ਰੋਮ (ਕੈਂਥ) – ਪੰਜਾਬ ਦੇ ਅਨੇਕਾਂ ਨੌਜਵਾਨ ਘਰ ਦੀ ਗਰੀਬੀ ਦੂਰ ਕਰਨ ਕਰਜ਼ਾ ਚੱਕ ਵਿਦੇਸ਼ਾਂ ਦੀ ਖ਼ਾਕ ਛਾਨਣ ਇਸ ਉਮੀਦ ਨਾਲ ਆਉਂਦੇ ਹਨ ਕਿ ਉਹ ਆਪਣੇ ਪਰਿਵਾਰ ਦਾ ਭੱਵਿਖ ਸਖ਼ਤ ਮਿਹਨਤ ਕਰਕੇ ਚੰਗਾ ਬਣਾ ਦੇਣਗੇ, ਪਰ ਅਫ਼ਸੋਸ ਇਹ ਉਮੀਦ ਹਰ ਉਸ ਨੌਜਵਾਨ ਦੀ ਪੂਰੀ ਨਹੀ ਹੁੰਦੀ ਜਿਹੜੇ ਵਿਦੇਸ਼ ਆਉਂਦੇ ਹਨ ਕਿਉਂ ਕਿ ਵਿਦੇਸ਼ਾਂ ਵਿੱਚ ਕਮਾਈ ਕਰਨੀ ਸੌਖੀ ਨਹੀ ਜਿਸ ਕਾਰਨ ਵਿਦੇਸ਼ਾਂ ਵਿੱਚ ਰੈਣ ਬਸੇਰਾ ਕਰਦੇ ਪੰਜਾਬੀ ਅਕਸਰ ਚਿੰਤਾਂਵਾਂ ਵਿੱਚ ਘਿਰੇ ਹੀ ਰਹਿੰਦੇ ਹਨ।ਕਈ ਤਾਂ ਵਿਚਾਰੇ ਵਕਤ ਦੇ ਧੱਕੇ ਚੜੇ ਪਰਿਵਾਰ ਨੂੰ ਸਹਾਰਾ ਦੇਣ ਦੀ ਬਜਾਏ ਬੇਸਹਾਰਾ ਹੀ ਕਰ ਜਾਂਦੇ ਹਨ ।ਵਿਦੇਸ਼ਾਂ ਵਿੱਚ ਅਜਿਹੇ ਨੌਜਵਾਨਾਂ ਨੂੰ ਬੇਵਕਤੀ ਮੌਤ ਦਾ ਦੈਂਤ ਨਿਗਲ ਜਾਂਦਾ ਹੈ ਜਿਸ ਨਾਲ ਪਰਿਵਾਰ ਕੋਲ ਸਾਰੀ ਉਮਰ ਦੇ ਰੋਣੇ ਤੋਂ ਬਿਨਾਂ ਕੁਝ ਨਹੀ ਬਚਦਾ।ਅਜਿਹੀਆਂ ਅਣਹੋਣੀਆਂ ਵਿਦੇਸ਼ਾਂ ਵਿੱਚ ਆਮ ਵਾਪਰਦੀਆਂ ਰਹਿੰਦੀਆਂ ਹਨ ।
ਇਟਲੀ ਵਿੱਚ ਵੀ ਇੱਕ ਅਜਿਹੀ ਹੀ ਮੰਦਭਾਗੀ ਘਟਨਾ ਨੇ ਪੰਜਾਬ ਦੇ ਪਿੰਡ ਕਲੇਰ ਬਾਲਾਪਾਈ (ਅੰਮ੍ਰਿਤਸਰ )ਦੇ ਨੌਜਵਾਨ ਮਨਜੀਤ ਸਿੰਘ ਵੀਤਾ (40)ਨਾਲ ਉਦੋਂ ਘਟੀ ਜਦੋਂ ਇਹ ਨੌਜਵਾਨ ਕੱਲ੍ਹ ਸਵੇਰੇ ਰੋਜ਼ ਵਾਂਗਰ ਕੰਮ ਲਈ ਤਿਆਰ ਹੋ ਰਿਹਾ ਸੀ ਕਿ ਇਸ ਨੂੰ ਸਰੀਰ ਕੁਝ ਢਿੱਲਾ ਜਿਹਾ ਲੱਗਾ ਜਿਸ ਕਾਰਨ ਮਨਜੀਤ ਸਿੰਘ ਵੀਤਾ ਕੰਮ ਤੇ ਨਹੀ ਗਿਆ ਤੇ ਘਰ ਹੀ ਆਰਾਮ ਕਰਨ ਲੱਗਾ। ਘਰ ਵਿੱਚ ਰਹਿੰਦੇ ਹੋਰ ਸਭ ਨੌਜਵਾਨ ਆਪਣੇ ਕੰਮਾਂ ਤੇ ਚੱਲੇ ਗਏ ਤੇ ਜਦੋ ਦੁਪਿਹਰ ਵਾਪਸ ਆਏ ਤਾਂ ਉਹਨਾਂ ਮਨਜੀਤ ਸਿੰਘ ਨੂੰ ਮੰਜੇ ਉੱਪਰ ਹੀ ਬੇਸੁੱਧ ਪਾਇਆ।ਤੁਰੰਤ ਐਂਬੂਲਸ ਨੂੰ ਬੁਲਾਇਆ ਗਿਆ ਤੇ ਡਾਕਟਰਾਂ ਦੀ ਟੀਮ ਨੇ ਕਾਫ਼ੀ ਜੱਦੋ ਜਹਿਦ ਕੀਤੀ ਪਰ ਆਖਿਰ ਉਹਨਾਂ ਮਨਜੀਤ ਸਿੰਘ ਵੀਤਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਡਾਕਟਰ ਨੇ ਮੌਤ ਦਾ ਕਾਰਨ ਦਿਲ ਦੇ ਦੌਰੇ ਦਾ ਸ਼ੱਕ ਜਾਹਿਰ ਕੀਤਾ ਹੈ ।ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਮਾਸੂਮ ਬੱਚਿਆਂ ਨੂੰ ਯਤੀਮ ਕਰ ਗਿਆ ਹੈ।ਘਟਨਾ ਦੀ ਜਾਣਕਾਰੀ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਬੂਟਾ ਸਿੰਘ ਸੰਧੂ ਨੇ ਦਿੰਦਿਆਂ ਕਿਹਾ ਮ੍ਰਿਤਕ ਮਨਜੀਤ ਸਿੰਘ ਉਹਨਾਂ ਦੇ ਪਿੰਡ ਦੇ ਸਨ ਜਿਹੜਾ ਇਟਲੀ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰ ਕਰ ਰਿਹਾ ਸੀ ਉਸ ਦੀ ਮੌਤ ਨਾਲ ਪਰਿਵਾਰ ਉਪੱਰ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ ਕਿਉਂਕਿ ਘਰ ਦਾ ਗੁਜ਼ਾਰਾ ਉਸ ਦੀ ਕਮਾਈ ਨਾਲ ਚੱਲਦਾ ਸੀ।