਵੇ।
ਲੈਜਿਸਲੇਟਿਵ ਡੀਕਰੀ 286/98, ਇਮੀਗ੍ਰੇਸ਼ਨ ਦੇ ਕਾਨੂੰਨ ਦੇ ਆਰਟੀਕਲ 9 ਦੇ ਪੈਰਾਗ੍ਰਾਫ 7 ਦੇ ਪੱਤਰ ਡੀ ਅਨੁਸਾਰ ਜੇਕਰ ਲੰਬੇ ਸਮੇਂ ਦੀ ਨਿਵਾਸ ਆਗਿਆ ਧਾਰਕ 12 ਮਹੀਨੇ ਤੋਂ ਜਿਆਦਾ ਸਮਾਂ ਦੇਸ਼ ਤੋਂ ਬਾਹਰ ਰਹਿੰਦੇ ਹਨ ਤਾਂ ਉਨ੍ਹਾਂ ਦੀ ਨਿਵਾਸ ਆਗਿਆ ਦਾ ਅਧਿਕਾਰ ਖਾਰਜ ਕੀਤਾ ਜਾ ਸਕਦਾ ਹੈ।
ਜਿਹੜੇ ਵਿਦੇਸ਼ੀ (ਕੰਮ, ਪਰਿਵਾਰਕ ਕਾਰਨ, ਸਿੱਖਿਆ ਆਦਿ) ਕਾਰਨਾਂ ਕਰ ਕੇ ਲੰਬੇ ਸਮੇਂ ਦੀ ਨਿਵਾਸ ਆਗਿਆ ਧਾਰਕ ਹਨ, ਉਹ ਯੂਰਪੀਅਨ ਦੇਸ਼ ਇਟਲੀ ਵਿਚੋਂ ਬਹੁਤ ਥੋੜੇ ਸਮੇਂ ਲਈ ਬਾਹਰ ਰਹਿ ਸਕਦੇ ਹਨ।
ਲੈਜਿਸਲੇਟਿਵ ਡੀਕਰੀ 394/99, ਇਮੀਗ੍ਰੇਸ਼ਨ ਕਾਨੂੰਨ ਦੇ ਆਰਟੀਕਲ 13 ਦੇ ਪੈਰਾਗ੍ਰਾਫ 4 ਅਨੁਸਾਰ ਜੇਕਰ ਕਿਸੇ ਗੈਰਯੂਰਪੀਅਨ ਵਿਦੇਸ਼ੀ ਨਾਗਰਿਕ ਦੀ ਨਿਵਾਸ ਆਗਿਆ ਦੀ ਮਣਿਆਦ ਸਿਰਫ ਇਕ ਸਾਲ ਤੱਕ ਰਹਿ ਗਈ ਹੈ ਤਾਂ ਉਹ 6 ਮਹੀਨਿਆਂ ਤੋਂ ਵਧੇਰੇ ਸਮਾਂ ਇਟਲੀ ਤੋਂ ਬਾਹਰ ਨਹੀਂ ਰਹਿ ਸਕਦਾ, ਅਜਿਹਾ ਕਰਨ ਦੀ ਸੂਰਤ ਵਿਚ ਵਿਦੇਸ਼ੀ ਨਿਵਾਸ ਆਗਿਆ ਨਵਿਆਉਣ ਦਾ ਅਧਿਕਾਰ ਗੁਆ ਦਿੰਦਾ ਹੈ। ਜੇਕਰ ਕਿਸੇ ਵਿਦੇਸ਼ੀ ਦੀ ਸਜੋਰਨੋ ਦੀ ਮਣਿਆਦ 2 ਸਾਲ ਤੱਕ ਦੀ ਹੈ ਤਾਂ ਉਹ ਤਕਰੀਬਨ ਇਕ ਸਾਲ ਲਈ ਇਟਲੀ ਤੋਂ ਬਾਹਰ ਰਹਿ ਸਕਦਾ ਹੈ।
ਜੇਕਰ ਕੋਈ ਵਿਦੇਸ਼ੀ ਨਾਗਰਿਕ ਕੁਝ ਖਾਸ ਅਹਿਮ ਕਾਰਨਾਂ ਕਰ ਕੇ ਕਾਨੂੰਨ ਦੁਆਰਾ ਨਿਰਧਾਰਤ ਕੀਤੇ ਸਮੇਂ ਤੋਂ ਜਿਆਦਾ ਸਮਾਂ ਇਟਲੀ ਤੋਂ ਬਾਹਰ ਰਹਿਣ ਲਈ ਮਜਬੂਰ ਹੋ ਜਾਂਦਾ ਹੈ, ਜਿਵੇਂ ਕਿ ਕਿਸੇ ਗੰਭੀਰ ਬਿਮਾਰੀ ਕਾਰਨ ਹਸਪਤਾਲ ਵਿਚ ਭਰਤੀ ਹੋਣ ਜਾਂ ਕਿਸੇ ਖਾਸ ਵਿਅਕਤੀ (ਪਤੀ/ਪਤਨੀ ਜਾਂ ਪਹਿਲੇ ਦਰਜੇ ਦੇ ਰਿਸ਼ਤੇਦਾਰ) ਦੀ ਦੇਖਭਾਲ ਲਈ ਜਾਂ ਫੌਜ ਦੀਆਂ ਖਾਸ ਗਤੀਵਿਧੀਆਂ ਵਿਚ ਸ਼ਮੂਲੀਅਤ ਆਦਿ ਵਿਚ ਹੋਣ ਦੀ ਸੂਰਤ ਵਿਚ ਉਹ ਇਸ ਸਬੰਧੀ ਸਾਰੇ ਦਸਤਾਵੇਜ਼ (ਇਟਾਲੀਅਨ ਭਾਸ਼ਾ) ਵਿਚ ਅਨੁਵਾਦਿਤ ਇਟਾਲੀਅਨ ਦੂਤਾਵਾਸ ਤੋਂ ਪ੍ਰਮਾਣਿਤ ਹੋਣ, ਸਬੂਤ ਦੇ ਤੌਰ ‘ਤੇ ਦਰਖ਼ਾਸਤ ਦੇ ਨਾਲ ਪੇਸ਼ ਕਰਨ।
ਜਦੋਂ ਕੋਈ ਵਿਦੇਸ਼ੀ ਇਟਲੀ ਤੋਂ ਬਾਹਰ ਹੈ ਅਤੇ ਉਸਦੀ ਨਿਵਾਸ ਆਗਿਆ ਦੀ ਮਣਿਆਦ ਖਤਮ ਹੋ ਜਾਂਦੀ ਹੈ, ਤਾਂ ਅਜਿਹੀ ਹਾਲਤ ਵਿਚ ਉਹ ਇਟਲੀ ਦੁਬਾਰਾ ਦਾਖਲ ਹੋਣ ਲਈ ਆਪਣੇ ਦੇਸ਼ ਵਿਚ ਸਥਿਤ ਇਟਾਲੀਅਨ ਕੌਂਸਲੇਟ ਨੂੰ ਦਰਖ਼ਾਸਤ ਦੇ ਸਕਦਾ ਹੈ, ਪ੍ਰੰਤੂ ਧਿਆਨ ਦੇਣ ਯੋਗ ਹੈ ਕਿ ਨਿਵਾਸ ਆਗਿਆ ਖਤਮ ਹੋਣ ਦੀ ਮਣਿਆਦ 60 ਦਿਨ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ। ਸਿਰਫ ਵਿਦੇਸ਼ੀ ਨਾਗਰਿਕ ਦੇ ਸਿਹਤ ਸਬੰਧੀ ਗੰਭੀਰ ਕਾਰਨਾਂ ਕਰ ਕੇ ਨਿਵਾਸ ਆਗਿਆ ਦੀ ਮਣਿਆਦ ਖਤਮ ਹੋਣ ਤੋਂ 6 ਮਹੀਨਿਆਂ ਅੰਦਰ ਦੇਸ਼ ਵਿਚ ਮੁੜ ਦਾਖਲਾ ਸੰਭਵ ਹੈ।
ਵੀਜ਼ਾ ਦਰਖ਼ਾਸਤ ਦੇ ਨਾਲ ਖਤਮ ਹੋ ਚੁੱਕੀ ਨਿਵਾਸ ਆਗਿਆ ਨੱਥੀ ਕਰਨੀ ਲਾਜ਼ਮੀ ਹੈ, ਕੌਂਸਲੇਟ ਵੱਲੋਂ ਇਸ ਸਬੰਧ ਿਕਸਤੂਰਾ ਵੱਲੋਂ ਜਾਰੀ ਕੀਤੀ ਆਗਿਆ ਦੀ ਸਥਿਤੀ ਦੀ ਜਾਂਚ ਪੜ੍ਹਤਾਲ ਕੀਤੀ ਜਾਂਦੀ ਹੈ। ਜਾਂਚ ਪੂਰੀ ਹੋਣ ਉਪਰੰਤ ਹੀ ਵਿਦੇਸ਼ੀ ਨੂੰ ਦੇਸ਼ ਵਿਚ ਮੁੜ ਦਾਖਲ ਹੋਣ ਦੀ ਇਜਾਜਤ ਦਿੱਤੀ ਜਾਂਦੀ ਹੈ।
ਜੇਕਰ ਕਿਸੇ ਵਿਦੇਸ਼ੀ ਦੀ ਨਿਵਾਸ ਆਗਿਆ ਗੁੰਮ ਹੋ ਜਾਵੇ ਜਾਂ ਚੋਰੀ ਹੋ ਜਾਵੇ ਤਾਂ ਅਜਿਹੀ ਹਾਲਤ ਵਿਚ ਵੀ ਦੇਸ਼ ਵਿਚ ਮੁੜ ਦਾਖਲ ਹੋਣ ਸਬੰਧੀ ਵੀਜ਼ਾ ਦਰਖ਼ਾਸਤ ਦਿੱਤੀ ਜਾ ਸਕਦੀ ਹੈ। ਇਸ ਲਈ ਜਰੂਰੀ ਹੈ ਕਿ ਵਿਦੇਸ਼ੀ ਨਿਵਾਸ ਆਗਿਆ ਦੇ ਗੁੰਮ ਹੋਣ ਜਾਂ ਚੋਰੀ ਹੋਣ ਦੀ ਰਿਪੋਰਟ ਦਰਜ ਕਰਵਾਏ ਅਤੇ ਵੀਜ਼ਾ ਦਰਖ਼ਾਸਤ ਦੇ ਨਾਲ ਇਹ ਰਿਪੋਰਟ ਨੱਥੀ ਕਰੇ, ਪੂਰੀ ਜਾਂਚ ਪੜ੍ਹਤਾਲ ਤੋਂ ਬਾਅਦ ਵਿਦੇਸ਼ੀ ਨੂੰ ਦੇਸ਼ ਵਿਚ ਮੁੜ ਦਾਖਲ ਹੋਣ ਦਾ ਅਧਿਕਾਰ ਦਿੱਤਾ ਜਾਂਦਾ ਹੈ।
– ਵਰਿੰਦਰ ਕੌਰ ਧਾਲੀਵਾਲ
ਨੋਟ : www.punjabexpress.info ‘ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ। ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ।