in

ਕਾਬੁਲ ਵਿਚ ਅਮਰੀਕੀ ਹਵਾਈ ਹਮਲੇ ਵਿਚ ਆਤਮਘਾਤੀ ਬੰਬਰ ਸਮੇਤ ਗੱਡੀ ਤਬਾਹ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਈਡਨ ਵੱਲੋਂ ਕਾਬੁਲ ਹਵਾਈ ਅੱਡੇ ਉਪਰ ਛੇਤੀ ਹੋਰ ਹਮਲਾ ਹੋਣ ਦੀ ਚਿਤਵਾਨੀ ਦੇ ਕੁਝ ਘੰਟਿਆਂ ਬਾਅਦ ਅਮਰੀਕੀ ਫੌਜ ਵੱਲੋਂ ਕੀਤੇ ਹਵਾਈ ਹਮਲੇ ਵਿਚ ਇਕ ਗੱਡੀ ਜਿਸ ਵਿਚ ਆਤਮਘਾਤੀ ਬੰਬਰ ਸਵਾਰ ਸੀ, ਨਸ਼ਟ ਹੋ ਗਈ। ਅਮਰੀਕੀ ਕਮਾਂਡਰਾਂ ਵੱਲੋਂ ਆਈ ਐਸ ਆਈ ਐਸ (ਕੇ) ਦੇ ਆਤਮਘਾਤੀ ਅੱਤਵਾਦੀ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਕਾਬੁਲ ਹਵਾਈ ਅੱਡੇ ਨੇੜੇ ਇਕ ਗੱਡੀ ਵਿਚ ਸਵਾਰ ਸੀ। ਅਮਰੀਕੀ ਕੇਂਦਰੀ ਕਮਾਂਡ ਦੇ ਬੁਲਾਰੇ ਨੇਵੀ ਕੈਪਟਨ ਬਿਲ ਅਰਬਨ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਆਈ ਐਸ ਆਈ ਐਸ (ਕੇ) ਦੇ ਆਤਮਘਾਤੀ ਬੰਬਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿਚ ਕੁਝ ਆਮ ਨਾਗਿਰਕ ਵੀ ਮਾਰੇ ਗਏ ਹੋਣ। ਕੈਪਟਨ ਅਰਬਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ”ਅਸੀਂ ਹਵਾਈ ਹਮਲੇ ਵਿਚ ਆਮ ਲੋਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਤੋਂ ਜਾਣੂ ਹਾਂ। ਤਬਾਹ ਹੋਈ ਗੱਡੀ ਬਾਰੂਦ ਨਾਲ ਭਰੀ ਹੋਈ ਸੀ ਜਿਸ ਦੇ ਧਮਾਕੇ ਕਾਰਨ ਆਮ ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੋ ਸਕਦੀ ਹੈ ਪਰ ਅਸਲ ਵਿਚ ਕੀ ਹੋਇਆ ਹੈ, ਇਹ ਅੱਜੇ ਸਪਸ਼ਟ ਨਹੀਂ ਹੈ।” ਕਾਬੁਲ ਹਵਾਈ ਅੱਡੇ ਉਪਰ ਲੰਘੇ ਵੀਰਵਾਰ ਹੋਏ ਆਤਮਘਾਤੀ ਹਮਲੇ ਉਪਰੰਤ ਅਮਰੀਕਾ ਵੱਲੋਂ ਅਫਗਾਨਿਸਤਾਨ ਵਿਚ ਕੀਤਾ ਗਿਆ ਇਹ ਦੂਸਰਾ ਹਵਾਈ ਹਮਲਾ ਹੈ।
ਅਮਰੀਕੀ ਵਿਦੇਸ਼ ਮੰਤਰੀ ਐਨਟਨੀ ਬਲਿੰਕਨ ਨੇ ਕਿਹਾ ਹੈ ਕਿ ਜੋ ਵੀ ਕੋਈ ਸਾਨੂੰ ਨੁਕਸਾਨ ਪਹੁੰਚਾਉਣਾ ਚਹੁੰਦਾ ਹੈ, ਉਸ ਦੇ ਖਿਲਾਫ ਅਮਰੀਕਾ ਕਾਰਵਾਈ ਕਰਨ ਦੇ ਸਮਰੱਥ ਹੈ। ਉਨਾਂ ਕਿਹਾ ਕਿ ” ਸਾਡੇ ਕੋਲ ਅਫਗਾਨਿਸਤਾਨ ਸਮੇਤ ਵਿਸ਼ਵ ਭਰ ਵਿਚ ਸਾਨੂੰ ਨੁਕਸਾਨ ਪਹੁੰਚਾਉਣ ਵਾਲੇ ਅੱਤਿਵਾਦੀਆਂ ਨੂੰ ਲੱਭਣ ਤੇ ਉਨਾਂ ਵਿਰੁੱਧ ਹਵਾਈ ਹਮਲਾ ਕਰਨ ਦੀ ਸਮਰੱਥ ਹੈ।” ਬਲਿੰਕਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਬਲਿੰਕਨ ਨੇ ਇਸ ਸਬੰਧੀ ਉਦਾਹਰਣ ਦਿੰਦਿਆਂ ਕਿਹਾ ਕਿ ਯਮਨ, ਸੋਮਾਲੀਆ ਤੇ ਲੀਬੀਆ ਅਜਿਹੇ ਦੇਸ਼ ਹਨ, ਜਿਥੇ ਜਮੀਨ ਉਪਰ ਅਮਰੀਕੀ ਫੌਜਾਂ ਦੀ ਮੌਜੂਦਗੀ ਨਹੀਂ ਹੈ ਪਰੰਤੂ ਅਮਰੀਕਾ ਉਥੇ ਵੀ ਅੱਤਵਾਦੀਆਂ ਨਾਲ ਹਵਾਈ ਹਮਲੇ ਰਾਹੀਂ ਨਜਿੱਠ ਸਕਦਾ ਹੈ। ਇਥੇ ਜਿਕਰਯੋਗ ਹੈ ਕਿ ਇਨਾਂ ਦੇਸ਼ਾਂ ਦੇ ਨੇੜੇ ਅਮਰੀਕਾ ਦੇ ਅੱਡੇ ਹਨ ਪਰੰਤੂ ਅਫਗਾਨਿਸਤਾਨ ਜਿਸ ਦਾ ਬਲਿੰਕਨ ਨੇ ਜਿਕਰ ਨਹੀਂ ਕੀਤਾ, ਦੇ ਨੇੜੇ ਅਮਰੀਕਾ ਦਾ ਕੋਈ ਅੱਡਾ ਨਹੀਂ ਹੈ। ਦੋਹਾ , ਕਤਰ ਵਿਚ ਅਲ ਉਦੀਦ ਹਵਾਈ ਟਿਕਾਣੇ ਤੋਂ ਅਫਗਾਨਿਸਤਾਨ ਵਿਚ ਮਾਰ ਕਰਨ ਲਈ ਡਰੋਨ ਨੂੰ ਕਈ ਘੰਟੇ ਲੱਗਣਗੇ।

ਅਮਰੀਕਾ ਵਿਚ ਨਫ਼ਰਤੀ ਅਪਰਾਧਾਂ ਵਿੱਚ ਹੋਇਆ ਭਾਰੀ ਵਾਧਾ-ਐਫ ਬੀ ਆਈ

ਅਮਰੀਕਾ ਦੇ ਨਿਊਯਾਰਕ ਤੇ 5 ਹੋਰ ਰਾਜਾਂ ਵਿਚ ਤੂਫਾਨ ਨੇ ਮਚਾਈ ਭਾਰੀ ਤਬਾਹੀ