ਮੁੱਦਤਾਂ ਤੋਂ ਹੀ ਤੇਰੇ ਜੁਲਮਾ ਦੀ,
ਮੈਂ ਹਿੱਕ ਤੇ ਪੀੜ ਹੰਢਾਈ ਏ।
ਤੂੰ ਝੂਠ ਤੇ ਪਰਦੇ ਪਾਉਂਦੀ ਏ,
ਤੇਰੇ ਦਿਲ ਵਿੱਚ ਦਿੱਲੀਏ ਬੇਵਫ਼ਾਈ ਏ।
ਤੇਰੇ ਹੀ ਵਿਹੜਿਆਂ ਚ
ਮੈਂ ਹਰ ਵਾਰ ਬੇਜਾਰ ਹੋਇਆ।
ਮੇਰਾ ਖੂਨ ਸੜਕਾਂ ਤੇ ਡੁੱਲਦਾ ਰਿਹਾ,
ਤੇਰਾ ਹਾਸਾ ਨਾ ਸ਼ਰਮਸਾਰ ਹੋਇਆ।
ਫਿਰ ਤੂੰ ਨਸ਼ਿਆਂ ਦਾ ਜਹਿਰ,
ਮੇਰੀਆ ਜੜ੍ਹਾਂ ਚ ਘੋਲ ਗਈ,
ਐਸਾ ਡੱਸਿਆ ਤੂੰ ਨਾਗਣੇ,
ਮੇਰੇ ਪੁੱਤਾਂ ਦੀ ਜਵਾਨੀ ਰੋਲ਼ ਗਈ।
ਹੁਣ ਸੱਟੇ ਤੇ ਤੂੰ ਮੇਰੀ ਕਿਸਾਨੀ ਲਾ ਗਈ,
ਦੇ ਕੇ ਨਾਮ ਵੱਡੇ ਮਤਿਆਂ ਦਾ,
ਮੇਰੇ ਘਰ ਦਾ ਦੀਵਾ ਬੁਝਾ ਗਈ।
ਤੂੰ ਜਾਣਦੀ ਸੀ ਮੁੱਢ ਤੋਂ,
ਮੇਰਾ ਘਰ ਕਿਦਾਂ ਚੱਲਦਾ।
ਇੰਨੇ ਕਰ ਕੇ ਕਹਿਰ ਮੇਰੇ ਤੇ,
ਤੇਰਾ ਦਿਲ ਕਿਉਂ ਨਾ ਟਲਦਾ।
ਤੇਰੀ ਚਾਲ ਤਾਂ ਬਹੁਤ ਸੋਹਣੀ ਏ,
ਪਰ ਅੰਦਾਜ਼ਾ ਗਲਤ ਲਾ ਗਈ ਏ।
ਹੁਣ ਹਰ ਚੇਹਰਾ ਨਕਾਬ ਹੋਊ,
ਜੇਹੜੇ ਤੂੰ ਭੁਲੇਖੇ ਪਾ ਗਈ ਏ।
– ਹਰਫ਼ ਕੌਰ