in

ਅਮਰੀਕਾ ਵਿਚ ਨਫ਼ਰਤੀ ਅਪਰਾਧਾਂ ਵਿੱਚ ਹੋਇਆ ਭਾਰੀ ਵਾਧਾ-ਐਫ ਬੀ ਆਈ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- 2020 ਵਿਚ ਅਮਰੀਕਾ ਵਿੱਚ ਨਫ਼ਰਤੀ ਅਪਰਾਧ ਪਿਛਲੇ 12 ਸਾਲਾਂ ਦੇ ਸਭ ਤੋਂ ਉਪਰਲੇ ਪੱਧਰ ਉਪਰ ਪੁੱਜ ਗਏ ਹਨ। ਇਹ ਖੁਲਾਸਾ ਐਫ ਬੀ ਆਈ ਨੇ ਕੀਤਾ ਹੈ। ਪਿਛਲੇ ਸਾਲ 10000 ਤੋਂ ਵਧ ਲੋਕਾਂ ਨੇ ਲਾਅ ਇਨਫੋਰਸਮੈਂਟ ਏਜੰਸੀਆਂ ਤੱਕ ਪਹੁੰਚ ਕਰਕੇ ਜਾਤ, ਧਰਮ, ਲਿੰਗ ਜਾਂ
ਅੰਗਹੀਣਤਾ ਕਾਰਨ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਣ ਦੀ ਸ਼ਿਕਾਇਤ ਕੀਤੀ ਸੀ। ਐਫ ਬੀ ਆਈ ਅਨੁਸਾਰ ਇਹ ਗਿਣਤੀ ਪਿਛਲੇ ਸਾਲਾਂ ਦੀ ਤੁਲਨਾ ਵਿਚ ਜਿਆਦਾ ਹੈ। ਐਫ ਬੀ ਆਈ ਵੱਲੋਂ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2020 ਵਿਚ ਉਸ ਕੋਲ 7700 ਤੋਂ ਵਧ ਲੋਕਾਂ ਵੱਲੋਂ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਜੋ ਕਿ 2019 ਦੀ ਤੁਲਨਾ ਵਿਚ 450 ਸ਼ਿਕਾਇਤਾਂ ਵਧ ਹਨ। ਇਹ ਵਾਧਾ ਇਸ ਹਕੀਕਤ ਦੇ ਬਾਵਜੂਦ ਹੋਇਆ ਹੈ ਕਿ ਕਈ ਏਜੰਸੀਆਂ ਨੇ ਆਪਣੇ ਖੇਤਰ ਵਿਚ ਵਾਪਰੀਆਂ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਹੀ ਨਹੀਂ ਦਿੱਤੀ। ਰਿਪੋਰਟ ਅਨੁਸਾਰ ਪਿਛਲੇ ਸਾਲ ਨਫ਼ਰਤੀ ਅਪਰਾਧ ਦੀਆਂ 7783 ਘਟਨਾਵਾਂ ਦਰਜ ਹੋਈਆਂ। 2008 ਤੋਂ ਬਾਅਦ ਪਹਿਲੀ ਵਾਰ ਏਨੀ ਵੱਡੀ ਗਿਣਤੀ ਵਿਚ ਨਫ਼ਰਤੀ ਅਪਰਾਧ ਹੋਏ ਹਨ। ਇਨਾਂ
ਵਿਚ 2755 ਸਿਆਹਫਾਮ ਲੋਕ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਏ ਹਨ ਜਦ ਕਿ 2019 ਵਿਚ ਇਹ ਗਿਣਤੀ 1930 ਸੀ। 274 ਏਸ਼ੀਅਨਾਂ ਨੂੰ ਸਿਰਫਿਰੇ ਲੋਕਾਂ ਦੀ ਹਿੰਸਾ ਦਾ ਸਾਹਮਣਾ ਕਰਨਾ ਪਿਆ ਜਦ ਕਿ 2019 ਵਿਚ ਇਹ ਗਿਣਤੀ 161 ਸੀ। 62% ਲੋਕਾਂ ਨੂੰ ਆਪਣੀ ਨਸਲ ਜਾਂ ਜਾਤ ਕਾਰਨ ਨਫ਼ਰਤੀ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ। 2019 ਵਿਚ ਇਹ ਗਿਣਤੀ 58% ਸੀ। 2020 ਵਿਚ 13% ਲੋਕਾਂ ਨੂੰ ਧਰਮ ਕਾਰਨ ਨਫ਼ਰਤੀ ਹਿੰਸਾ ਦਾ ਸਾਹਮਣਾ ਕਰਨਾ ਪਿਆ ਜਦ ਕਿ 20% ਮਾਮਲੇ ਲਿੰਗ ਅਧਾਰਿਤ ਨਫ਼ਰਤੀ ਹਿੰਸਾ ਨਾਲ ਸਬੰਧਤ ਹਨ।
ਇਸੇ ਦੌਰਾਨ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਨਫ਼ਰਤੀ ਅਪਰਾਧ ਨੂੰ ਰੋਕਣਾ ਤੇ ਨਫ਼ਰਤੀ ਘਟਨਾ ਦੇ ਮਾਮਲੇ ਵਿਚ ਫੌਰਨ ਕਾਰਵਾਈ ਕਰਨੀ ਨਿਆਂ ਵਿਭਾਗ ਦੀ ਉੱਚ ਤਰਜੀਹ ਹੈ। ਉਨਾਂ ਕਿਹਾ ਕਿ ਐਫ ਬੀ ਆਈ ਦੇ ਅੰਕੜਿਆਂ ਅਨੁਸਾਰ ਸਿਆਹਫਾਮ ਤੇ ਅਫਰੀਕਨ ਮੂਲ ਦੇ
ਅਮਰੀਕੀਆਂ ਵਿਰੁੱਧ ਨਫ਼ਰਤੀ ਅਪਰਾਧ ਵਧੇ ਹਨ। ਇਹ ਲੋਕ ਪਹਿਲਾਂ ਹੀ ਨਫ਼ਰਤੀ ਅਪਰਾਧਾਂ ਤੋਂ ਪੀੜਤ ਹਨ। ਅਟਾਰਨੀ ਅਨੁਸਾਰ ਏਸ਼ੀਅਨ ਮੂਲ ਦੇ ਅਮਰੀਕੀਆਂ ਵਿਰੁੱਧ ਅਪਰਾਧਾਂ ਵਿਚ ਵੀ ਵਰਨਣਯੋਗ ਵਾਧਾ ਹੋਇਆ ਹੈ।

ਲੜਕੇ ਦੀ ਮੌਤ ਤੋਂ ਬਾਅਦ ਸਕੂਟਰ ਹੈਲਮੇਟ ਲਾਜ਼ਮੀ ਕਰਨ ਦੀ ਮੰਗ

ਕਾਬੁਲ ਵਿਚ ਅਮਰੀਕੀ ਹਵਾਈ ਹਮਲੇ ਵਿਚ ਆਤਮਘਾਤੀ ਬੰਬਰ ਸਮੇਤ ਗੱਡੀ ਤਬਾਹ