ਰੋਮ (ਇਟਲੀ) (ਦਲਵੀਰ ਕੈਂਥ) – ਤੁਸੀਂ ਅਕਸਰ ਅਜਿਹੀ ਹੇਰਾਫੇਰੀ ਭਰਿਆ ਵਾਕਿਆ ਫ਼ਿਲਮਾਂ ਵਿੱਚ ਦੇਖਿਆ ਹੋਵੇਗਾ ਕਿ ਕਿਵੇਂ ਠੱਗ ਮਾਫ਼ੀਆ ਇੰਟਰਨੈੱਟ ਦੇ ਮਾਧਿਅਮ ਨਾਲ ਲੋਕਾਂ ਦੇ ਬੈਂਕ ਖਾਤਿਆਂ ਵਿੱਚੋਂ ਕਰੋੜਾਂ ਰੁਪਏ ਜਾਂ ਡਾਲਰ, ਪੌਂਡ, ਯੂਰੋ ਲੁੱਟ ਲੈਂਦੇ ਹਨ ਪਰ ਅਸੀਂ ਤੁਹਾਨੂੰ ਅਸਲ ਵਿੱਚ ਅਜਿਹੇ ਡਾਕੇ ਬਾਰੇ ਦੱਸਣ ਜਾ ਰਹੇ ਹਾਂ ਜਿਹੜਾ ਕਿ ਇਟਲੀ ਦੇ ਸਭ ਤੋਂ ਮਸ਼ਹੂਰ ਖੇਤਰ ਤੁਸਕਾਨਾ ਸੂਬੇ ਵਿੱਚ ਘਟਿਆ।ਇਟਾਲੀਅਨ ਮੀਡੀਏ ਦੀਆਂ ਸੁਰਖੀਆਂ ਦੇ ਅਨੁਸਾਰ ਤੁਸਕਾਨਾ ਸੂਬੇ ਦੇ ਇੱਕ ਪ੍ਰਸਿੱਧ ਇਤਾਲਵੀ ਬੈਂਕ ਵਿੱਚੋਂ ਇੰਟਰਨੈੱਟ ਦੇ ਮਾਧਿਅਮ ਨਾਲ ਲੋਕਾਂ ਦੇ ਬੈਂਕ ਖਾਤਿਆ ਵਿੱਚੋਂ ਲੱਖਾਂ ਯੂਰੋ ਦੀ ਆਨਲਾਈਨ ਚੋਰੀ ਕੀਤੀ ਗਈ, ਜਿਸ ਨੂੰ ਅੰਜਾਮ ਦੇਣ ਵਾਲਾ ਇੱਕ ਵਿਸ਼ੇਸ਼ ਠੱਗ ਟੋਲਾ ਦੱਸਿਆ ਗਿਆ ਹੈ।
ਇਸ ਠੱਗ ਟੋਲੇ ਨੇ ਘਟਨਾ ਨੂੰ ਕਿਸ ਢੰਗ ਨਾਲ ਜਾਂ ਕਿਸ ਦੀ ਮਦਦ ਨਾਲ ਘਟਨਾ ਨੂੰ ਅੰਜਾਮ ਦਿੱਤਾ, ਇਸ ਦੀ 3-4 ਸੂਬਿਆਂ ਦੀ ਪੁਲਸ ਮਿਲਕੇ ਜਾਂਚ ਕਰ ਰਹੀ ਹੈ। ਜਿਸ ਵਿੱਚ ਸੂਬੇ ਦੀ ਸਾਈਬਰ ਸੁੱਰਖਿਆ ਟੀਮ ਵੀ ਉਚੇਚੇ ਤੌਰ ‘ਤੇ ਜਾਂਚ ਕਰ ਰਹੀ ਹੈ।ਜਿਸ ਤਹਿਤ ਪੁਲਸ ਨੇ 35 ਲੋਕਾਂ ਖਿਲਾਫ਼ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਆਨਲਾਈਨ ਡਾਕੇ ਦੀ ਘਟਨਾ ਦਾ ਕੇਸ ਫਿਰੈਂਸੇ ਅਦਾਲਤ ਕੋਲ ਪਹੁੰਚ ਚੁੱਕਾ ਹੈ ਜਿਸ ਨੂੰ ਭਾਪਦਿਆਂ ਮਾਨਯੋਗ ਅਦਾਲਤ ਨੇ ਦੋਸ਼ੀਆਂ ‘ਤੇ ਕਾਰਵਾਈ ਦੇ ਹੁਕਮ ਦਿੱਤੇ ਹਨ।ਜਿਹੜੇ ਕਥਿਤ ਦੋਸ਼ੀ ਫੜ੍ਹੇ ਗਏ ਹਨ, ਉਹ ਇਟਲੀ ਦੇ ਪ੍ਰਸਿੱਧ ਮਾਫ਼ੀਆ ਸੂਬੇ ਕੰਪਾਨੀਆ ਨਾਲ ਸੰਬਧਤ ਹਨ।
ਇਸ ਠੱਗ ਟੋਲੇ ਨੇ ਕੰਪਿਊਟਰ ਪ੍ਰਣਾਲੀ ਦੇ ਮਾਹਿਰ ਦੱਸ ਕੇ ਬੈਂਕ ਕਰਮਚਾਰੀਆਂ ਨੂੰ ਉਲਝਾ ਲਿਆ ਤੇ ਬੈਂਕ ਦੀ ਸਾਰੀ ਇੰਟਰਨੈੱਟ ਪ੍ਰਣਾਲੀ ‘ਤੇ ਕੰਟਰੋਲ ਕਰ ਲਿਆ, ਜਿਸ ਨਾਲ ਇਹਨਾਂ ਠੱਗਾਂ ਨੇ 10 ਲੱਖ ਯੂਰੋ ਦੀ ਰਕਮ ਆਪਣੇ ਸਾਥੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਲਈ।ਘਟਨਾ ਦੀ ਜਾਣਕਾਰੀ ਮਿਲਦੇ ਹੀ ਫਿਰੈਂਸੇ ਦੀ ਸਾਈਬਰ ਸੁਰੱਖਿਆ ਦੀ ਟੀਮ ਨੇ ਉਪਰੇਸ਼ਨ ਸੈਂਟਰ ਨੂੰ ਕੰਟਰੋਲ ਕਰਦਿਆਂ 4 ਲੱਖ ਯੂਰੋ ਨੂੰ ਤਾਂ ਬਚਾਅ ਲਿਆ ਪਰ ਬਾਕੀ ਰਕਮ ਨੂੰ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਜਾਰੀ ਹਨ।ਸੁਣਨ ਵਿੱਚ ਇਹਨਾਂ ਅਫ਼ਵਾਹਾਂ ਦਾ ਵੀ ਜ਼ੋਰ ਹੈ ਕਿ ਇਹ ਠੱਗੀ ਕੁਝ ਬੈਂਕ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੀ ਸੰਭਵ ਹੈ ਜਿਸ ਦਾ ਸੱਚ ਆਉਣ ਵਾਲਾ ਸਮਾਂ ਹੀ ਜੱਗ ਜਾਹਿਰ ਕਰੇਗਾ।ਇਟਲੀ ਪੁਲਸ ਨੇ ਦੇਸ਼ ਦੇ ਬਾਸ਼ਿੰਦਿਆਂ ਨੂੰ ਇਸ ਘਟਨਾ ਮਗਰੋਂ ਸਾਵਧਾਨ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਉਹ ਕਿਸੇ ਨੂੰ ਵੀ ਫ਼ੋਨ ਕਾਲ ‘ਤੇ ਆਪਣੀ ਬੈਂਕ ਡਿਟੇਲ ਸਾਂਝੀ ਨਾ ਕਰਨ।ਜੇ ਕਰ ਉਹਨਾਂ ਨੂੰ ਕੋਈ ਅਜਿਹੀ ਕਾਲ ਕਰਦਾ ਵੀ ਹੈ ਤਾਂ ਉਹ ਆਪਣਾ ਬਚਾਅ ਕਰਨ ਦੀ ਜ਼ਿੰਮੇਵਾਰੀ ਸਮਝਣ ਤਾਂ ਜੋ ਲੁੱਟ ਤੋਂ ਬਚਿਆ ਜਾ ਸਕੇ।