in

ਇਟਲੀ ਵਿੱਚ ਭਾਰਤੀਆਂ ਨੇ ਧੂਮਧਾਮ ਨਾਲ ਮਨਾਇਆ ਭਾਰਤ ਦਾ 80ਵਾਂ ਸੁਤੰਤਰਤਾ ਦਿਵਸ

ਰੋਮ (ਇਟਲੀ) (ਦਲਵੀਰ ਸਿੰਘ ਕੈਂਥ) – ਅਸੀਂ ਸਮੂਹ ਭਾਰਤੀ, ਭਾਰਤ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਉਹਨਾਂ ਸਮੂਹ ਸ਼ਹੀਦਾਂ ਦੇ ਸਦਾ ਹੀ ਰਿਣੀ ਰਹਾਂਗੇ, ਜਿਹਨਾਂ ਨੇ ਆਪਣਾ ਜੀਵਨ ਦੇਸ਼ ਦੀ ਆਜ਼ਾਦੀ ਲਈ ਨਿਛਾਵਰ ਕਰਕੇ ਸਾਨੂੰ ਆਜ਼ਾਦੀ ਲੈਕੇ ਦਿੱਤੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਅੰਬੈਸੀ ਰੋਮ ਦੇ ਰਾਜਦੂਤ ਵਾਣੀ ਰਾਓ ਨੇ ਰੋਮ ਵਿਖੇ ਭਾਰਤੀ ਅੰਬੈਸੀ ਰੋਮ ਤੇ ਸਮੂਹ ਭਾਰਤੀ ਭਾਈਚਾਰੇ ਵੱਲੋਂ ਮਨਾਏ ਭਾਰਤ ਦੇ 80ਵੇਂ ਸੁਤੰਤਰਤਾ ਦਿਵਸ ਮੌਕੇ ਹਾਜ਼ਰੀਨ ਵੱਡੇ ਇਕੱਠ ਨਾਲ ਕੀਤਾ।
ਇਸ ਮੌਕੇ ਵਾਣੀ ਰਾਓ ਨੇ ਭਾਰਤ ਦਾ ਕੌਮੀ ਝੰਡਾ ਤਿਰੰਗਾ ਫਹਿਰਾਉਣ ਦੀ ਰਸਮ ਅਦਾ ਕਰਦਿਆਂ ਮਾਨਯੋਗ ਰਾਸ਼ਟਰਪਤੀ ਦਰਾਓਪਦੀ ਮੁਰਮੂ ਦਾ ਦੇਸ਼ ਵਾਸੀਆਂ ਦੇ ਨਾਮ ਸੰਦੇਸ਼ ਵੀ ਪੜ੍ਹ ਕੇ ਸੁਣਾਇਆ। ਭਾਰਤ ਦੇ ਰਾਸ਼ਟਰ ਗੀਤ ਤੋਂ ਆਜ਼ਾਦੀ ਦਿਵਸ ਸਮਾਰੋਹ ਦੀ ਸ਼ੁਰੂਆਤ ਹੋਈ ਤੇ ਉਪੰਰਤ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲੋਕ ਨਾਂਚ ਤੇ ਪੰਜਾਬੀਆਂ ਦਾ ਮਹਿਬੂਬ ਲੋਕ ਨਾਂਚ ਭੰਗੜੇ ਦਾ ਦਿਲ ਤੁੰਬਵਾਂ ਨਜ਼ਾਰਾ ਪੇਸ਼ ਕੀਤਾ ਗਿਆ।
ਇਸ ਮੌਕੇ ਪ੍ਰੈੱਸ ਰਾਹੀਂ ਦੇਸ਼ ਵਾਸੀਆਂ ਨੂੰ ਵਾਣੀ ਰਾਓ ਨੇ 80ਵੇਂ ਸੁਤੰਤਰਤਾ ਦਿਵਸ ਦੀ ਵਧਾਈ ਦਿੰਦੀਆਂ ਕਿਹਾ ਕਿ, ਇਹ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਦੇ ਸੁਤੰਤਰਤਾ ਦਿਵਸ ਵਿੱਚ ਹਾਜ਼ਰੀਨ ਮਹਿਮਾਨਾਂ ਵਿੱਚ ਸਮੁੱਚਾ ਭਾਰਤ ਝਲਕਦਾ ਹੈ ਤੇ ਅੱਜ ਦਾ ਰੰਗਾਰੰਗ ਪ੍ਰੋਗਰਾਮ ਵੀ ਭਾਰਤੀ ਸੱਭਿਆਚਾਰ ਦੀਆਂ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆਂ ਪੇਸ਼ਕਾਰੀ ਕਰ ਰਿਹਾ ਹੈ। ਉਹ ਇਟਲੀ ਰੈਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਦੀ ਸੇਵਾ ਵਿੱਚ ਹਨ ਤੇ ਭਾਈਚਾਰੇ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਲਈ ਇਟਲੀ ਸਰਕਾਰ ਨਾਲ ਭਾਰਤੀ ਅੰਬੈਸੀ ਰੋਮ ਪਹਿਲ ਦੇ ਅਧਾਰ ‘ਤੇ ਗੱਲਬਾਤ ਕਰਦੀ ਰਹਿੰਦੀ ਹੈ।
ਰਾਜਦੂਤ ਵਾਣੀ ਰਾਓ ਨੇ ਅੰਬੈਸੀ ਦੀ ਕਾਰਗੁਜ਼ਾਰੀ ਸੰਬਧੀ ਜਾਣਕਾਰੀ ਦਿੰਦਿਆਂ ਕਿਹਾ ਕਿ, ਭਾਰਤ ਸਰਕਾਰ ਨੇ ਈ ਓ ਸੀ ਆਈ ਕਾਰਡ ਸੁਵਿਧਾ ਸ਼ੁਰੂ ਕੀਤੀ ਹੈ ਉਸ ਤੋਂ ਭਾਰਤੀ ਮੂਲ ਦੇ ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ । ਇੱਕ ਹੋਰ ਚੰਗੀ ਖ਼ਬਰ ਹੈ ਭਾਰਤੀ ਅੰਤਰਰਾਸ਼ਟਰੀ ਵਿੱਦਿਆਰਥੀਆਂ ਲਈ ਕਿ ਉਹ ਹੁਣ ਇਟਾਲੀਅਨ ਕੰਪਨੀਆਂ ਨਾਲ ਕੰਮ ਕਰਨ ਲਈ ਆਪਣੀ ਰਜਿਸ਼ਟਰੇਸ਼ਨ ਕਰਵਾਉਣ ਤਾਂ ਜੋ ਉਹਨਾਂ ਦਾ ਭਵਿੱਖ ਬਿਹਰਤ ਹੋ ਸਕੇ। ਇਟਲੀ ਵਿੱਚ ਭਾਰਤੀ ਲੋਕ ਤਰੱਕੀ ਕਰ ਰਹੇ ਹਨ ਖਾਸਕਰ ਦੂਜੀ ਪੀੜ੍ਹੀ ਜਿਹੜੀ ਕਿ ਵਿੱਦਿਆਦਕ ਖੇਤਰ ਤੇ ਹੋਰ ਖੇਤਰਾਂ ਵਿੱਚ ਕਾਮਯਾਬੀ ਦਾ ਇਤਿਹਾਸ ਸਿਰਜ ਰਹੇ ਹਨ ਇਹ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਟਲੀ ਰਹਿੰਦੇ ਭਾਰਤੀ ਨੌਜਵਾਨਾਂ ਨੂੰ ਆਪਣੀ ਲਗਨ ਤੇ ਮਿਹਨਤ ਨਾਲ ਕਾਮਯਾਬੀ ਦਾ ਨਵਾਂ ਇਤਿਹਾਸ ਲਿਖਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਭਾਰਤ ਦੇ 80ਵੇਂ ਸੁਤੰਤਰਤਾ ਦਿਵਸ ਵਿੱਚ ਹਾਜ਼ਰੀਨ ਬਹੁ ਗਿਣਤੀ ਮਹਿਮਾਨਾਂ ਲਈ ਅੰਬੈਸੀ ਵੱਲੋਂ ਵਿਸ਼ੇਸ਼ ਭਾਰਤੀ ਖਾਣਿਆਂ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਇਟਲੀ ਭਰ ਤੋਂ ਬਹੁ-ਗਿਣਤੀ ਭਾਰਤੀਆਂ ਤੋਂ ਇਲਾਵਾ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਨੇ ਸੁਤੰਤਰਤਾ ਦਿਵਸ ਵਿੱਚ ਸ਼ਾਰੀਕ ਹੋ ਸਭ ਨੂੰ ਵਧਾਈ ਦਿੱਤੀ।

ਬਟਨ ਬੈਟਰੀਆਂ ਨਿਗਲਣ ਕਾਰਨ ਐਮਰਜੈਂਸੀ ਵਾਰਡ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਵਾਧਾ

ਇਟਲੀ ਵਿੱਚ ਇਲੈਕਟ੍ਰਿਕ ਸਕੂਟਰ ਚਲਾਉਣ ਲਈ ਨਵੇਂ ਨਿਯਮ