ਰੋਮ (ਇਟਲੀ) (ਕੈਂਥ) – ਬਹੁਜਨ ਸਮਾਜ ਲਈ ਇਹ ਖਬਰ ਬਹੁਤ ਦੁੱਖੀ ਹਿਰਦੇ ਨਾਲ ਪੜ੍ਹੀ ਜਾਵੇਗੀ ਕਿ ਅੱਜ ਦਲਿਤ ਸਮਾਜ ਦੇ ਅਤਿਅੰਤ ਸ਼ੁੱਭ ਚਿੰਤਕ ਮਹਾਨ ਬੁੱਧੀਜੀਵੀ ਅਤੇ ਤੀਹ ਕਿਤਾਬਾਂ ਦੇ ਰਚੇਤਾ ਪ੍ਰੋ: ਸਰਦਾਰ ਗੁਰਨਾਮ ਸਿੰਘ ਮੁਕਤਸਰ ਜਿਹਨਾਂ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਬੇਬਾਕੀ ਨਾਲ ਗੱਲ ਹੀ ਨਹੀਂ ਕੀਤੀ, ਸਗੋਂ ਉਹਨਾਂ ਨੂੰ ਲਾਮਬੰਦ ਵੀ ਕੀਤਾ। ਪ੍ਰੋ: ਮੁਕਤਸਰ ਸਾਹਿਬ ਦੀ ਲਿਖਤ ਸਭ ਤੋਂ ਚਰਚਿਤ ਕਿਤਾਬ ‘ਭਾਰਤੀ ਲੋਕ ਨੀਚ ਕਿਵੇਂ ਬਣੇ’ ਲੋਕਾਂ ਲਈ ਚਾਨਣ ਮੁਨਾਰੇ ਵਾਂਗਰ ਸਿੱਧ ਹੋਈ ਸੀ ਜਿਸ ਨੇ ਉਹਨਾਂ ਨੂੰ ਦੁਨੀਆਂ ਦੇ ਉਹਨਾਂ ਲੇਖਕਾਂ ਵਿੱਚ ਲਿਆ ਖੜ੍ਹਾ ਕੀਤਾ ਜਿਹੜੇ ਸਮਾਜ ਨੂੰ ਸਮਰਪਿਤ ਹੋਕੇ ਸਿਰਫ ਅਣਗੋਲੇ ਸਮਾਜ ਦੇ ਹੱਕਾਂ ਲਈ ਹੀ ਲਿਖਦੇ ਹਨ। ਗਰੀਬ ਤਬਕੇ ਦੇ ਮਸੀਹਾ ਪ੍ਰੋ: ਗੁਰਨਾਮ ਸਿੰਘ ਮੁਕਤਸਰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨl ਉਨ੍ਹਾਂ ਨੇ ਦਲਿਤ ਸਮਾਜ ਨੂੰ ਸਹੀ ਇਤਿਹਾਸ ਦੀ ਜਾਣਕਾਰੀ ਦਿੱਤੀ। ਵਹਿਮਾਂ ਭਰਮਾਂ ਵਿੱਚੋ ਸਮਾਜ ਨੂੰ ਬਾਹਰ ਕੱਢਣ ਲਈ ਯਤਨ ਕੀਤੇ, ਗੁਰੂਆਂ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਲਈ ਅਣਥੱਕ ਮਿਹਨਤ ਕੀਤੀ l ਜਾਤ ਪਾਤ ਨੂੰ ਬਣਾਉਣ ਵਾਲੇ ਲੋਕਾਂ ਦਾ ਪਰਦਾਫਾਸ਼ “ਭਾਰਤੀ ਲੋਕ ਨੀਚ ਕਿਵੇਂ ਬਣੇ” ਕਿਤਾਬ ਲਿਖ ਕੇ ਕੀਤਾ। ਉਹਨਾਂ ਦੀਆਂ ਲਿਖੀਆਂ ਕਿਤਾਬਾਂ, “ਭਾਰਤੀ ਲੋਕ ਨੀਚ ਕਿਵੇਂ ਬਣੇ”, “ਝੂਠ ਨਾ ਬੋਲ ਪਾਂਡੇ”, “ਇਨ੍ਹਹੀ ਕੋ ਮੈਂ ਸਰਦਾਰ ਬਣਾਉ”, “ਖੌਲ੍ਹਦਾ ਮਹਾਂਸਾਗਰ” ਅਤੇ ਹੋਰ ਅਨੇਕਾਂ ਇਤਿਹਾਸਕਾਰੀ ਕਿਤਾਬਾਂ ਸਰਦਾਰ ਗੁਰਨਾਮ ਸਿੰਘ ਮੁਕਤਸਰ ਨੇ ਸਮਾਜ ਨੂੰ ਦਿੱਤੀਆਂ। ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਅਤੇ ਪ੍ਰਸਾਰ ਸਾਰੀ ਦੁਨੀਆ ਭਰ ਵਿਚ ਕੀਤਾ। ਜਦੋਂ ਵੀ ਇਤਿਹਾਸ ਦੇ ਪੰਨੇ ਫੋਲੇ ਜਾਣਗੇ ਪ੍ਰੋ: ਗੁਰਨਾਮ ਸਿੰਘ ਦਾ ਜ਼ਿਕਰ ਜਰੂਰ ਆਵੇਗਾ।
ਉਹਨਾਂ ਦੇ ਬੇਵਕਤੀ ਮੌਤ ਦੇ ਅਸਹਿ ਸਦਮੇ ਕਾਰਨ ਦੁਨੀਆਂ ਭਰ ਵਿੱਚ ਉਹਨਾਂ ਨੂੰ ਮਸੀਹੇ ਵਾਂਗਰ ਮੰਨਣ ਵਾਲ਼ਿਆਂ ਵਿੱਚ ਮਾਹੌਲ ਗ਼ਮਗੀਨ ਹੈ। ਇਟਲੀ ਦੀਆਂ ਸਮੂਹ ਗੁਰੂ ਰਵਿਦਾਸ ਮਹਾਰਾਜ ਜੀ ਸਭਾਵਾਂ ਵੱਲੋਂ ਇਸ ਦੁੱਖ ਦੀ ਘੜ੍ਹੀ ਮੌਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਭਾਰਤ ਰਤਨ ਡਾ: ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਦੇ ਸਮੂਹ ਮੈਂਬਰਾਨ ਨੇ ਪ੍ਰੋ: ਸਾਹਿਬ ਦੀ ਬੇਵਕਤੀ ਮੌਤ ਉਪੱਰ ਗਹਿਰਾ ਸੋਗ ਪ੍ਰਗਟ ਕਰਦਿਆਂ ਉਹਨਾਂ ਦੇ ਜਹਾਨੋਂ ਤੁਰ ਜਾਣ ਨੂੰ ਸਮਾਜ ਨੂੰ ਕਦੇਂ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਕਿਹਾ ਕਿ, ਰਹਿੰਦੀ ਦੁਨੀਆਂ ਤੱਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ। ਉਹਨਾਂ ਦੀਆਂ ਸਮਾਜ ਲਈ ਕੀਤੀਆਂ ਘਾਲਣਾਵਾਂ ਨੂੰ ਸਦਾ ਹੀ ਸੱਜਦਾ ਰਹੇਗਾ। ਅਜਿਹੀਆਂ ਹਸਤੀਆਂ ਦੁਨੀਆਂ ਵਿੱਚ ਸੂਰਜ ਵਾਂਗਰ ਹੁੰਦੀਆਂ ਹਨ, ਜਿਹਨਾਂ ਦਾ ਮਕਸਦ ਸਮੂਹ ਨੂੰ ਜਾਗਰੂਕ ਕਰਨਾ ਹੁੰਦਾ ਹੈ। ਮਰਹੂਮ ਪ੍ਰੋ: ਗੁਰਨਾਮ ਸਿੰਘ ਸਾਹਿਬ ਸਦਾ ਹੀ ਉਹਨਾਂ ਦੇ ਦਿਲਾਂ ਵਿੱਚ ਅਮਰ ਰਹਿਣਗੇ।
ਪ੍ਰੋ: ਗੁਰਨਾਮ ਸਿੰਘ ਮੁਕਤਸਰ ਦੇ ਜਹਾਨੋਂ ਤੁਰ ਜਾਣ ਕਾਰਨ ਸ਼ੋਕ ਦੀ ਲਹਿਰ
