in

ਇਟਲੀ ਵਿੱਚ ਹਾਦਸਿਆਂ ਦੌਰਾਨ ਦੋ ਨੌਜਵਾਨਾਂ ਦੀਆ ਹੋਈਆ ਮੌਤਾ

ਵਿਪਨਜੀਤ ਸਿੰਘ ਤੇ ਮਨਦੀਪ ਸਿੰਘ ਦੀਆਂ ਪੁਰਾਣੀਆਂ ਤਸਵੀਰਾਂ।

ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੰਜਾਬ ਭੇਜਣ ਲਈ ਕਰ ਰਿਹਾ ਭਾਰਤੀ ਭਾਈਚਾਰਾ ਜੱਦੋ- ਜਹਿਦ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਿੱਚ ਭਾਰਤੀ ਭਾਈਚਾਰੇ ਨਾਲ ਹੋ ਰਹੀਆਂ ਅਣਸੁਖਾਵੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਜਿਸ ਕਰਨ ਆਏ ਦਿਨ ਕੋਈ ਨਾ ਕੋਈ ਮਾੜੀ ਘਟਨਾ ਭਾਈਚਾਰੇ ਲਈ ਗਮਗੀਨ ਸਾਬਿਤ ਹੋ ਰਹੀ ਹੈ. ਬੀਤੇ ਦਿਨੀਂ ਹੋਏ ਵੱਖ-ਵੱਖ ਸੜਕ ਹਾਦਸਿਆਂ ਤੇ ਕੋਰੋਨਾ ਕਾਰਨ ਹੋਈ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਬੇਵਕਤੀ ਮੌਤ ਦਾ ਦਰਦ ਭਾਰਤੀਆਂ ਨੂੰ ਭੁੱਲਿਆ ਨਹੀਂ ਸੀ ਕਿ ਦੋ ਹੋਰ ਵੱਖ-ਵੱਖ ਘਟਨਾਵਾਂ ਵਿੱਚ ਦੋ ਪੰਜਾਬੀਆਂ ਦੀ ਮੌਤ ਹੋ ਜਾਣ ਦੀ ਦੁੱਖਦ ਖਬਰ ਨੇ ਸਭ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਵਿਪਨਜੀਤ ਸਿੰਘ (20) ਪੁੱਤਰ ਤਰਸੇਮ ਸਿੰਘ ਵਾਸੀ ਜੋਧਪੁਰ ਚੀਮਾ (ਬਰਨਾਲਾ) ਦੀ ਬੀਤੇ ਦਿਨੀਂ ਇੱਕ ਸੜਕ ਹਾਦਸੇ ਵਿੱਚ ਉਸ ਵੇਲੇ ਮੌਤ ਹੋ ਗਈ, ਜਦੋਂ ਉਹ ਸਕੂਟਰ ਉਪੱਰ ਕਿਸੇ ਕੰਮ ਨੂੰ ਜਾ ਰਿਹਾ ਸੀ ਤੇ ਅਚਾਨਕ ਬੱਸ ਦੀ ਲਪੇਟ ਵਿੱਚ ਆ ਗਿਆ। ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਬਹੁਤ ਹੀ ਦੁੱਖੀ ਹਿਰਦੇ ਨਾਲ ਮ੍ਰਿਤਕ ਵਿਪਨਜੀਤ ਸਿੰਘ ਦੇ ਮਾਮਾ ਅਵਤਾਰ ਸਿੰਘ ਨੇ ਫੋਨ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ, ਵਿਪਨਜੀਤ ਸਿੰਘ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਜਿਹੜਾ ਕਿ 4-5 ਸਾਲ ਪਹਿਲਾਂ ਹੀ ਇਟਲੀ ਆਇਆ ਸੀ। ਇਟਲੀ ਵਿੱਚ ਵਿਪਨਜੀਤ ਸਿੰਘ ਲਾਤੀਨਾ ਜਿ਼ਲ੍ਹੇ ਦੇ ਸ਼ਹਿਰ ਬੋਰਗੋ ਮਨਤੈਲੋ ਰਹਿੰਦਾ ਸੀ। ਘਟਨਾ ਉਸ ਸਮੇਂ ਘਟੀ ਜਦੋਂ ਸਵੇਰੇ ਵਿਪਨਜੀਤ ਸਿੰਘ ਸਕੂਟਰ ਉਪੱਰ ਕੰਮ ਜਾ ਰਿਹਾ ਸੀ ਕਿ ਚੌਰਾਹੇ ਵਿੱਚ ਆ ਰਹੀ ਬੱਸ ਦੀ ਲਪੇਟ ਵਿੱਚ ਆ ਗਿਆ। ਹਾਦਸਾ ਇੰਨਾ ਜਬਰਦਸਤ ਸੀ ਕਿ ਵਿਪਨਜੀਤ ਸਿੰਘ ਦੀ ਕੁਝ ਸਮੇਂ ਵਿੱਚ ਹੀ ਮੌਤ ਹੋ ਗਈ. ਇਸ ਅਣਹੋਣੀ ਕਾਰਨ ਮ੍ਰਿਤਕ ਵਿਪਨਜੀਤ ਸਿੰਘ ਦੇ ਘਰ ਦੁੱਖਾਂ ਦਾ ਪਹਾੜ ਡਿੱਗਣ ਵਾਂਗ ਹੋ ਗਿਆ ਹੈ। ਮਾਪੇ ਜਿੰਦਗੀ ਦੇ ਆਖਰੀ ਸਹਾਰੇ ਦਾ ਹੁਣ ਮੂੰਹ ਦੇਖਣ ਨੂੰ ਤਰਸ ਰਹੇ ਹਨ।ਜਦੋਂ ਵਿਪਨਜੀਤ ਸਿੰਘ 4-5 ਸਾਲ ਪਹਿਲਾਂ ਇਟਲੀ ਆਇਆ ਸੀ ਤਾਂ ਬੁੱਢੇ ਮਾਪਿਆਂ ਦਾ ਸਹਾਰਾ ਬਣਨ ਆਇਆ ਸੀ, ਪਰ ਕੀ ਖਬਰ ਸੀ ਕਿ ਉਹ ਮਾਪਿਆਂ ਨੂੰ ਆਖਰੀਂ ਉਮਰੇ ਤਿਲ-ਤਿਲ ਮਰਨ ਲਈ ਮਜ਼ਬੂਰ ਕਰ ਜਾਵੇਗਾ। ਅਵਤਾਰ ਸਿੰਘ ਨੇ ਇਟਲੀ ਦੇ ਭਾਰਤੀ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ, ਉਹ ਕੰਮਾਂ-ਕਾਰਾਂ ਤੋਂ ਆਉਂਦੇ ਜਾਂਦੇ ਸਮੇਂ ਪੂਰੀ ਸਾਵਧਾਨੀ ਵਰਤਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਹੋਣੀਂ ਨਾ ਘਟੇ, ਕਿਉਂਕਿ ਪ੍ਰਦੇਸਾਂ ਵਿੱਚ ਵੱਸਣ ਵਾਲੇ ਪੰਜਾਬੀਆਂ ਦੀਆਂ ਬੇਵਕਤੀ ਮੌਤਾਂ ਨੂੰ ਪਰਿਵਾਰ ਲਈ ਝੱਲਣਾ ਮਰਨ ਬਰਾਬਰ ਹੁੰਦਾ ਹੈ। ਮ੍ਰਿਤਕ ਵਿਪਨਜੀਤ ਸਿੰਘ ਦੀ ਲਾਸ਼ ਨੂੰ ਜਲਦ ਭਾਰਤ ਭੇਜਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇੱਕ ਹੋਰ ਘਟਨਾ ਵਿੱਚ ਪੰਜਾਬੀ ਨੌਜਵਾਨ ਮਨਦੀਪ ਸਿੰਘ (46) ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ਜਿਹੜਾ ਕਿ ਹੁਸਿ਼ਆਰਪੁਰ ਜਿਲ੍ਹੇ ਦੇ ਪਿੰਡ ਸੱਜਣ ਨਾਲ ਸੰਬਧਤ ਸੀ। ਮ੍ਰਿਤਕ ਮਨਦੀਪ ਸਿੰਘ ਦੀ ਮੌਤ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਤੇ ਉਸ ਦੀ ਲਾਸ਼ ਵੀ ਭਾਰਤ ਭੇਜਣ ਲਈ ਕਾਰਵਾਈ ਚੱਲ ਰਹੀ ਹੈ। ਮ੍ਰਿਤਕ ਮਨਦੀਪ ਸਿੰਘ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਤਿੰਨ ਬੱਚਿਆਂ ਨੂੰ ਛੱਡ ਗਿਆ ਹੈ।ਇਹਨਾਂ ਬੇਵਕਤੀ ਮੌਤਾਂ ਨਾਲ ਭਾਰਤੀ ਭਾਈਚਾਰੇ ਵਿੱਚ ਮਾਤਮ ਵਾਲਾ ਮਾਹੌਲ ਹੈ।

ਇੱਕ ਹੋਰ ਪੰਜਾਬੀ ਦੀ ਇਟਲੀ ਵਿੱਚ ਹੋਈ ਮੌਤ

ਅਪ੍ਰੀਲੀਆ ਵਿਖੇ ਭਗਵਾਨ ਵਾਲਮੀਕਿ ਜੀ ਦਾ ਦਿਹਾੜਾ ਮਨਾਇਆ ਗਿਆ