ਮਿਲਾਨ (ਇਟਲੀ) 12 ਜਨਵਰੀ (ਸਾਬੀ ਚੀਨੀਆਂ) – ਮਨੁੱਖਤਾ ਦੀ ਸੇਵਾ ਵੱਡੀ ਸੇਵਾ ਹੁੰਦੀ ਹੈ। ਇਸੇ ਸਿਧਾਂਤ ਤੇ ਚੱਲਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਟਲੀ ਦੁਆਰਾ ਇਟਲੀ ਦੀਆਂ ਦਾਨੀ ਸਖਸ਼ੀਅਤਾਂ ਦੇ ਸਹਿਯੋਗ ਨਾਲ਼ ਦਿੱਲੀ ਵਿਖੇ ਚੱਲ ਰਹੇ ਕਿਸਾਨ-ਮਜਦੂਰ ਅੰਦੋਲਨ ਵਿੱਚ ਪਾਣੀ, ਦੁੱਧ ਅਤੇ ਹੋਰ ਜਰੂਰੀ ਵਸਤਾਂ ਦੀ ਸੇਵਾ ਕਰਕੇ ਮਹਾਨ ਸੇਵਾ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ। ਕੁੰਡਲੀ ਅਤੇ ਟਿੱਕਰੀ ਬਾਰਡਰ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਟਰੱਸਟ ਇਟਲੀ ਦੇ ਸੇਵਾਦਾਰਾਂ ਦੁਆਰਾ ਨਿਤਦਿਨ ਵੱਡੀ ਗਿਣਤੀ ਚ ਪੀਣ ਲਈ ਪਾਣੀ ਅਤੇ ਦੁੱਧ ਦੀਆਂ ਪੇਟੀਆਂ ਵੰਡੀਆਂ ਜਾ ਰਹੀਆਂ ਹਨ।
ਟਰੱਸਟ ਨੂੰ ਚਲਾ ਰਹੇ ਪ੍ਰਬੰਧਕਾਂ ਨੇ ਦੱਸਿਆ ਕਿ, ਕਿਸਾਨ-ਮਜਦੂਰ ਅੰਦੋਲਨ ਸਾਰਿਆਂ ਦਾ ਸਾਂਝਾ ਅੰਦੋਲਨ ਹੈ। ਇਸ ਵਿੱਚ ਸੇਵਾ ਦੇ ਕੇ ਯੋਗਦਾਨ ਪਾਉਣਾ ਸਾਡਾ ਸਾਰਿਆਂ ਦਾ ਧਾਰਮਿਕ ਤੇ ਸਮਾਜਿਕ ਫਰਜ ਬਣਦਾ ਹੈ। ਉਨਾਂ ਦੱਸਿਆ ਕਿ, ਧਰਨੇ ਦੌਰਾਨ ਮੀਹ ਤੋਂ ਬਚਾਓ ਲਈ ਬਹੁਤ ਜਲਦ ਟਰੱਸਟ ਵੱਲੋਂ ਤੰਬੂਆਂ ਦੀ ਸੇਵਾ ਵਿੱਚ ਵੀ ਹਿੱਸਾ ਦਿੱਤਾ ਜਾਵੇਗਾ।ਦੱਸਣਯੋਗ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਟਲੀ ਦਾ ਗਠਨ ਕੁੱਝ ਸਾਲ ਪਹਿਲਾ ਹੀ ਨੌਜਵਾਨਾਂ ਦੁਆਰਾ ਰਲ ਮਿਲ ਕੇ ਸੇਵਾ -ਭਾਵਨਾ ਦੇ ਮਨੋਰਥ ਨਾਲ਼ ਕੀਤਾ ਗਿਆ ਹੈ।