ਚੰਡੀਗੜ੍ਹ ਵਿਖੇ ਬੇਅੰਤ ਸਿੰਘ ਮੈਮੋਰੀਅਲ ‘ਤੇ ਖਾਲਿਸਤਾਨ ਜਿੰਦਾਬਾਦ ਦੇ ਛਾਪੇ ਲਗਾਏ ਗਏ ਹਨ। ਇਨ੍ਹਾਂ ਛਾਪਿਆਂ ਦੀ ਜਿ਼ੰਮੇਵਾਰੀ ਖਾਲਿਸਤਾਨੀ ਜਥੇਬੰਦੀ ਸਿੱਖ ਫਾਰ ਜਸਟਿਸ ਨੇ ਲਈ ਹੈ। ਇਸਦੇ ਨਾਲ ਹੀ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚੇਤਾਵਨੀ ਵੀ ਜਾਰੀ ਕੀਤੀ ਹੈ।
ਘਟਨਾ ਚੰਡੀਗੜ੍ਹ ਦੇ ਸੈਕਟਰ 42 ਦੀ ਹੈ, ਜਿਥੇ ਬੇਅੰਤ ਸਿੰਘ ਮੈਮੋਰੀਅਲ ਦੇ ਬਾਹਰ ਲੱਗੇ ਬੋਰਡ ‘ਤੇ ਅਣਪਛਾਤੇ ਲੋਕਾਂ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਿਖੇ ਗਏ ਹਨ। ਫਰਨੀਚਰ ਮਾਰਕੀਟ ਦੇ ਸਾਹਮਣੇ ਲੱਗੇ ਇਸ ਬੋਰਡ ਦੇ ਦੋਵੇਂ ਪਾਸੇ ਪੰਜਾਬੀ ਵਿੱਚ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ। ਨਾਅਰੇ ਲਿਖਣ ਵਾਲੇ ਅਣਪਛਾਤਿਆਂ ਵੱਲੋਂ ਬੋਰਡ ‘ਤੇ ਖਾਲਿਸਤਾਨੀ ਜਥੇਬੰਦੀ ਸਿੱਖ ਫਾਰ ਜਸਟਿਸ ਨਾ ਨਾਂਅ ਵੀ ਲਿਖਿਆ ਗਿਆ ਹੈ।
ਇਸਦੇ ਨਾਲ ਹੀ ਇਸ ਘਟਨਾ ਦੀ ਜਿ਼ੰਮੇਵਾਰੀ ਲੈਂਦੇ ਹੋਏ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਉਸ ਨੇ ਵੀਡੀਓ ਵਿੱਚ ਕਿਹਾ ਹੈ ਕਿ ਅੱਜ 26 ਜਨਵਰੀ ਨੂੰ ਚੰਡੀਗੜ੍ਹ ਵਿਖੇ ਬੇਅੰਤ ਸਿੰਘ ਮੈਮੋਰੀਅਲ ਬੋਰਡ ‘ਤੇ ਖਾਲਿਸਤਾਨੀ ਪੱਖੀ ਸਿੱਖਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਛਾਪੇ ਲਾਏ ਹਨ। ਪਨੂੰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਖਾਲਿਸਤਾਨੀ ਸਿੱਖਾਂ ਦੇ ਵੋਟ ਤੇ ਨੋਟ ਲੈ ਕੇ ਮੁੱਖ ਮੰਤਰੀ ਬਣ ਕੇ ਸਿੱਖ ਕੌਮ ਵਿਰੁੱਧ ਹੀ ਭੁਗਤ ਰਿਹਾ ਹੈ ਅਤੇ ਤਿਰੰਗਾ ਝੰਡਾ ਲਹਿਰਾ ਰਿਹਾ ਹੈ। ਵੀਡੀਓ ਵਿੱਚ ਕਿਹਾ ਗਿਆ ਹੈ ਕਿ ਭਗਵੰਤ ਮਾਨ ਦੇ ਹੱਥ ਵਿੱਚ ਵੀ ਅੱਜ ਤਿਰੰਗਾ ਹੈ।