in

ਇਟਲੀ ਸਰਕਾਰ ਨੇ ਭਾਰਤ ਅਤੇ ਹੋਰ ਦੇਸ਼ਾਂ ‘ਤੇ ਲਾਈ ਯਾਤਰਾ ਪਾਬੰਦੀ ਹਟਾਈ

ਰੋਮ (ਕੈਂਥ): ਭਾਰਤੀਆਂ ਲਈ ਇਟਲੀ ਤੋਂ ਚੰਗੀ ਖ਼ਬਰ ਹੈ। ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸਪਰੇਂਜਾ ਨੇ ਕੱਲ੍ਹ ਇਹ ਐਲਾਨ ਕਰ ਦਿੱਤਾ ਕਿ ਭਾਰਤ, ਸ਼੍ਰੀ ਲੰਕਾ ਤੇ ਬੰਗਲਾਦੇਸ਼ ਤੋਂ ਹੁਣ ਵਿਦਿਆਰਥੀ ,ਕਾਮੇ ਤੇ ਉਹਨਾਂ ਦੇ ਪਰਿਵਾਰਕ ਮੈਂਬਰ 1 ਸੰਤਬਰ 2021 ਤੋਂ ਕੋਵਿਡ-19 ਦੇ ਨਿਯਮਾਂ ਤਹਿਤ ਇਟਲੀ ਆ ਸਕਦੇ ਪਰ ਇੱਥੇ ਆਕੇ ਉਹਨਾਂ ਨੂੰ 14 ਦਿਨ ਇਕਾਂਤਵਾਸ ਰਹਿਣਾ ਪਵੇਗਾ।ਇਸ ਗੱਲ ਦਾ ਵੀ ਉਚੇਚਾ ਧਿਆਨ ਰੱਖਿਆ ਜਾਵੇ ਕਿ ਇਟਲੀ ਆਉਣ ਵਾਲੇ ਸ਼ਖਸ ਦਾ ਕੋਵਿਡ-19 ਦਾ ਕੋਈ ਰਿਕਾਰਡ ਨਾ ਹੋਵੇ।ਇਸ ਤੋਂ ਪਹਿਲਾਂ ਇਟਲੀ ਸਰਕਾਰ ਮਹਾਮਾਰੀ ਤੋਂ ਬਚਾਅ ਲਈ ਲਗਾਈ ਗਈ ਪਾਬੰਦੀ ਨੂੰ ਮਹੀਨਾ ਦਰ ਮਹੀਨਾ ਕਰ ਕੇ ਵਧਾ ਰਹੀ ਸੀ ਤੇ ਹੁਣ ਇਹ ਪਾਬੰਦੀ 30 ਅਗਸਤ 2021 ਤੱਕ ਸੀ।

ਇਸ ਕਸ਼ਮਕਸ਼ ਵਿੱਚ ਫਸਿਆ ਹਰ ਇਨਸਾਨ ਇਹ ਉਡੀਕ ਰਿਹਾ ਸੀ ਕਿ ਇਟਲੀ ਅੱਜ ਕੱਲ੍ਹ ਵਿੱਚ ਉਹਨਾਂ ਦੇ ਭੱਵਿਖ ਦਾ ਕੀ ਫ਼ੈਸਲਾ ਕਰਦੀ ਹੈ ਭਾਵ ਪਾਬੰਦੀ ਹਟਾਉਂਦੀ ਹੈ ਜਾਂ ਉਹਨਾਂ ਨੂੰ ਹੌਲੀ ਹੌਲੀ ਉਜੜਨ ਵੱਲ ਧੱਕ ਰਹੀ ਹੈ।ਅਜਿਹੇ ਦੌਰ ਵਿੱਚ ਉਹਨਾਂ ਤਮਾਮ ਲੋਕਾਂ ਦੇ ਚੇਹਰਿਆਂ ‘ਤੇ ਉਸ ਵੇਲੇ ਲਾਲੀ ਆ ਗਈ ਜਦੋਂ ਸਿਹਤ ਮੰਤਰੀ ਨੇ ਇਹ ਰਾਹਤ ਭਰਿਆ ਐਲਾਨ ਕੀਤਾ।ਉਂਝ ਤਾਂ ਕੋਵਿਡ-19 ਨੇ ਸਾਰੀ ਦੁਨੀਆ ਨੂੰ ਅਜਿਹੇ ਚੱਕਰ ਵਿੱਚ ਪਾ ਰੱਖਿਆ, ਜਿਸ ਨਾਲ ਆਮ ਲੋਕਾਂ ਦਾ ਜਨ ਜੀਵਨ ਸਿਰਫ ਪ੍ਰਭਾਵਿਤ ਹੀ ਨਹੀ ਹੋਇਆ ਸਗੋਂ ਵੱਡੇ ਉਤਰਾਅ ਨਾਲ ਬਦਲ ਗਿਆ ਹੈ ਪਰ ਵਕਤ ਦੀ ਇਸ ਚੱਕੀ ਵਿੱਚ ਇਟਲੀ ਦੇ ਕਾਮਿਆਂ ਦੇ ਪੀਸ ਹੋਣ ਦਾ ਉਚੇਚਾ ਜ਼ਿਕਰ ਹੈ ਜੋ ਪਿਛਲੇ 4-5 ਮਹੀਨਿਆਂ ਤੋਂ ਆਪਣੇ ਸਾਕ ਸੰਬੰਧੀਆਂ ਨੂੰ ਭਾਰਤ, ਸ੍ਰੀ ਲੰਕਾ ਤੇ ਬੰਗਲਾ ਦੇਸ਼ ਮਿਲਣ ਗਏ ਅਤੇ ਇਸ ਦੌਰਾਨ ਇਟਲੀ ਵੱਲੋਂ ਲਗਾਈ ਪਾਬੰਦੀ ਕਾਰਨ ਇਟਲੀ ਆਉਣ ਲਈ ਅਸਮੱਰਥ ਸਨ ਜਿਸ ਕਾਰਨ ਇਹਨਾਂ ਕਾਮਿਆਂ ਨੂੰ ਇਟਲੀ ਵਿੱਚ ਖੁੱਸਦੇ ਜਾ ਰਹੇ ਕੰਮਾਂ ਨੂੰ ਬਚਾਉਣ ਲਈ ਕੋਈ ਹੀਲਾ ਨਹੀ ਦਿਸ ਰਿਹਾ ਸੀ ਤੇ ਦੂਜੇ ਪਾਸੇ ਇਟਲੀ ਵਿੱਚ ਲਏ ਕਿਰਾਏ ਦੇ ਬੰਦ ਪਏ ਘਰਾਂ ਦੇ ਖ਼ਰਚੇ ਇਹਨਾਂ ਮਜਬੂਰ ਕਾਮਿਆਂ ਲਈ ਵੱਡੀਆਂ ਪਰੇਸ਼ਾਨੀਆਂ ਪੈਦਾ ਕਰ ਰਹੇ ਸਨ।

ਇਹ ਆਗਿਆ 25 ਅਕਤੂਬਰ 2021 ਤੱਕ ਹੈ ਉਸ ਤੋਂ ਅੱਗੇ ਇਸ ਬਾਰੇ ਵਿਚਾਰਿਆ ਜਾ ਸਕਦਾ ਹੈ ਕਿ ਇਸ ਆਗਿਆ ਵਿੱਚ ਕੋਈ ਫੇਰਬਦਲ ਕਰਨਾ ਹੈ ਜਾਂ ਨਹੀ।ਇਟਲੀ ਸਰਕਾਰ ਦੇ ਇਸ ਐਲਾਨ ਨਾਲ ਉਹਨਾਂ ਸਭ ਲੋਕਾਂ ਦੇ ਚੇਹਰਿਆਂ ਉਪੱਰ ਲਾਲੀ ਦੇਖੀ ਜਾ ਰਹੀ ਹੈ ਜੋ ਇਸ ਅਜੀਬੋ ਗਰੀਬ ਸਥਿਤੀ ਦਾ ਸਾਹਮਣਾ ਕਰ ਰਹੇ ਸਨ ਤੇ ਹੁਣ ਇਹ ਲੋਕ ਇਟਲੀ ਵੱਲ ਵਹਿਰਾਂ ਘੱਤਣ ਲਈ ਕਮਰ ਕੱਸ ਰਹੇ ਹਨ। ਸਰਕਾਰ ਦੇ  ਇਸ ਐਲਾਨ ਨੇ ਹਜ਼ਾਰਾ ਲੋਕਾਂ ਦੇ ਭੱਵਿਖ ਨੂੰ ਉੱਜੜਣ ਤੋਂ ਵੀ ਬਚਾ ਦਿੱਤਾ ਹੈ।ਜ਼ਿਕਰਯੋਗ ਹੈ ਕਿ ਪਾਬੰਦੀ ਦੇ ਦੌਰ ਵਿੱਚ ਡੇਢ-ਡੇਢ ਲੱਖ ਰੁਪਏ ਵਿੱਚ ਭਾਰਤੀ ਲੋਕ ਖੱਜਲ ਖ਼ੁਆਰ ਹੋ ਇਟਲੀ ਪਹੁੰਚੇ ਹਨ।ਜਿਹੜੇ ਕਿ ਹੋਰ ਦੇਸ਼ਾਂ ਦੀ ਖ਼ਾਕ ਛਾਣਦੇ ਹੋਏ ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਅਜਿਹਾ ਸਫਰ ਕਰਨ ਲਈ ਮਜਬੂਰ ਹੋਏ ਸਨ।ਇਸ ਗੱਲ ਨੂੰ ਵੀ ਵਿਚਾਰਨ ਦੀ ਲੋੜ ਹੈ ਕਿ ਇਟਲੀ ਸਰਕਾਰ ਨੇ ਇਹ ਪਾਬੰਦੀ ਕੁਝ ਫਰਜ਼ੀ ਕੋਵਿਡ ਰਿਪੋਰਟਾਂ ਕਾਰਨ ਵੀ ਲਗਾਈ ਸੀ ਜਿਸ ਤੋਂ ਹੁਣ ਸਭ ਭਾਰਤੀ ਲੋਕਾਂ ਨੂੰ ਸਿੱਖਣ ਦੀ ਅਹਿਮ ਲੋੜ ਹੈ ਕਿਉਂਕਿ ਕਿਸੇ ਇੱਕ ਦੀ ਗਲਤੀ ਪੂਰੇ ਦੇਸ਼ ਲਈ ਸ਼ਰਮਿੰਦਗੀ ਦਾ ਕਾਰਨ ਬਣਦੀ ਹੈ।

ਇਟਲੀ ਦਾ ਇੱਕ ਜੋੜਾ ਭਾਰਤੀ ਬੱਚੀ ਨੂੰ ਗਿਆ ਤਾਂ ਗੋਦ ਸੀ ਭਾਰਤ ਪਰ ਉੱਥੋਂ ਮੌਤ ਦਾ ਸਮਾਨ ਲੈ ਮੁੜਿਆ

ਲੜਕੇ ਦੀ ਮੌਤ ਤੋਂ ਬਾਅਦ ਸਕੂਟਰ ਹੈਲਮੇਟ ਲਾਜ਼ਮੀ ਕਰਨ ਦੀ ਮੰਗ