in

ਕੀ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਐਨ. ਆਰ. ਆਈਜ਼ ਦੇ ਰੱਦ ਹੋਏ ਵੀਜੇ ਵੀ ਬਹਾਲ ਹੋਣਗੇ

ਰੋਮ (ਦਲਵੀਰ ਕੈਂਥ) – ਪਿਛਲੇ ਕਰੀਬ ਇੱਕ ਸਾਲ ਤੋਂ ਆਪਣੀ ਹੋਂਦ ਨੂੰ ਬਚਾਉਣ ਲਈ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਭਾਰਤ ਦੀ ਮੋਦੀ ਸਰਕਾਰ ਨਾਲ ਸ਼ਾਂਤਮਈ ਢੰਗ ਨਾਲ ਲੜਾਈ ਲੜ ਰਿਹਾ ਭਾਰਤ ਦਾ ਕਿਸਾਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ 552ਵੇਂ ਆਗਮਨ ਪੁਰਬ ਮੌਕੇ ਇਹ ਲੜਾਈ ਜਿੱਤ ਦਾ ਨਜ਼ਰੀ ਆਇਆ, ਕਿਉਂਕਿ ਇਸ ਦਿਨ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਸਰਕਾਰ ਨੇ ਜਿੱਥੇ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਉੱਥੇ ਹੀ ਕਿਸਾਨ ਭਰਾਵਾਂ ਕੋਲੋ ਮਾਫ਼ੀ ਮੰਗਦੇ ਵੀ ਨਜ਼ਰੀ ਆਏ।ਪ੍ਰਧਾਨ ਮੰਤਰੀ ਦੇ ਇਸ ਐਲਾਨ ਨਾਲ ਉਹਨਾਂ ਦਾ ਕੱਦ ਕੋਈ ਛੋਟਾ ਨਹੀਂ ਹੋਇਆ ਸਗੋਂ ਉਹਨਾਂ ਦੀ ਇਸ ਕਾਰਵਾਈ ਨੇ ਦੇਸ਼-ਵਿਦੇਸ਼ ਦੇ ਭਾਰਤੀਆਂ ਅੰਦਰ ਉਹਨਾਂ ਪ੍ਰਤੀ ਸਤਿਕਾਰ ਵਧਾਇਆ ਹੈ।ਕਾਂਸ਼ ਇਹ ਐਲਾਨ ਮੋਦੀ ਸਾਹਿਬ ਪਹਿਲਾਂ ਕਰ ਦਿੰਦੇ ਤਾਂ ਕਈ ਘਰਾਂ ਦੇ ਚਿਰਾਗ ਬੁੱਝਣੋ ਬੱਚ ਜਾਣੇ ਸਨ ਤੇ ਕਈ ਬੱਚੇ ਯਾਤੀਮ ਤੇ ਨਿਰ ਆਸਰੇ ਨਹੀਂ ਸੀ ਹੋਣੇ ਅਫਸੋਸ ਜਿਸ ਤਰ੍ਹਾਂ ਸਾਹਿਬ ਨੂੰ ਮੰਨਜੂਰ ਉਂਦਾਂ ਹੀ ਹੁੰਦਾ ਹੈ। ਬੇਸ਼ੱਕ ਕੁਝ ਭਾਰਤੀ ਸਿਆਸਤਦਾਨ ਇਸ ਐਲਾਨ ਨੂੰ ਮੋਦੀ ਦਾ ਚੋਣ ਸੰਟਟ ਹੀ ਦੱਸਦੇ ਹਨ ਪਰ ਜੋ ਮਰਜ਼ੀ ਹੋਵੇ ਪਰ ਇੰਝ ਲੱਗਦਾ ਹੈ ਜਿਵੇਂ ਹੁਣ ਕਾਲੇ ਕਾਨੂੰਨ ਕਾਰਨ ਕਿਸੇ ਹੋਰ ਕਿਸਾਨ ਆਗੂ ਨੂੰ ਸਹਾਦਤ ਪਾਉਣ ਦੀ ਲੋੜ ਨਹੀਂ ਪਵੇਗੀ।ਇਸ ਕਿਸਾਨੀ ਘੋਲ ਨੂੰ ਕਾਮਯਾਬ ਕਰਨ ਲਈ ਹਰ ਉਸ ਸਖਸ਼ ਦਾ ਬਰਾਬਾਰ ਦਾ ਹੱਥ ਹੈ ਜਿਹੜਾ ਕਿ ਕਿਸਾਨ ਨੂੰ ਅੰਨਦਾਤਾ ਮੰਨਦਾ ਹੈ।ਕਿਸਾਨ ਆਗੂਆਂ ਨੂੰ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਕਰਨਗੇ। ਇਸ ਕਿਸਾਨੀ ਅੰਦੋਲਨ ਦਾ ਸੇਕ ਭਾਰਤ ਦੀਆਂ ਸਰਹੱਦਾਂ ਤੋਂ ਹੁੰਦਾ ਹੋਇਆ ਦੁਨੀਆਂ ਦੇ ਹਰ ਉਸ ਕੋਨੇ ਵਿੱਚ ਗੂੰਜ ਉੱਠਿਆ ਜਿੱਥੇ ਕਿ ਇਨਸਾਫ਼ ਪਸੰਦ ਲੋਕ ਰਹਿੰਦੇ ਹਨ ।ਇਹ ਜਰੂਰੀ ਨਹੀਂ ਸੀ ਕਿ ਕਿਸਾਨ ਅੰਦੋਲਨ ਨੂੰ ਸਿਰਫ਼ ਭਾਰਤੀ ਲੋਕਾਂ ਨੇ ਹੀ ਵਿਦੇਸਾਂ ਤੋਂ ਡੱਟਵੀਂ ਹਮਾਇਤ ਕੀਤੀ ਹੈ ਵਿਦੇਸ਼ੀ ਗੋਰੇ-ਗੋਰਿਆਂ ਨੇ ਵੀ ਇਸ ਕਿਸਾਨ ਅੰਦੋਲਨ ਦੀ ਖੁੱਲ ਕੇ ਹਮਾਇਤ ਕੀਤੀ ਤੇ ਮੋਦੀ ਸਾਹਿਬ ਨੂੰ ਕਾਲੇ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਪਰ ਵਿਚਾਰਨਯੋਗ ਹੁਣ ਮੁੱਦਾ ਬਣ ਰਿਹਾ ਹੈ ਕਿ ਜਿਹਨਾਂ ਲੋਕਾਂ ਨੇ ਵਿਦੇਸ਼ਾਂ ਤੋਂ ਖਾਸਕਰ ਭਾਰਤੀ ਜਾਂ ਭਾਰਤੀ ਮੂਲ ਦੇ ਲੋਕਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਉਹਨਾਂ ਦੇ ਨਾਮ ਵਿਸ਼ੇਸ ਸੂਚੀ ਵਿੱਚ ਦਰਜ ਹੋਏ ਜਿਹਨਾਂ ਨੂੰ ਭਾਰਤ ਫੇਰੀ ਦੌਰਾਨ ਅਨੇਕਾਂ ਤਰ੍ਹਾਂ ਦੀਆਂ ਔਕੜਾਂ ਦਾ ਸਾਹਮ੍ਹਣਾ ਕਰਨ ਪਿਆ ਤੇ ਕੁਝ ਲੋਕ ਅੱਜ ਵੀ ਜਾਂਚ-ਪੜਤਾਲ ਦੇ ਨਾਮ ਹੇਠ ਰੱਜ ਕੇ ਖੱਜਲ ਖੁਆਰ ਹੋ ਰਹੇ ਹਨ। ਜਿਹੜੇ ਭਾਰਤੀ ਵਿਦੇਸ਼ਾਂ ਵਿੱਚ ਕਈ-ਕਈ ਦਹਾਕਿਆਂ ਤੋਂ ਰਹਿਣ ਬਸੇਰਾ ਕਰਦੇ ਹਨ ਉਹਨਾਂ ਕੋਲ ਵਿਦੇਸ਼ੀ ਨਾਗਰਿਕਤਾ ਹੈ ਉਹਨਾਂ ਦੇ ਭਾਰਤੀ ਵੀਜ਼ੇ ਇਸ ਕਾਰਨ ਰੱਦ ਕੀਤੇ ਗਏ ਕਿਉਂਕਿ ਉਹਨਾਂ ਨੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਹੱਕ ਵਿੱਚ ਨਾਹਰਾ ਮਾਰਿਆ ।

ਇਟਲੀ ਵਿੱਚ ਵੀ ਕੁਝ ਅਜਿਹਾ ਹੀ ਮਾਹੌਲ ਦੇਖਣ ਨੂੰ ਮਿਲਿਆ ਸੀ ਤੇ ਇੱਕ ਸੂਚੀ ਵੀ ਸੋਸ਼ਲ ਮੀਡੀਏ ਰਾਹੀਂ ਚਰਚਾ ਵਿੱਚ ਰਹੀ ਜਿਸ ਵਿੱਚ ਇਟਲੀ ਦੇ ਉਹਨਾਂ ਲੋਕਾਂ ਦੇ ਨਾਮ ਸੂਚੀਬੱਧ ਦੱਸੇ ਗਏ ਸਨ ਜਿਹਨਾਂ ਕਿ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ ਜਾਂ ਫਿਰ ਕੋਈ ਸਹਾਇਤਾ ਰਾਸ਼ੀ ਭੇਜੀ।ਭਾਰਤ ਸਰਕਾਰ ਨੇ ਇਹ ਸੂਚੀ ਤਿਆਰ ਕੀਤੀ ਜਾਂ ਨਹੀਂ ਇਸ ਬਾਰੇ ਹਾਲੇ ਵੀ ਰਹੱਸ ਬਣਿਆ ਹੋਇਆ ਹੈ ਪਰ ਇਟਲੀ ਦੇ ਕੁਝ ਸ਼ਰਾਰਤੀ ਲੋਕਾਂ ਨੇ ਇਸ ਸੂਚੀ ਦੀ ਆੜ ਵਿੱਚ ਕੁਝ ਹੋਰ ਅਸਰ ਰਸੂਖ ਵਾਲੇ ਸਖ਼ਸਾਂ ਉਪੱਰ ਦਾਬਾ ਪਾਉਣ ਦਾ ਅੱਡੀਆਂ ਚੁੱਕਕੇ ਜੋ਼ਰ ਲਗਾਇਆ ਤੇ ਇਸ ਸੂਚੀ ਵਿੱਚ ਛੇੜ-ਛਾੜ ਕਰਕੇ ਕਈ ਲੋਕਾਂ ਨੂੰ ਸਹਿਕਣ ਲਗਾ ਦਿੱਤਾ ਜਿਸ ਕਾਰਨ ਇਟਲੀ ਦੇ ਕਈ ਭਾਰਤੀ ਵਿਚਾਰੇ ਇਹ ਸੋਚਣ ਉਪੱਰ ਮਜ਼ਬੂਰ ਹੋ ਗਏ ਕਿ ਉਹ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਜਾਂ ਆਪਣੀ ਜਾਨ ਬਚਾਉਣ।ਇਟਲੀ ਦੇ ਭਾਰਤੀਆਂ ਅੰਦਰ ਇਹ ਡਰ ਉਂਦੋ ਖੁੱਲੇਆਮ ਦੇਖਿਆ ਗਿਆ ਜਦੋਂ ਰੋਮ ‘ਚ 31 ਅਕਤੂਬਰ 2021 ਨੂੰ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਤੇ ਮੋਦੀ ਸਰਕਾਰ ਦੇ ਵਿਰੁੱਧ ਮੁਜ਼ਾਹਰਾ ਕਰਨ ਲਈ ਇਟਲੀ ਸਰਕਾਰ ਤੋਂ ਇਜ਼ਾਜ਼ਤ ਲੈਣ ਲਈ ਇਟਲੀ ਦੇ ਧੜੱਲੇਦਾਰ ਸਿੱਖ ਆਗੂਆਂ ਨੇ ਕੋਈ ਜਿੰਮੇਵਾਰੀ ਨਾ ਦਿਖਾਈ।ਕਿਸਾਨ ਹਮਾਇਤੀ ਲੋਕਾਂ ਨੇ ਇਟਲੀ ਤੋਂ ਬਾਹਰੋਂ ਆਕੇ ਵੀ ਆਪਣੀ ਆਵਾਜ ਮੋਦੀ ਸਰਕਾਰ ਖਿਲਾਫ਼ ਬੁਲੰਦ ਕੀਤੀ ਪਰ ਸੋਸ਼ਲ ਮੀਡੀਏ ਉਪੱਰ ਭਾਸ਼ਣਾਂ ਨਾਲ ਮੂੰਹ ਸੁਕਾਉਣ ਵਾਲੇ ਆਗੂ ਸਰਕਾਰੀ ਖੱਜਲ ਖੁਆਰੀ ਦੇ ਡਰੋਂ ਮੁਜ਼ਾਹਰੇ ਤੋਂ ਦੂਰ-ਦੂਰ ਹੀ ਰਹੇ।ਕਿਸਾਨ ਅੰਦੋਲਨ ਦੀ ਜਿੱਤ ਨੇ ਹੁਣ ਸਭ ਕਿਸਾਨ ਅੰਦੋਲਨ ਹਮਾਇਤੀਆਂ ਦੇ ਦਿਲਾਂ ਵਿੱਚੋਂ ਬੇਸ਼ੱਕ ਸਰਕਾਰੀ ਖੁੱਜਲ ਖੁਆਰ ਦਾ ਡਰ ਖਤਮ ਕਰ ਦਿੱਤਾ ਹੈ ਪਰ ਇਹ ਸਵਾਲ ਹਾਲੇ ਵੀ ਕਾਇਮ ਹੈ ਕਿ ਕੀ ਜਿਹਨਾਂ ਐਨ,ਆਰ,ਆਈ ਭਾਰਤੀ ਭਰਾਵਾਂ ਦੇ ਭਾਰਤੀ ਵੀਜ਼ੇ ਰੱਦ ਹੋਏ ਹਨ ਜਾਂ ਜਿਹਨਾਂ ਨੂੰ ਸਰਕਾਰੀ ਸੂਚੀਆਂ ਬਣਾ ਹਿਰਾਸ ਕੀਤਾ ਗਿਆ ਉਹਨਾਂ ਨੂੰ ਵੀ ਹੁਣ ਰਾਹਤ ਮਿਲੇਗੀ ਜਾਂ ਫਿਰ ਉਹ ਵਿਚਾਰੇ 84 ਦੇ ਗੇੜ ਵਿੱਚ ਪੀਸ ਹੁੰਦੇ ਰਹਿਣਗੇ।ਇਹ ਸਵਾਲ ਤਾਂ ਹੁਣ ਸਮਾਂ ਆਪਣੀ ਬੁੱਕਲ ਵਿੱਚ ਲਕੋਈ ਬੈਠਾ ਹੈ ਜਿਸ ਦੇ ਜਵਾਬ ਦੀ ਉਡੀਕ ਸਭ ਐਨ,ਆਰ,ਆਈ ਨੂੰ ਬੇਸਬਰੀ ਨਾਲ ਰਹੇਗੀ।

ਰੋਮ : ਬੁਰਕਾ ਨਾ ਪਹਿਨਣ ਕਾਰਨ 14 ਸਾਲਾਂ ਲੜਕੀ ਦੀ ਕੀਤੀ ਕੁੱਟ-ਮਾਰ

ਬਰੇਸ਼ੀਆ : ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਬਸਾਨੋ ਬਰੈਸ਼ੀਆਨੋ ਦੀ ਹੋਈ ਸਥਾਪਨਾ