in

ਇਟਾਲੀਅਨ ਲੋਕਾਂ ਨੇ ਸਰਕਾਰ ਬਣਾਉਣ ਲਈ ਦਿੱਤਾ ਸੱਜੇ ਪੱਖੀ ਸਿਆਸੀ ਗਠਜੋੜ ਨੂੰ ਜਿੱਤ ਦਾ ਫ਼ਤਵਾ

ਦੂਜੀ ਸੰਸਾਰ ਜੰਗ ਤੋਂ ਬਆਦ ਪਹਿਲੀ ਵਾਰ ਬਣ ਸਕਦੀ ਹੈ ਮਹਿਲਾ ਪ੍ਰਧਾਨ ਮੰਤਰੀ
ਨਵੀਂ ਸਰਕਾਰ ਵਿਦੇਸ਼ੀਆਂ ਲਈ ਕਰ ਸਕਦੀ ਹੈ ਨਵੇਂ ਸਖ਼ਤ ਕਾਨੂੰਨ ਲਾਗੂ

ਰੋਮ (ਇਟਲੀ) (ਦਲਵੀਰ ਕੈਂਥ) – ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿਸ ਨੂੰ ਰੱਬ ਅਤੇ ਬੰਦੇ ਦੋਨਾਂ ਦੀ ਮਾਰ ਝੱਲਣੀ ਪੈ ਰਹੀ ਹੈ, ਭਾਵ ਇਟਲੀ ਵਿੱਚ ਕੋਰੋਨਾ ਸੰਕਟ, ਜਲਵਾਯੂ ਸੰਕਟ ਤੇ ਰਾਜਨੀਤਿਕ ਸੰਕਟ ਨੇ ਆਮ ਲੋਕਾਂ ਨੂੰ ਝੰਬਿਆ ਹੋਇਆ ਹੈ. ਜਿਸ ਤੋਂ ਬਾਹਰ ਨਿਕਲਣ ਲਈ ਇਟਲੀ ਨੂੰ ਪਿਆਰ ਕਰਨ ਵਾਲਾ ਹਰ ਸ਼ਖਸ਼ ਚਿੰਤਾ ਵਿੱਚੋ ਹੁੰਦਿਆਂ ਇਟਲੀ ਦੀ ਬਿਹਤਰੀ ਤੇ ਬੁਲੰਦੀ ਲਈ ਅਰਦਾਸਾਂ ਕਰਦਾ ਹੈ। ਕੋਰੋਨਾ ਸੰਕਟ ਵਿੱਚੋਂ ਇਟਲੀ ਨਿਰੰਤਰ ਕਾਮਯਾਬੀ ਦੀ ਡਗਰ ‘ਤੇ ਹੈ ਹੁਣ ਸਿਆਸੀ ਸੰਕਟ ਵੀ ਖਤਮ ਹੋਣ ਜਾ ਰਿਹਾ ਹੈ, ਜਿਸ ਬਾਬਤ ਇਟਲੀ ਵਿੱਚ ਨਵੀਂ ਸਰਕਾਰ ਬਣਾਉਣ ਲਈ 25 ਸਤੰਬਰ ਨੂੰ ਇਟਾਲੀਅਨ ਲੋਕਾਂ ਨੇ ਵੋਟਾਂ ਦੁਆਰਾ ਜਿੱਤ ਦਾ ਫ਼ਤਵਾ ਇਟਲੀ ਦੇ ਸੱਜੇ ਪੱਖੀ ਸਿਆਸੀ ਗੱਠਜੋੜ ਨੂੰ ਦੇ ਦਿੱਤਾ ਹੈ.
ਇਸ ਗਠਜੋੜ ਵਿੱਚ ਫਰਾਤੇਲੀ ਇਤਾਲੀਆ, ਲੇਗਾ ਤੇ ਫੋਰਸਾ ਇਤਾਲੀਆ ਦੀ ਭਾਈਵਾਲੀ ਹੈ। ਇਟਾਲੀਅਨ ਭਾਈਚਾਰੇ ਨੇ ਸਭ ਤੋਂ ਵੱਧ ਵੋਟਾਂ ਇਟਲੀ ਦੇ ਭਰਾਵਾਂ ਦੀ ਪਾਰਟੀ “ਫਰਾਤੇਲੀ ‘ਦ ਇਤਾਲੀਆ” ਨੂੰ 26.1% ਦੇ ਕੇ ਨਿਵਾਜਿਆ ਹੈ, ਜਦੋਂ ਕਿ ਪੀ ਡੀ ਨੂੰ 19.0%, 5 ਤਾਰਾ ਨੂੰ 15.5%, ਲੇਗਾ ਨੂੰ 8.9%,ਐਫ਼ ਆਈ ਨੂੰ 8.3% ਤੇ ਹੋਰ ਨੂੰ 7.7% ਵੋਟਾਂ ਮਿਲੀਆਂ ਹਨ। ਇਟਲੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਸਿਆਸੀ ਪਾਟਰੀ ਵਜੋਂ ਉਭਰ ਕੇ ਸਾਹਮ੍ਣੇ ਆਈ “ਫਰਾਤੇਲੀ ਦ ਇਤਾਲੀਆ” ਪਾਰਟੀ ਦੀ ਆਗੂ ਜਾਰਜੀਆ ਮੇਲੋਨੀ ਨੇ ਇਸ ਕਾਮਯਾਬੀ ‘ਤੇ ਉਹਨਾਂ ਉਪੱਰ ਵਿਸ਼ਵਾਸ ਕਰਨ ਲਈ ਇਟਾਲੀਅਨ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ, ਜਿਸ ਵਿਸ਼ਵਾਸ ਤੇ ਆਸ ਨਾਲ ਇਟਲੀ ਦੀ ਆਵਾਮ ਨੇ ਦੇਸ਼ ਦੀ ਆਰਥਿਕਤਾ ਤੇ ਆਖੰਡਤਾ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੂੰ ਚੁਣਕੇ ਮੋਹਰੀ ਕਤਾਰ ਵਿੱਚ ਖੜ੍ਹਾ ਕੀਤਾ ਹੈ, ਉਸ ਲਈ ਉਹ ਸਦਾ ਹੀ ਇਟਾਲੀਅਨ ਲੋਕਾਂ ਦੀ ਰਿਣੀ ਰਹੇਗੀ ਤੇ ਕਦੀਂ ਵੀ ਆਵਾਮ ਦਾ ਭਰੋਸਾ ਤੋੜ ਕੇ ਧੋਖਾ ਨਹੀਂ ਦੇਵੇਗੀ।
ਦੂਜੀ ਸੰਸਾਰ ਜੰਗ ਤੋਂ ਬਾਅਦ ਇਟਲੀ ਦੀ ਸਿਆਸਤ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਮਹਿਲਾ ਆਗੂ ਮੋਹਰੀ ਬਣ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਦਾਵੇਦਾਰ ਹੋਵੇ ਤੇ ਇਸ ਪਾਰਟੀ ਦੀ ਜਿੱਤ ਤੋਂ ਇਹ ਗੱਲ ਸਾਫ਼ ਝੱਲਕਣ ਲੱਗੀ ਹੈ ਕਿ ਇਟਾਲੀਅਨ ਲੋਕ ਇਸ ਨੂੰ ਹੀ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂਅ ਦਾ ਐਲਾਨ ਇਸ ਵਕਤ ਇਟਲੀ ਦਾ ਹਰ ਬਾਸ਼ਿੰਦਾ ਬਹੁਤ ਬੇਸਬਰੀ ਨਾਲ ਉਡੀਕ ਰਿਹਾ ਹੈ। ਇਟਲੀ ਦੀ ਸਰਕਾਰ ਬਨਾਉਣ ਵਿੱਚ ਬਰਲਸਕੋਨੀ ਤੇ ਸਲਵੀਨੀ ਦਾ ਵੀ ਬਹੁਤ ਵੱਡਾ ਯੋਗਦਾਨ ਹੋਵੇਗਾ। ਦੂਜੇ ਪਾਸੇ ਇਟਲੀ ਦੀ ਬਣਨ ਜਾ ਰਹੀ ਨਵੀਂ ਸਰਕਾਰ ਪ੍ਰਤੀ ਇਟਲੀ ਦੇ ਵਿਦੇਸ਼ੀ ਲੋਕਾਂ ਵਿਚਕਾਰ ਇਹ ਚਰਚਾ ਵੀ ਪੂਰੇ ਜੋ਼ਰਾਂ ਉੱਤੇ ਹੈ ਕਿ ਮੈਡਮ ਮੇਲੋਨੀ ਤੇ ਸਲਵੀਨੀ ਦਾ ਰਵੱਈਆ ਤੇ ਵਿਚਾਰ ਵਿਦੇਸ਼ੀ ਦੀ ਤਰੱਕੀ ਲਈ ਨਾਂਹਪੱਖੀ ਹਨ ਜਿਸ ਕਾਰਨ ਹੋ ਸਕਦਾ ਹੈ ਕਿ ਇਸ ਨਵੀਂ ਬਣਨ ਜਾ ਰਹੀ ਗਠਜੋੜ ਸਰਕਾਰ ਵਿਦੇਸ਼ੀਆਂ ਪ੍ਰਤੀ ਕਈ ਤਰ੍ਹਾਂ ਦੀਆਂ ਸਖ਼ਤੀਆਂ ਵਾਲੇ ਕਾਨੂੰਨ ਲਾਗੂ ਕਰੇ, ਪਰ ਕੀ ਇਹ ਸੱਚ ਹੋ ਸਕਦਾ ਇਹ ਦਾ ਖੁਲਾਸਾ ਤਾਂ ਸਮਾਂ ਹੀ ਕਰੇਗਾ।

ਪੁਲਿਸ ਉਪਰ ਹਮਲਾ ਕਰਨ ਵਾਲੇ ਅੱਤਵਾਦੀ ਨੂੰ 30 ਸਾਲ ਦੀ ਜੇਲ

ਲੜਕੀ ਦੀ ਲਾਸ਼ ਦੀ ਸ਼ਨਾਖਤ ਡੀ ਐਨ ਏ ਰਾਹੀਂ ਹੋਈ