ਬੈਰਗਾਮੋ (ਇਟਲੀ) (ਕੈਂਥ) – ਇਟਲੀ ਦੇ ਜਿਲ੍ਹਾ ਬੈਰਗਾਮੋ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 645ਵੇਂ ਆਗਮਨ ਪੁਰਬ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ. ਜਿਸ ਵਿਚ ਇਲਾਕੇ ਭਰ ਦੀਆਂ ਸੰਗਤਾਂ ਨੇ ਖਰਾਬ ਮੌਸਮ ਦੇ ਬਾਵਜੂਦ ਵੀ ਭਾਰੀ ਗਿਣਤੀ ਵਿੱਚ ਹਿੱਸਾ ਲਿਆ।
ਇਸ ਪਵਿੱਤਰ ਦਿਹਾੜੇ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਅੰਮ੍ਰਿਤਬਾਣੀ ਦੀ ਛਤਰ ਛਾਇਆ ਹੇਠ ਸਜਾਈ ਗਈ. ਜਿਸ ਦੀ ਅਗਵਾਈ ਪੰਜ ‘ਹਰਿ’ ਨਿਸ਼ਾਨਚੀਆਂ ਵੱਲੋਂ ਕੀਤੀ ਗਈ। ਸ਼ੋਭਾ ਯਾਤਰਾ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦੀ ਗੁਰਦੁਆਰਾ ਸਾਹਿਬ ਸੰਪੰਨ ਹੋਈ।ਰਸਤੇ ਵਿੱਚ ਸੰਗਤ ਲਈ ਸੇਵਾਦਾਰਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਪ੍ਰਸ਼ਾਦ ਵਰਤਾਏ ਗਏ।
ਗੁਰੂ ਘਰ ਵਿਖੇ ਰਖਾਏ ਗਏ ਸ਼੍ਰੀ ਅੰਮ੍ਰਿਤ ਬਾਣੀ ਦੇ ਪਾਠ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਏ ਗਏ. ਜਿਸ ਵਿੱਚ ਇਟਲੀ ਦੇ ਮਿਸ਼ਨਰੀ ਕਲਾਕਾਰਾਂ ਨੇ ਗੁਰੂ ਜੀ ਦੇ ਜੀਵਨ ਸਬੰਧੀ ਧਾਰਮਿਕ ਗੀਤ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਦੀ ਕਮੇਟੀ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਗੁਰਦੁਆਰਾ ਸਾਹਿਬ ਪ੍ਰੰਬਧਕ ਕਮੇਟੀ ਵੱਲੋਂ ਸਮੂਹ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।