in

ਬੈਰਗਾਮੋ: ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਮੌਕੇ ਜੈਕਾਰਿਆਂ ਨਾਲ ਗੂੰਜਿਆ ਇਟਲੀ

ਰੋਮ (ਇਟਲੀ) (ਦਲਵੀਰ ਕੈਂਥ) – ਸਮਾਜ ਵਿੱਚੋਂ ਭਰਮ ਭੁਲੇਖੇ ਅਤੇ ਅੰਧ-ਵਿਸ਼ਵਾਸ ਨੂੰ ਦੂਰ ਕਰਨ ਲਈ 14ਵੀਂ ਸਦੀ ਵਿੱਚ ਅਵਤਾਰ ਧਾਰਨ ਵਾਲੇ ਮਹਾਨ ਕ੍ਰਾਂਤੀਕਾਰੀ, ਸ਼੍ਰੋਮਣੀ ਸੰਤ ਤੇ ਅਧਿਆਤਮਵਾਦੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 647ਵੇਂ ਆਗਮਨ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਵਿਸ਼ਾਲ ਸਮਾਗਮ ਲੰਬਾਰਦੀਆਂ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਜਿਹੜਾ ਇਟਲੀ ਵਿੱਚ ਮਿਸ਼ਨ ਦਾ ਝੰਡਾ ਬੁਲੰਦ ਕਰਨ ਵਿੱਚ ਮੁਹਰੀ ਹੈ ਸ਼੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ (ਬੈਰਗਾਮੋ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਧੂਮਧਾਮ ,ਸ਼ਰਧਾ ਤੇ ਸ਼ਾਨੋ ਸ਼ੌਕਤ ਨਾਲ ਮਨਾਇਆ। ਜਿਸ ਵਿੱਚ ਇਟਲੀ ਭਰ ਤੋਂ ਸੰਗਤਾਂ ਨੇ ਵੱਡੇ ਹਜੂਮ ਵਿੱਚ ਹਾਜ਼ਰੀ ਭਰਦਿਆਂ ਭਗਤੀ ਲਹਿਰ ਦੀ ਵਿਲੱਖਣ ਮਿਸਾਲ ਪੇਸ਼ ਕੀਤੀ।
2 ਰੋਜ਼ਾ ਇਸ ਆਗਮਨ ਪੁਰਬ ਸਮਾਗਮ ਵਿੱਚ ਪਹਿਲੇ ਦਿਨ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ ਅੰਮ੍ਰਿਤਬਾਣੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਹੜਾ ਕਿ ਚੀਵੀਦੀਨੋ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਏ ਵਿਸ਼ਾਲ ਨਗਰ ਕੀਰਤਨ ਦੀਆਂ ਸੰਗਤਾਂ ਨੂੰ ਭਾਰਤ ਦੀ ਧਰਤੀ ਤੋਂ ਪਹੁੰਚੇ ਪ੍ਰਸਿੱਧ ਲੋਕ ਗਾਇਕ ਮਾਸ਼ਾ ਅਲੀ ਨੇ ਆਪਣੀ ਦਮਦਾਰ ਤੇ ਸੁਰੀਲੀ ਆਵਾਜ਼ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ ਮਹਿਮਾਂ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ “ਹਰਿ” ਦੇ ਨਾਮ ਦੀ ਲੋਰ ਵਿੱਚ ਸ਼ਰਧਾ ਤੇ ਸਮਰਪਣ ਦੀ ਲਹਿਰ ਵਿੱਚ ਝੂਮਣ ਲਗਾ ਦਿੱਤਾ।ਇਸ ਨਗਰ ਕੀਰਤਨ ਦੀਆਂ ਹਜ਼ਾਰਾਂ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਵੰਨ-ਸੁਵੰਨੇ ਅਤੁੱਟ ਲੰਗਰ ਵਰਤਾਏ ਗਏ।


ਦੂਜੇ ਦਿਨ ਦੇ ਸੱਜੇ ਵਿਸ਼ਾਲ ਦੀਵਾਨਾਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਹੋਕਾ ਹਿੱਕ ਦੇ ਜ਼ੋਰ ਨਾਲ ਆਪਣੀ ਬੁਲੰਦ ਤੇ ਮਧੁਰ ਆਵਾਜ਼ ਵਿੱਚ ਦੁਨੀਆਂ ਦੇ ਕੋਨੇ-ਕੋਨੇ ਵਿੱਚ ਦੇਣ ਵਾਲੇ ਵਿਸ਼ਵ ਦੇ ਪ੍ਰਸਿੱਧ ਲੋਕ ਗਾਇਕ ਜਨਾਬ ਕਲੇਰ ਕੰਠ ਨੇ ਆਪਣੇ ਅਨੇਕਾਂ ਧਾਰਮਿਕ ਗੀਤਾਂ, “ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਤੈਂਨੂੰ ਕਿਉਂ ਨਾ ਤਾਰੂ ਬੰਦਿਆਂ, ਮਨ ਸਾਫ਼ ਹੋਵੇ ਨੀਤਾਂ ਹੋਣ ਸੱਚੀਆਂ ਸਤਿਗੁਰੂ ਆਪ ਮਿਲਦੇ ਤੇ ਜਦੋਂ ਦੁਨੀਆਂ ਨੇ ਮੈਥੋਂ ਅੱਖ ਫੇਰੀ ਗੁਰਾਂ ਨੇ ਮੇਰੀ ਬਾਂਹ ਫੜ੍ਹ ਲਈ” ਆਦਿ ਨਾਲ ਭਰਵੀਂ ਹਾਜ਼ਰੀ ਲੁਆਈ। ਜਿਹਨਾਂ ਨੂੰ ਹਾਜ਼ਰੀਨ ਹਜ਼ਾਰਾਂ ਸੰਗਤਾਂ ਨੇ ਇੱਕ ਮਨ ਇੱਕ ਚਿੱਤ ਹੋ ਸੁਣਿਆ ਤੇ ਇਸ ਮੌਕੇ ਭਗਤੀ ਤੇ ਸ਼ਰਧਾ ਵਿੱਚ ਭਾਵੁਕ ਹੁੰਦਿਆਂ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਜੈਕਾਰੇ “ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ” ਨਾਲ ਸਾਰਾ ਸ਼ਹਿਰ ਬੈਰਗਾਮੋ ਗੂੰਜਣ ਲਗਾ ਦਿੱਤਾ।
2 ਰੋਜ਼ਾ ਮਨਾਏ ਇਸ ਆਗਮਨ ਪੁਰਬ ਲਈ 96 ਆਖੰਡ ਜਾਪਾਂ ਦੀ ਲੜੀ ਦਾ ਪ੍ਰਵਾਹ ਚੱਲਿਆ, ਜਿਹੜਾ ਕਿ 7 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ। ਜਿਹਨਾਂ ਨੂੰ ਨੇਪਰੇ ਚਾੜਨ ਵਿੱਚ ਭਾਈ ਅਮਨਦੀਪ ਕੁਮਾਰ ਮੁੱਖ ਗ੍ਰੰਥ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ, ਰਜਿੰਦਰ ਸੁੰਮਨ, ਬੀਬੀ ਈਸ਼ਾ ਅਹੀਰ ਤੇ ਬੀਬੀ ਚਰਨਜੀਤ ਕੌਰ ਨੇ ਅਹਿਮ ਸੇਵਾ ਨਿਭਾਈ। ਇਸ ਸਮਾਗਮ ਦੌਰਾਨ ਸਰਬੱਤ ਦੇ ਭਲੇ ਲਈ ਉਚੇਚੇ ਤੌਰ ‘ਤੇ ਹਰਿ, ਇਟਾਲੀਅਨ ਤੇ ਸ਼ਾਂਤੀ ਦੇ ਝੰਡੇ ਵੀ ਚੜਾਏ ਗਏ।
ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਕੁਲਵਿੰਦਰ ਕੁਮਾਰ ਕਿੰਦਾ ਮੁੱਖ ਸੇਵਾਦਾਰ ਤੇ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੂਰ-ਦੁਰਾਡੇ ਤੋਂ ਆਈਆਂ ਸਭ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਮੂਹ ਸੇਵਾਦਾਰਾਂ, ਲੋਕ ਗਾਇਕ ਮਾਸ਼ਾ ਅਲੀ ਤੇ ਜਨਾਬ ਕਲੇਰ ਕੰਠ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਸਮਾਗਮ ਵਿੱਚ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥੇ ਨੇ ਵੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਐਬੋਲੀ : ਯਾਦਗਾਰੀ ਹੋ ਨਿਬੜਿਆ ਗੁਰਨਾਮ ਭੁੱਲਰ ਦਾ ਲਾਈਵ ਸ਼ੋਅ

ਡਾ: ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਹਮਬਰਗ ਵਿੱਚ 26 ਮਈ ਨੂੰ ਲੱਗਣਗੀਆਂ ਰੌਣਕਾਂ