ਮੌਸਮ ਬਦਲਦਾ ਹੈ ਤਾਂ ਸਰਦੀ – ਜੁਕਾਮ ਹੋਣ ‘ਤੇ ਨੱਕ ਬੰਦ ਦਾ ਖ਼ਤਰਾ ਵਧ ਜਾਂਦਾ ਹੈ। ਬੰਦ ਨੱਕ ਨੂੰ ਘਰ ਵਿਚ ਹੀ ਕੁਝ ਆਸਾਨ ਉਪਰਾਲਿਆਂ ਨਾਲ ਖੋਲ੍ਹਿਆ ਜਾ ਸਕਦਾ ਹੈ।
– ਭਾਫ ਨਾਲ : ਬੰਦ ਨੱਕ ਲਈ ਸਭ ਤੋਂ ਜ਼ਿਆਦਾ ਪ੍ਰਭਾਵੀ ਭਾਫ ਲੈਣਾ ਹੀ ਹੈ। ਭਾਫ ਨਾਲ ਤੁਹਾਨੂੰ ਤੁਰੰਤ ਰਾਹਤ ਮਿਲਦੀ ਹੈ ਅਤੇ ਬੰਦ ਨੱਕ ਖੁੱਲ ਜਾਂਦੀ ਹੈ। ਪਾਣੀ ਨੂੰ ਉਬਾਲ ਕੇ ਉਸ ਵਿੱਚ ਕੋਈ ਖੁਸ਼ਬੂਦਾਰ ਤੇਲ ਜਾਂ ਖੁਸ਼ਬੂਦਾਰ ਪੱਤੀਆਂ ਪਾ ਲਓ ਅਤੇ ਇਸਦੀ ਭਾਫ ਨੂੰ ਨੱਕ ਰਾਹੀਂ ਸਾਹ ਨਾਲ ਖਿੱਚੋ। ਭਾਫ ਲੈਣ ਨਾਲ ਚਿਹਰੇ ਦੇ ਰੋਮ ਛਿਦਰ ਵੀ ਖੁੱਲ੍ਹ ਜਾਂਦੇ ਹਨ।
– ਤਰਲ ਪਦਾਰਥਾਂ ਦਾ ਸੇਵਨ ਵਧੇਰੇ ਕਰੋ : ਬੰਦ ਨੱਕ ਦੀ ਸਮੱਸਿਆ ਦੀ ਇੱਕ ਵਜ੍ਹਾ ਨੱਕ ਦੇ ਅੰਦਰ ਨਮੀ ਦੀ ਕਮੀ ਹੈ। ਇਸ ਲਈ ਤਰਲ ਪਦਾਰਥ ਲੈਣ ਨਾਲ ਸਾਇਨਸ ਉੱਤੇ ਪੈਣ ਵਾਲਾ ਦਬਾਅ ਘੱਟ ਹੁੰਦਾ ਹੈ ਅਤੇ ਸਰੀਰ ਵਿੱਚ ਨਮੀ ਬਰਕਰਾਰ ਰਹਿੰਦੀ ਹੈ ਇਸ ਲਈ ਨੱਕ ਖੁੱਲ੍ਹ ਜਾਂਦੀ ਹੈ।
– ਕੋਸੇ ਪਾਣੀ ਨਾਲ ਨਹਾਓ : ਜੇਕਰ ਨੱਕ ਬੰਦ ਹੋਣ ਦੀ ਸਮੱਸਿਆ ਠੀਕ ਨਹੀਂ ਹੋ ਰਹੀ ਹੈ ਜਾਂ ਵਾਰ – ਵਾਰ ਹੋ ਰਹੀ ਹੈ ਤਾਂ ਕੋਸੇ ਪਾਣੀ ਨਾਲ ਨਹਾਉਣ ‘ਤੇ ਇਹ ਠੀਕ ਹੋ ਜਾਂਦੀ ਹੈ। ਕੋਸੇ ਪਾਣੀ ਤੋਂ ਉੱਠਣ ਵਾਲੀ ਭਾਫ ਨੱਕ ਦੇ ਮਸਲਜ਼ ਦੀ ਸੋਜ ਨੂੰ ਖਤਮ ਕਰਦੀ ਹੈ, ਜਿਸਦੀ ਵਜ੍ਹਾ ਨਾਲ ਨੱਕ ਖੁੱਲ੍ਹ ਜਾਂਦੀ ਹੈ।
– ਨਾਰੀਅਲ ਦਾ ਤੇਲ : ਨਾਰੀਅਲ ਦਾ ਤੇਲ ਵੀ ਬੰਦ ਨੱਕ ਨੂੰ ਖੋਲ੍ਹਣ ਦਾ ਬਿਹਤਰ ਉਪਾਅ ਹੈ। ਨੱਕ ਬੰਦ ਹੋਣ ‘ਤੇ ਨੱਕ ਵਿੱਚ ਦੋ ਬੂੰਦ ਗਰਮ ਕੀਤਾ ਹੋਇਆ ਨਾਰੀਅਲ ਦਾ ਤੇਲ ਪਾਓ ਅਤੇ ਗਹਿਰਾ ਸਾਹ ਲਓ। ਇਸ ਨਾਲ ਬੰਦ ਨੱਕ ਤੁਰੰਤ ਖੁੱਲ੍ਹ ਜਾਵੇਗੀ।
– ਕਪੂਰ ਦੇ ਪ੍ਰਯੋਗ ਨਾਲ : ਕਪੂਰ ਵਿੱਚ ਤੇਜ ਸੁਗੰਧ ਹੁੰਦੀ ਹੈ ਜੋ ਬੰਦ ਨੱਕ ਨੂੰ ਖੋਲ੍ਹਣ ਵਿੱਚ ਮਦਦ ਕਰਦੀ ਹੈ। ਇਸਦੇ ਲਈ ਕਪੂਰ ਨੂੰ ਛੋਟੀ ਜਿਹੀ ਡੱਬੀ ਵਿੱਚ ਬੰਦ ਕਰ ਲਓ, ਜ਼ਰੂਰਤ ਪੈਣ ‘ਤੇ ਡੱਬੀ ਨੂੰ ਖੋਲ੍ਹ ਕੇ ਸੁੰਘੋ ਅਤੇ ਤੇਜੀ ਨਾਲ ਸਾਹ ਲਓ। ਇਸ ਨਾਲ ਬੰਦ ਨੱਕ ਤੁਰੰਤ ਖੁੱਲ੍ਹ ਜਾਵੇਗੀ। ਕਪੂਰ ਦੇ ਨਾਲ ਨਾਰੀਅਲ ਦਾ ਤੇਲ ਜਾਂ ਕੋਈ ਖੁਸ਼ਬੂਦਾਰ ਤੇਲ ਮਿਲਾਇਆ ਜਾ ਸਕਦਾ ਹੈ।