ਨੋਵੇਲਾਰਾ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਦੀ ਅਜ਼ਾਦੀ ਦੀ ਵਰ੍ਹੇਗੰਢ ਮੌਕੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਵੱਲੋਂ ਕਮੂਨੇ ਦੀ ਨੋਵੇਲਾਰਾ (ਮਿਊਸਪਲ ਕਮੇਟੀ ਨੋਵੇਲਾਰਾ, ਰੇਜੋ ਇਮੀਲੀਆ) ਦੇ ਸੱਦੇ ‘ਤੇ ਨੋਵੇਲਾਰਾ ਕਮੂਨੇ ਵਿੱਚ ਦੂਜੀ ਸੰਸਾਰ ਯੁੱਧ ਵਿੱਚ ਸ਼ਹੀਦ ਹੋਏ ਇਟਾਲੀਅਨ ਲੋਕਾਂ ਦੀਆਂ ਵੱਖ-ਵੱਖ ਯਾਦਗਾਰਾਂ ‘ਤੇ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਹਾਜ਼ਰੀ ਭਰੀ ਗਈ। ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ:) ਇਟਲੀ ਦੇ ਸੈਕਰੇਟਰੀ ਜਗਦੀਪ ਸਿੰਘ ਮੱਲ੍ਹੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ, ਕਮੇਟੀ ਇਟਲੀ ਵਿੱਚ ਪਿਛਲੇ 13 ਸਾਲਾਂ ਤੋਂ ਵੱਖ-ਵੱਖ ਸ਼ਹਿਰਾਂ ਵਿੱਚ ਇਟਾਲੀਅਨ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਦੂਜੀ ਸੰਸਾਰ ਯੁੱਧ ਦੌਰਾਨ ਸ਼ਹੀਦ ਹੋਏ ਸਿੱਖ ਫੌਜ਼ੀਆਂ ਦੀਆਂ 9 ਯਾਦਗਾਰਾਂ ਸਥਾਪਤ ਕਰ ਚੁੱਕੀ ਹੈ। ਜਿੱਥੇ ਸਮੇਂ-ਸਮੇਂ ‘ਤੇ ਸ਼ਰਧਾਜਲੀ ਸਮਾਗਮ ਕਰਵਾਏ ਜਾਂਦੇ ਹਨ।
ਇਸੇ ਲੜੀ ਤਹਿਤ ਅੱਜ ਨੋਵੇਲਾਰਾ ਦੇ “ਪਿਆਸਾ ਦੈਲਾ ਰੇਸਿਸਤੈਂਸਾ” ਵਿਖੇ ਬਣੇ ਸਮਾਰਕ (ਜਿੱਥੇ ਕਿ ਸਿੱਖ ਸ਼ਹੀਦ ਫੌਜ਼ੀਆਂ ਦੀ ਯਾਦ ਵਿੱਚ ਵੀ ਯਾਦਗਾਰੀ ਪੱਥਰ ਲੱਗਾ ਹੈ) ‘ਤੇ ਸ਼ਰਧਾਜਲੀ ਭੇਂਟ ਕੀਤੀ ਗਈ। ਨੋਵੇਲਾਰਾ ਦੀ ਮੇਅਰ ਐਲੇਨਾ ਕਰਲੈਤੀ ਅਤੇ ਪੁਲਿਸ ਅਧਿਕਾਰੀਆਂ ਨੇ ਸਮਾਰਕ ‘ਤੇ ਸਲਾਮੀ ਦਿੱਤੀ ਅਤੇ ਫੁੱਲ ਭੇਂਟ ਕੀਤੇ। ਅੰਤ ਵਿੱਚ ਨੋਵੇਲਾਰਾ ਦੇ ਮੁੱਖ ਚੌਂਕ ਵਿੱਚ ਸ਼ਹੀਦਾਂ ਦੇ ਸਮਾਰਕ ਵਿਖੇ ਸ਼ਰਧਾਂਜਲੀ ਦੇ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ। ਹੋਰਨਾਂ ਤੋਂ ਇਲਾਵਾ ਕਮੇਟੀ ਵੱਲੋਂ ਪ੍ਰਿਥੀਪਾਲ ਸਿੰਘ,ਗੁਰਮੇਲ ਸਿੰਘ ਭੱਟੀ, ਸਤਨਾਮ ਸਿੰਘ, ਪਰਮਿੰਦਰ ਸਿੰਘ ਖ਼ੁਰਮਪੁਰ, ਕੁਲਜੀਤ ਸਿੰਘ, ਭੁਪਿੰਦਰ ਸਿੰਘ ਸੋਨੀ, ਇਕਬਾਲ ਸਿੰਘ ਸੋਢੀ ਅਤੇ ਜਗਦੀਪ ਸਿੰਘ ਜੱਟ ਨੇ ਹਾਜ਼ਰੀ ਭਰੀ।