ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਭਾਰਤ ਦੀ ਆਜ਼ਾਦੀ ਦੀ 77ਵੀਂ ਵਰ੍ਹੇਗੰਢ ਮੌਕੇ ਜਿੱਥੇ ਭਾਰਤ ਵਿੱਚ ਜਸ਼ਨ ਮਨਾਏ ਗਏ, ਉੱਥੇ ਇਟਲੀ ਵਿੱਚ ਵੀ ਭਾਰਤੀ ਅੰਬੈਸੀ ਰੋਮ ਦੇ ਅੰਬੈਸਡਰ ਡਾ: ਨੀਨਾ ਮਲਹੋਤਰਾ ਦੀ ਅਗਵਾਈ ਹੇਠ ਉਹਨਾਂ ਦੇ ਨਿਵਾਸ ਸਥਾਨ ‘ਤੇ ਭਾਰਤ ਦੀ ਆਜ਼ਾਦੀ ਦਾ 77ਵਾਂ ਸੁਤੰਤਰਤਾ ਦਿਵਸ ਬਹੁਤ ਹੀ ਸ਼ਾਨੋ ਸ਼ੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਜਦੂਤ ਡਾ: ਨੀਨਾ ਮਲਹੋਤਰਾ ਨੇ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾ ਕੇ ਇਸ ਸਮਾਗਮ ਦਾ ਅਗਾਜ ਕੀਤਾ, ਅਤੇ ਭਾਰਤ ਦੇ ਰਾਸ਼ਟਰਪਤੀ ਦਾ ਦੇਸ਼ ਵਾਸੀਆਂ ਦੇ ਨਾਮ ਸੰਦੇਸ਼ ਨੂੰ ਪੜ੍ਹ ਕੇ ਸੁਣਾਇਆ।
ਰਾਜਦੂਤ ਨੀਨਾ ਮਲਹੋਤਰਾ ਵੱਲੋਂ ਆਏ ਮਹਿਮਾਨਾਂ ਨੂੰ ਹੱਥਾਂ ਵਿੱਚ ਦੀਵੇ ਜਗ੍ਹਾ ਭਾਰਤ ਦੇਸ਼ ਪ੍ਰਤੀ ਕਸਮ ਦਿਵਾਈ ਗਈ, ਜਿਸ ਵਿੱਚ ਭਾਰਤ ਦੇਸ਼ ਨੂੰ ਸੰਨ 2047 ਵਿੱਚ ਦੁਨੀਆ ਦਾ ਇੱਕ ਵਿਕਸਤ ਦੇਸ਼ ਬਣਾਉਣ ਲਈ ਇੱਕ ਪ੍ਰਣ ਕੀਤਾ ਗਿਆ। ਇਸ ਉਪਰੰਤ ਭਾਰਤੀ ਸੱਭਿਆਚਕ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਦੇਸ਼ ਭਗਤੀ ਦੇ ਗੀਤ ਗਾਏ ਗਏ। ਪੰਜਾਬੀ ਮੁਟਿਆਰਾਂ ਵੱਲੋਂ ਪੰਜਾਬ ਲੋਕ ਨਾਚ ਗਿੱਧਾ ਪਾ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ ਗਏ। ਮੁਟਿਆਰਾਂ ਵੱਲੋਂ ਪਾਇਆ ਗਿਆ ਗਿੱਧਾ ਇਸ ਸਮਾਗਮ ਦੀ ਖਿੱਚ ਦਾ ਕੇਂਦਰ ਰਿਹਾ।
ਸਮਾਪਤੀ ਮੌਕੇ ਡਾ: ਨੀਨਾ ਮਲਹੋਤਰਾ ਵੱਲੋਂ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਨੂੰ ਯਾਦਗਾਰੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪ ਰਾਜਦੂਤ ਅਮਰਾਰਮ ਗੁੱਜਰ ਨੇ ਭਾਰਤ ਦੀ ਆਜ਼ਾਦੀ ਲਈ ਸ਼ਹੀਦ ਹੋਏ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਇੱਕ ਵਿਸ਼ੇਸ਼ ਕਵਿਤਾ “ਕਲਮ ਆਜ ਉਨਕੀ ਜੈ ਬੋਲ” ਸੁਣਾ ਕੇ ਸਜਦਾ ਕੀਤਾ। ਦੂਜੇ ਪਾਸੇ ਵਿਸ਼ੇਸ਼ ਸੱਦੇ ‘ਤੇ ਪਹੁੰਚੇ ‘ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ’ ਦੇ ਨੁਮਾਇੰਦਿਆਂ ਵੱਲੋਂ ਰਾਜਦੂਤ ਡਾ: ਨੀਨਾ ਮਲਹੋਤਰਾ ਨੂੰ ਯਾਦਗਾਰੀ ਚਿੰਨ੍ਹ ਅਤੇ ਕਲਮ ਭੇਟ ਕੀਤੀ ਗਈ।
ਇਸ ਮੌਕੇ ਰਾਜਦੂਤ ਨੀਨਾ ਮਲਹੋਤਰਾ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਿਆ ਅਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ।