ਮਿਲਾਨ (ਇਟਲੀ) (ਸਾਬੀ ਚੀਨੀਆਂ) – ਪੰਜਾਬੀ ਮਾਂ ਬੋਲੀ ਨੂੰ ਵਿਦੇਸ਼ਾਂ ਵਿੱਚ ਪ੍ਰਫੁੱਲਿਤ ਕਰਨ ਲਈ ਬਹੁਤ ਸਾਰੀਆਂ ਸੰਸਥਾਵਾਂ ਆਪੋ ਆਪਣੇ ਪੱਧਰ ‘ਤੇ ਉਪਰਾਲੇ ਕਰ ਰਹੀਆਂ ਹਨ। ਇਟਲੀ ਵਿੱਚ ਵੀ ਧਾਰਮਿਕ ਸੰਸਥਾਵਾਂ ਪੰਜਾਬੀ ਮਾਂ ਬੋਲੀ ਨਾਲ ਬੱਚਿਆਂ ਨੂੰ ਜੋੜਨ ਲਈ ਕਲਾਸਾਂ ਦਾ ਪ੍ਰਬੰਧ ਕਰ ਰਹੀਆਂ ਹਨ। ਇਟਲੀ ਦੇ ਸੂਬਾ ਲਾਸੀੳ ਵਿੱਚ ਪੈਂਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਵਿਖੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਗੁਰਦੁਆਰਾ ਸਾਹਿਬ ਦੁਆਰਾ ਕੀਤੇ ਜਾ ਰਹੇ ਉਪਰਾਲੇ ਤੋਂ ਪ੍ਰੇਰਿਤ ਹੋ ਕੇ ਕਿਸੇ ਸੱਜਣ ਨੇ ਗੁਪਤ ਦਾਨ ਕਰਦਿਆਂ ਬੱਚਿਆਂ ਨੂੰ ਪੰਜਾਬੀ ਦੇ ਕਾਇਦੇ ਅਤੇ ਕਾਪੀਆਂ ਵੀ ਵੰਡੇ ਹਨ.
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਰਛਪਾਲ ਸਿੰਘ, ਮੈਡਮ ਨਵਨੀਤ ਕੌਰ ਅਤੇ ਗੁਰਲੀਨ ਕੌਰ ਨੇ ਦੱਸਿਆ ਕਿ, ਉਹ ਹਰ ਐਤਵਾਰ ਨੂੰ ਬੱਚਿਆਂ ਨੂੰ ਪੰਜਾਬੀ ਪੜਾਉਂਦੇ ਹਨ। ਉਹਨਾਂ ਕੋਲ ਕਾਫੀ ਸੰਖਿਆਂ ਵਿੱਚ ਬੱਚੇ ਪੜਨ ਲਈ ਆ ਰਹੇ ਹਨ। ਬੱਚਿਆਂ ਦੇ ਮਾਪਿਆਂ ਵਿੱਚ ਵੀ ਬੱਚਿਆਂ ਨੂੰ ਪੰਜਾਬੀ ਪੜਾਉਣ ਲਈ ਕਾਫੀ ਉਤਸ਼ਾਹ ਹੈ. ਉਹਨਾਂ ਕਿਹਾ ਕਿ, ਪੂਰੀ ਇਟਲੀ ‘ਚੋਂ ਭਾਈਚਾਰੇ ਨਾਲ ਜੁੜੀਆਂ ਧਾਰਮਿਕ ਸੰਸਥਾਵਾਂ ਨੂੰ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਦਾ ਪ੍ਰਬੰਧ ਕਰਨ ਅਤੇ ਮਾਪੇ ਵੀ ਸੰਸਥਾਵਾਂ ਦਾ ਸਾਥ ਦੇਣ। ਦੱਸਣਯੋਗ ਹੈ ਕਿ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਯੂਰਪ ਦੇ ਲਗਭਗ ਸਾਰੇ ਸਕੂਲਾਂ ਵਿੱਚ ਤਿੰਨ ਮਹੀਨਿਆਂ ਦੀਆਂ ਛੁੱਟੀਆਂ ਹੁੰਦੀਆਂ ਹਨ, ਜਿੰਨਾ ਵਿੱਚ ਪੰਜਾਬੀ ਮੂਲ ਦੇ ਬੱਚੇ ਪੰਜਾਬੀ ਬੋਲੀ ਸਿੱਖਣ ਅਤੇ ਗੁਰਮਿਤ ਦੀਆਂ ਕਲਾਸਾਂ ਲਾਉਂਦੇ ਹਨ.