in

ਇਟਲੀ ਦੇ ਪੇਪਰ ਜਮ੍ਹਾਂ ਕਰਵਾਉਣ ਲਈ ਕਾਮਿਆਂ ਦੀ ਹੁੰਦੀ ਹੈ ਲੁੱਟ, ਭਾਰਤੀ ਆਗੂ ਚੁੱਪ

ਰੋਮ (ਇਟਲੀ) (ਦਲਵੀਰ ਕੈਂਥ) – ਇਹ ਖ਼ਬਰ ਉਹਨਾਂ ਲੋਕਾਂ ਲਈ ਵਿਸ਼ੇਸ਼ ਹੈ ਜਿਹੜੇ ਇਹ ਕਹਿੰਦੇ ਹਨ ਕਿ ਯੂਰਪੀਅਨ ਦੇਸ਼ਾਂ ਵਿੱਚ ਭ੍ਰਿਸ਼ਟਾਚਾਰ ਜਾਂ ਗੈਰ-ਕਾਨੂੰਨੀ ਕੰਮ ਨਹੀਂ ਹੁੰਦੇ। ਇੱਥੇ ਜੇਕਰ ਇਟਲੀ ਦੀ ਗੱਲ ਕੀਤੀ ਜਾਵੇ ਤਾਂ ਯੂਰਪ ਭਰ ਵਿੱਚੋਂ ਇਟਲੀ ਭ੍ਰਿਸ਼ਟਾਚਾਰ ਵਿੱਚ ਪਹਿਲੇ ਨੰਬਰ ‘ਤੇ ਹੈ. ਇਸ ਕਾਰਵਾਈ ਦੀਆਂ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ, ਜਿਸ ਵਿੱਚ ਇੱਕ ਉਦਾਹਰਣ ਹੈ ਇਟਲੀ ਦੇ ਪੇਪਰਾਂ ਸੰਬਧੀ, ਜਿਸਨੂੰ ਕਿ ਇਟਲੀ ਰਹਿਣ ਵਾਲੇ ਕੁਝ ਭਾਰਤੀ ਅੱਜਕਲ੍ਹ ਹੱਡੀ ਹੰਢਾਅ ਰਹੇ ਹਨ. ਬੀਤੇ ਕਰੀਬ 2 ਸਾਲ ਤੋਂ ਇਟਲੀ ਦੇ ਨਿਕਲ ਰਹੇ ਪੇਪਰ ਉਹ ਚਾਹੇ ਪਰਿਵਾਰ ਦੇ ਹਨ ਜਾਂ ਫਿਰ ਕਾਮਿਆਂ ਦੇ ਜਦੋਂ ਪੇਪਰ ਦਿੱਲੀ (ਭਾਰਤ) ਸਥਿਤ ਇਟਾਲੀਅਨ ਅੰਬੈਂਸੀ ਵਿੱਚ ਜਮ੍ਹਾਂ ਕਰਵਾਉਂਣੇ ਹੁੰਦੇ ਹਨ ਤਾਂ ਉਸ ਲਈ ਇੱਕ ਨਿਰਧਾਰਤ ਤਾਰੀਕ ਲੈਣੀ ਪੈਂਦੀ ਹੈ. ਤਾਰੀਕ ਲੈਣ ਦੀ ਪ੍ਰਕਿਰਿਆ ਚਾਹੇ ਕੋਰੋਨਾ ਕਾਲ ਵਿੱਚ ਸ਼ੁਰੂ ਹੋਈ ਸੀ, ਪਰ ਹੁਣ ਤੱਕ ਵੀ ਇਹ ਕਾਰਵਾਈ ਜਾਰੀ ਹੈ. ਬਿਨ੍ਹਾਂ ਨਿਰਧਾਰਤ ਤਾਰੀਕ ਲਏ ਤੁਸੀ ਅੰਬੈਂਸੀ ਜਾਣਾ ਤਾਂ ਕੀ ਦਾਖਲ ਵੀ ਨਹੀਂ ਹੋ ਸਕਦੇ।
ਬੀਤੇ ਸਮੇਂ ਵਿੱਚ ਜੋ ਵੀ ਕੋਰੋਨਾ ਦੇ ਮੱਦੇਨਜ਼ਰ ਦੇਸ਼-ਵਿਦੇਸ਼ ਵਿੱਚ ਕਿਸੇ ਵੀ ਜਨਤਕ ਦਫ਼ਤਰ ਵਿੱਚ ਜਾਣ ਲਈ ਸ਼ਰਤਾਂ ਸਰਕਾਰਾਂ ਵੱਲੋਂ ਰੱਖੀਆਂ ਗਈਆਂ ਸਨ, ਉਹ ਲਗਭਗ ਖਤਮ ਹੋ ਚੁੱਕੀਆਂ ਹਨ, ਪਰ ਇਟਾਲੀਅਨ ਅੰਬੈਂਸੀ ਦੇ ਅਧਿਕਾਰੀਆਂ ਨੂੰ ਹੁਣ ਵੀ ਡਰ ਲਗ ਰਿਹਾ ਹੈ ਕਿ ਕਿਤੇ ਕੋਰੋਨਾ ਉਹਨਾਂ ਨੂੰ ਫੜ੍ਹ ਨਾ ਲਵੇ, ਇਸ ਲਈ ਉਹ ਲੋਕਾਂ ਨੂੰ ਬਿਨ੍ਹਾਂ ਨਿਰਧਾਰਤ ਤਾਰੀਕ ਲਏ ਅੰਬੈਂਸੀ ਦਾਖਲ ਹੋਣ ਨਹੀਂ ਦਿੰਦੇ। ਇਹ ਪੱਖ ਸੀ ਇਟਲੀ ਦੀ ਦਿੱਲੀ (ਭਾਰਤ) ਸਥਿਤ ਇਟਾਲੀਅਨ ਅੰਬੈਂਸੀ ਦਾ, ਪਰ ਆਪਣੇ ਪਾਠਕਾਂ ਲਈ ਇਸ ਉਲਝੇ ਤਾਣੇ-ਬਾਣੇ ਦਾ ਦੂਜਾ ਪੱਖ ਪੇਸ਼ ਹੈ, ਜਿਸ ਨੂੰ ਜਾਣ ਉਹਨਾਂ ਲੋਕਾਂ ਨੂੰ ਹੈਰਾਨੀ ਹੋਵੇਗੀ, ਜਿਹਨਾਂ ਦਾ ਇਟਲੀ ਨਾਲ ਕੋਈ ਵਾਹ-ਵਾਸਤਾ ਨਹੀਂ।
ਇਟਲੀ ਦੇ ਪੇਪਰਾਂ ਨੂੰ ਦਿੱਲੀ ਸਥਿਤ ਇਟਾਲੀਅਨ ਅੰਬੈਂਸੀ ਵਿੱਚ ਜਮ੍ਹਾਂ ਕਰਵਾਉਣ ਲਈ ਪੰਜਾਬ ਦੇ ਕੁਝ ਠੱਗ ਜਿਹੇ ਏਜੰਟ ਇਟਲੀ ਜਾਂ ਭਾਰਤ ਦੇ ਮਜ਼ਬੂਰ ਬੇਵੱਸ ਲੋਕਾਂ ਤੋਂ 20,000 ਰੁਪਏ ਤੋਂ 150,000 ਰੁਪਏ ਤੱਕ ਵਸੂਲ ਕਰ ਰਹੇ ਹਨ. ਜਿਸ ਨੂੰ “ਮਰਦੀ ਕੀ ਨਾ ਕਰਦੀ” ਲੋਕ ਕਹਾਵਤ ਵਾਂਗਰ ਲੋਕਾਂ ਨੂੰ ਦੇਣੇ ਪੈ ਰਹੇ ਹਨ।ਤਾਰੀਕ ਫਿਰ ਵੀ ਉਹਨਾਂ ਨੂੰ 1 ਮਹੀਨੇ ਬਆਦ ਹੀ ਮਿਲਦੀ ਹੈ। ਇਹ ਪੇਪਰ ਚਾਹੇ ਪਰਿਵਾਰ ਦੇ ਹਨ ਜਾਂ ਕੰਮ ਦੇ ਏਜੰਟਾਂ ਨੇ ਇੱਕ ਹੀ ਟੋਕਾ ਰੱਖਿਆ ਹੈ, ਜਿਸ ਨਾਲ ਉਹ ਸਭ ਨੂੰ ਟੁੱਕੀ ਜਾਂਦੇ ਹਨ ਤੇ ਇਸ ਗੋਰਖ ਧੰਦੇ ਵਿੱਚ ਬਰਾਬਰ ਸ਼ਰੀਕ ਹਨ ਇਟਾਲੀਅਨ ਅੰਬੈਂਸੀ ਦੇ ਕੁਝ ਅਧਿਕਾਰੀ ਜਿਹੜੇ ਕਿ ਆਨਲਾਈਨ ਤਾਰੀਕ ਸੌਖੇ ਢੰਗ ਨਾਲ ਨਹੀਂ ਦਿੰਦੇ। ਇਹ ਲੋਕ ਆਪਸ ਵਿੱਚ ਰਲ-ਮਿਲਕੇ ਲਾਚਾਰ ਲੋਕਾਂ ਦਾ ਦੋਨੋ ਹੱਥੀਂ ਸੋਸ਼ਣ ਕਰ ਰਹੇ ਹਨ. ਜਿਸ ਲਈ ਹੁਣ ਤੱਕ ਕੋਈ ਵੀ ਸਖ਼ਸ਼ ਬੋਲਣਾ ਨਹੀਂ ਚਾਹੁੰਦਾ, ਸਗੋ ਪਤਲੀ ਗਲੀ ਵਿੱਚੋਂ ਆਪਣਾ ਕੰਮ ਕਰਵਾ ਨਿਕਲਣ ਵਿੱਚ ਹੀ ਪੁੰਨ ਦਾ ਕੰਮ ਸਮਝਦਾ ਹੈ। ਅਨੇਕਾਂ ਅਜਿਹੇ ਲੋਕ ਹਨ ਜਿਹਨਾਂ ਨੂੰ ਇਟਾਲੀਅਨ ਐਂਬੈਸੀ ਨੇ ਪੇਪਰ ਜਮ੍ਹਾਂ ਕਰਵਾਉਣ ਲਈ ਸਮੇਂ ਸਿਰ ਤਾਰੀਕ ਨਹੀਂ ਦਿੱਤੀ, ਜਿਸ ਕਾਰਨ ਉਹ ਵਿਚਾਰੇ 84 ਦੇ ਗੇੜ ਵਿੱਚ ਫਸ ਜਾਂਦੇ ਹਨ ਤੇ ਦੁਬਾਰਾ ਇਟਲੀ ਤੋਂ ਖਰਚਾਂ ਕਰ ਪੇਪਰ ਰਿਨਿਊ ਕਰਵਾ ਕੇ ਮੰਗਵਾਉਂਦੇ ਹਨ, ਕਿਉਂਕਿ ਜਦੋਂ ਇਟਲੀ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੇਪਰ (ਨੂਲਾ ਔਸਤਾ) ਦਿੱਤਾ ਜਾਂਦਾ ਹੈ ਤਾਂ ਉਸ ਦੀ ਮਿਆਦ 6 ਮਹੀਨੇ ਤੱਕ ਮੰਨੀ ਜਾਂਦੀ ਹੈ।
ਉਂਝ ਤਾਂ ਇਹ ਗੌਰਖ ਧੰਦਾ ਕਈ ਮਹੀਨਿਆਂ ਤੋਂ ਨਿਰੰਤਰ ਚੱਲ ਰਿਹਾ ਹੈ, ਪਰ ਹੁਣ ਫਿਰ ਇਟਲੀ ਦੇ ਸੀਜ਼ਨੀ ਕੰਮ ਵਾਲੇ ਨਿਕਲੇ ਪੇਪਰਾਂ ਨੂੰ ਲੈ ਲੋਕਾਂ ਨੂੰ ਤਰਲੋ-ਮੱਛੀ ਹੁੰਦੇ ਦੇਖਿਆ ਜਾ ਰਿਹਾ ਹੈ। ਨਿਕਲੇ ਪੇਪਰਾਂ ਵਾਲਾ ਵਿਅਕਤੀ ਪਹਿਲ ਦੇ ਅਧਾਰ ‘ਤੇ ਦਿੱਲੀ ਅੰਬੈਂਸੀ ਪੇਪਰ ਜਮ੍ਹਾਂ ਕਰਵਾਉਣ ਲਈ ਕੋਈ ਵੀ ਸਮਝੌਤਾ ਕਰਨ ਵਿੱਚ ਇਹ ਨਹੀਂ ਸੋਚਦਾ ਕੀ ਉਸ ਦੀ ਲੁੱਟ ਹੋ ਰਹੀ ਹੈ. ਉਸ ਦਾ ਜਨੂੰਨ ਹੁੰਦਾ ਜਲਦ ਇਟਲੀ ਪਹੁੰਚਣਾ, ਉਸ ਲਈ ਫਿਰ ਚਾਹੇ ਉਸ ਨੂੰ ਜਿੱਥੇ ਪਹਿਲਾਂ 10 ਲੱਖ ਲਗਾਏ ਹੁੰਦੇ ਹਨ 1 ਲੱਖ ਨਾਲ ਫਰਕ ਨਹੀਂ ਪੈਂਦਾ। ਠੱਗ ਏਜੰਟ ਬਸ ਇਸ ਜਨੂੰਨ ਨੂੰ ਇਸ ਹੱਦ ਤੱਕ ਹਵਾ ਦੇ ਦਿੰਦੇ ਹਨ ਕਿ ਬਹੁਤੇ ਲੋਕਾਂ ਨੂੰ ਤਾਂ ਹੋਈ ਲੁੱਟ ਦਾ ਇਟਲੀ ਆਕੇ ਉਦੋਂ ਪਤਾ ਲੱਗਦਾ ਜਦੋਂ ਵਿਚਾਰੇ ਕੰਮ ਨਾ ਮਿਲਣ ਕਾਰਨ ਇਟਲੀ ਦੇ ਹਾਲਤਾਂ ਦੇ ਧੱਕੇ ਚੜ੍ਹਦੇ ਹਨ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਜਿਹੜੇ ਵੀਜ਼ਾ ਲਗਵਾ ਇਟਲੀ ਆ ਜਾਂਦੇ ਹਨ, ਉਹ ਇਸ ਚੱਕਰਵਿਊ ਤੋਂ ਛੁੱਟਦੇ ਨਹੀਂ ਸਗੋਂ ਫਿਰ ਇਟਲੀ ਆਕੇ ਵੀ ਉਹਨਾਂ ਨੂੰ ਪੇਪਰ ਜਮ੍ਹਾਂ ਕਰਵਾਉਣ ਲਈ 200 ਯੂਰੋ ਲੈ 700 ਯੂਰੋ ਤੱਕ ਦੇਣਾ ਪੈ ਰਿਹਾ ਹੈ।
ਰਾਜਧਾਨੀ ਰੋਮ ਦੇ ਇਮੀਗ੍ਰੇਸ਼ਨ ਵਿਭਾਗ ਤੋਂ ਜਿਹੜੇ 2022 ਵਿੱਚ ਪੇਪਰ ਨਿਕਲੇ ਸਨ ਉਹਨਾਂ ਕਾਮਿਆਂ ਨੇ ਪਹਿਲਾਂ ਦੇਸ਼ ਵਿੱਚ ਸੋਸ਼ਣ ਕਰਵਾਇਆ ਤੇ ਹੁਣ ਇਟਲੀ ਆਕੇ ਕਰਵਾਉਣ ਲਈ ਮਜ਼ਬੂਰ ਹਨ। 6-6 ਮਹੀਨੇ ਬੀਤ ਜਾਣ ਬਆਦ ਵੀ ਇਹਨਾਂ ਕਾਮਿਆਂ ਨੂੰ ਪੇਪਰ ਜਮ੍ਹਾਂ ਕਰਵਾਉਣ ਲਈ ਤਾਰੀਕ ਨਹੀਂ ਮਿਲ ਰਹੀ ਤੇ ਇਟਲੀ ਦਾ ਕੋਈ ਵੀ ਸਿਆਸੀ ਜਾਂ ਗੈਰ ਸਿਆਸੀ ਭਾਰਤੀ ਆਗੂ ਇਹਨਾਂ ਦਾ ਮੋਢਾ ਥਪਥਪਾਉਣ ਲਈ ਤਿਆਰ ਨਹੀਂ ਸਭ ਮੂਕ ਦਰਸ਼ਕ ਬਣ ਤਮਾਸ਼ਾ ਦੇਖ ਰਹੇ ਹਨ।

Name Change / Cambio di Nome

ਤੁਸਕਾਨਾ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ