in

ਭਾਰਤੀ ਪ੍ਰਵਾਸੀਆਂ ਨੂੰ ਸਹਿਣੀ ਪਵੇਗੀ 2% ਵਾਧੂ ਟੈਕਸ ਦੀ ਮਾਰ

99% ਪ੍ਰਵਾਸੀ ਪੰਜਾਬੀ ਹੋਣਗੇ ਪ੍ਰਭਾਵਿਤ – ਧਾਲੀਵਾਲ

ਸਿੱਧੇ ਰੂਪ ਵਿਚ ਜਿਆਦਾਤਰ ਪੰਜਾਬੀ ਪ੍ਰਭਾਵਿਤ

ਰੋਮ (ਇਟਲੀ) 9 ਸਤੰਬਰ (ਸਾਬੀ ਚੀਨੀਆਂ) – ਆਪਣੇ ਪਰਿਵਾਰ ਲਈ ਰੋਜੀ ਰੋਟੀ ਕਮਾਉਣ ਖਾਤਿਰ ਵਿਦੇਸ਼ਾਂ ਵਿਚ ਆ ਕੇ ਧੱਕੇ ਖਾ ਰਹੇ ਭਾਰਤੀਆਂ ਦੀ ਮਿਹਨਤ ਨਾਲ ਕੀਤੀ ਕਮਾਈ ‘ਤੇ ਭਾਰਤ ਸਰਕਾਰ ਵੱਲੋਂ 1 ਸਤੰਬਰ ਤੋਂ  2% ਟੀ ਡੀ ਐੱਸ ਟੈਕਸ ਲਾਕੇ ਇਨ੍ਹਾਂ ਮਿਹਨਤਕਸ਼ ਲੋਕਾਂ ‘ਤੇ ਟੈਕਸ ਦਾ ਦੁੱਗਣਾ ਬੋਝ ਪਾ ਦਿੱਤਾ ਹੈ। ਜੇ ਇਟਲੀ ਦੇ ਪ੍ਰਵਾਸੀਆਂ ਦੀ ਗੱਲ ਕਰੀਏ ਤਾਂ ਇਟਾਲੀਅਨ ਕਨੂੰਨ ਮੁਤਾਬਿਕ ਇਹ ਆਪਣੀ ਆਮਦਨ ‘ਤੇ 22% ਤੱਕ ਟੈਕਸ ਦਾ ਭੁਗਤਾਨ ਕਰਦੇ ਹਨ ਅਤੇ ਆਪਣੀ ਜਮਾਂ ਪੂੰਜੀ ਦੇ ਤੌਰ ‘ਤੇ ਜੋ ਪੈਸਾ ਇਟਲੀ ਤੋਂ ਭਾਰਤ ਭੇਜਣਗੇ ਉਸ ‘ਤੇ ਭਾਰਤ ਸਰਕਾਰ 2% ਵਾਧੂ ਟੈਕਸ ਦੀ ਕਟੌਤੀ ਕਰਨ ਉਪਰੰਤ ਗ੍ਰਾਹਕ ਨੂੰ ਪੈਸਾ ਮੁਹੱਈਆ ਕਰਵਾਏਗੀ। ਉਪਰੋਕਤ ਖੁਲਾਸਾ ਖਾਸ ਗੱਲਬਾਤ ਦੌਰਾਨ ‘ਰੀਆ ਮਨੀ ਟਰਾਂਸਫਰ’ ਦੇ ਇਟਲੀ ਤੋਂ ਏਸ਼ੀਆ ਮੈਨੇਜਰ ਹਰਬਿੰਦਰ ਸਿੰਘ ਧਾਲੀਵਾਲ ਨੇ ਕੀਤਾ। ਉਨ੍ਹਾਂ ਅੱਗੇ ਕਿਹਾ ਕਿ, ਇਹ ਟੈਕਸ ਧਾਰਾ ਸਿਰਫ ਨਗਦ ਭੁਗਤਾਨ ‘ਤੇ ਲਾਗੂ ਕੀਤੀ ਗਈ ਹੈ। ਮਨੀ ਟਰਾਂਸਫਰ ਕੰਪਨੀਆਂ ਰਾਹੀਂ ਬੈਂਕ ਖਾਤੇ ਵਿਚ ਭੇਜੇ ਜਾਣ ਵਾਲੇ ਪੈਸੇ ‘ਤੇ ਇਸਦਾ ਕੋਈ ਅਸਰ ਨਹੀਂ ਹੋਵੇਗਾ। ਹਰ ਭਾਰਤੀ ਪ੍ਰਵਾਸੀ ਨੂੰ ਨਗਦ ਭੁਗਤਾਨ ‘ਤੇ ਆਪਣੀ ਆਮਦਨ ਵਿਚੋਂ ਦੋ ਵਾਰ ਟੈਕਸ ਦੀ ਅਦਾਇਗੀ ਕਰਨੀ ਪਵੇਗੀ, ਪਹਿਲਾਂ ਵਿਦੇਸ਼ ਵਿਚ ਅਤੇ ਮੁੜ ਆਪਣੇ ਦੇਸ਼ ਵਿਚ। ਭਾਰਤ ਸਰਕਾਰ ਦੀ ਇਸ ਨਵੀਂ ਟੈਕਸ ਨੀਤੀ ਕਾਰਨ ਵਿਦੇਸ਼ਾਂ ਤੋਂ ਕਾਨੂੰਨੀ ਤੌਰ ‘ਤੇ ਭੇਜੇ ਜਾਣ ਵਾਲੇ ਰੈਵੇਨਿਊ ‘ਤੇ ਅਸਰ ਪਵੇਗਾ।
ਜੇ ਸਿੱਧੇ ਤੋਰ ਤੇ ਵੇਖਿਆ ਜਾਵੇ ਤਾਂ ਇਹ ਟੈਕਸ ਦੁਕਾਨਦਾਰਾਂ ਨੂੰ ਬੈਂਕ ਵਿਚੋਂ ਕੈਸ਼ ਕਢਵਾਉਣ ਤੇ ਵੀ ਲਾਇਆ ਗਿਆ ਹੈ ਅਤੇ ਇਸੇ ਕਾਰਨ ਜਦੋਂ ਇੰਡੀਆ ਵਿਚ ਦੁਕਾਨਦਾਰ ਗ੍ਰਾਹਕ ਨੂੰ ਮਨੀ ਟਰਾਂਸਫਰ ਦਾ ਪੈਸਾ ਨਗਦ ਬੈਂਕ ਵਿਚੋਂ ਕਢਵਾ ਕੇ ਦਿੰਦਾ ਹੈ ਤਾਂ ਸਰਕਾਰੀ ਹੁਕਮਾਂ ਅਨੁਸਾਰ ਬੈਂਕ 2% TDS ਕਟ ਲੈਂਦਾ ਅਤੇ ਦੁਕਾਨਦਾਰ ਇਸ ਦੀ ਕਟੌਤੀ ਗ੍ਰਾਹਕ ਕੋਲੋਂ ਪੂਰੀ ਕਰਦਾ। ਇਹ ਕੈਂਪਿੰਗ 49999 ਰੁਪਏ ਤੱਕ ਦੇ ਨਗਦ ਭੁਗਤਾਨ ਤੇ ਹੈ। ਇਸ ਤੋਂ ਵਧੇਰੀ ਰਕਮ ਦਾ ਚੈੱਕ ਮਿਲਦਾ ਹੈ ਅਤੇ ਚੈਕ ਜਾਂ ਬੈਂਕ ਟਰਾਂਸਫਰ ਤੇ 2% ਦੀ ਕਟੌਤੀ ਲਾਗੂ ਨਹੀਂ ਹੁੰਦੀ। ਇੱਸ ਟੈਕਸ ਨੀਤੀ ਦਾ ਜਿਥੇ ਛੋਟੇ ਅਤੇ ਘੱਟ ਆਮਦਨ ਦਰ ਵਾਲੇ ਪ੍ਰਵਾਸੀਆਂ ਨੂੰ ਨੁਕਸਾਨ ਹੋਵੇਗਾ ਉਥੇ ਸਰਮਾਏਦਾਰਾਂ ਅਤੇ ਵੱਧ ਪੈਸਾ ਭੇਜਣ ਵਾਲਿਆਂ ਨੂੰ ਮੁਨਾਫ਼ਾ ਹੋਵੇਗਾ। ਇਸ ਟੈਕਸ ਦੀ ਮਾਰ ਘਟ ਆਮਦਨ ਦਰ ਵਾਲਿਆਂ ਨੂੰ ਸਹਿਣੀ ਪਵੇਗੀ ਕਿਉਂਕਿ ਉਹ ਆਪਣੀ ਆਮਦਨ ਬਹੁਤ ਛੋਟਾ ਹਿਸਾ ਆਪਣੇ ਪਰਿਵਾਰ ਨੂੰ ਭੇਜਦੇ ਹਨ ਅਤੇ ਆਮਤੌਰ ਤੇ ਇਹ ਰਕਮ 49999 ਰੁਪਏ ਤੋਂ ਘਟ ਹੁੰਦੀ ਹੈ ਜਿਸ ਕਾਰਨ ਇਹਨਾਂ ਨੂੰ 2% TDS ਦੀ ਮਾਰ ਲਾਜਮੀ ਸਹਿਣੀ ਪਵੇਗੀ।
ਜਿਕਰਯੋਗ ਹੈ ਕਿ ਇਸ ਨਵੇਂ ਟੈਕਸ ਨੂੰ ਲੈ ਕੇ ਵਿਦੇਸ਼ਾਂ ਵਿਚ ਵੱਸਦੇ ਭਾਰਤੀ ਕਾਮਿਆਂ ਵਿਚ ਕਾਫੀ ਨਿਰਾਸ਼ਾ ਦੇਖੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਜਦ ਵੀ ਕਿਸੇ ਦਿਨ ਤਿਉਹਾਰ ‘ਤੇ ਆਪਣੇ ਪਰਿਵਾਰ ਨੂੰ ਮਿਹਨਤ ਨਾਲ ਕਮਾਈ ਕੀਤੇ ਪੈਸੇ ਭੇਜਦੇ ਹਨ ਤਾਂ ਸਭ ਤੋਂ ਪਹਿਲਾਂ ਤਾਂ ਸਬੰਧਿਤ ਦੇਸ਼ ਜਿੱਥੇ ਉਹ ਮਿਹਨਤ ਮਜਦੂਰੀ ਕਰਦੇ ਹਨ ਉਸ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਵਿਚੋਂ ਪੂਰਾ ਟੈਕਸ ਕੱਟਿਆ ਜਾਂਦਾ ਹੈ ਉਸ ਤੋਂ ਬਾਅਦ ਜਦ ਉਹ ਮਨੀ ਟਰਾਂਸਫਰ ਕੰਪਨੀਆਂ ਰਾਹੀਂ ਪੈਸੇ ਭੇਜਦੇ ਹਨ ਤਾਂ ਉਨ੍ਹਾਂ ਵੱਲੋਂ ਟੈਕਸ ਸਮੇਤ ਪੂਰੀ ਕਟੌਤੀ ਕੀਤੀ ਜਾਂਦੀ ਹੈ, ਹੁਣ ਜਦ ਵਿਦੇਸ਼ੀਆਂ ਦੇ ਪਰਿਵਾਰ ਵਾਲੇ ਭਾਰਤ ਦੀ ਕਿਸੇ ਵੀ ਮਨੀ ਟਰਾਂਸਫਰ ਕੰਪਨੀ ਤੋਂ ਪੈਸੇ ਲੈਣ ਜਾਂਦੇ ਹਨ ਤਾਂ ਉੱਥੇ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਨਵੇ ਟੈਕਸ ਤਹਿਤ 2% ਟੈਕਸ ਕੱਟਿਆ ਜਾ ਰਿਹਾ ਹੈ। ਹਰਬਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ, ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਨਵੇਂ ਟੈਕਸ ਤਹਿਤ ਜਦ ਵੀ ਕੋਈ ਭਾਰਤੀ ਬਾਹਰਲੇ ਦੇਸ਼ ਤੋਂ ਆਪਣੇ ਪਰਿਵਾਰ ਨੂੰ ਪੈਸੇ ਭੇਜੇਗਾ ਤਾਂ ਪਰਿਵਾਰਕ ਮੈਂਬਰ 2 ਪ੍ਰਤੀਸ਼ਤ ਟੈਕਸ ਕਟੌਤੀ ਤੋਂ ਬਾਅਦ ਹੀ ਪੈਸੇ ਲੈ ਸਕਣਗੇ। ਜਿਸ ਨਾਲ ਸਿੱਧੇ ਰੂਪ ਵਿਚ ਜਿਆਦਾਤਰ ਪੰਜਾਬੀ ਹੀ ਪ੍ਰਭਾਵਿਤ ਹੋਣਗੇ, ਕਿਉਂਕਿ ਬਾਹਰਲੇ ਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਵਿਚ ਪੰਜਾਬੀਆਂ ਦੀ ਬੜੀ ਵੱਡੀ ਗਿਣਤੀ ਹੈ ਸਰਕਾਰ ਵੱਲੋਂ ਸ਼ੁਰੂ ਕੀਤੇ ਇਸ ਨਵੇਂ ਟੈਕਸ ਨੂੰ ਲੈ ਕੇ ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਵਿਚ ਬੜੇ ਵੱਡੇ ਪੱਧਰ ‘ਤੇ ਨਿਰਾਸ਼ਾ ਦੇਖੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ, ਸਰਕਾਰ ਉਨ੍ਹਾਂ ਦੁਆਰਾ ਭੇਜੇ ਜਾ ਰਹੇ ਪੈਸਿਆਂ ਤੋਂ ਪਹਿਲਾਂ ਹੀ ਬੜਾ ਵੱਡਾ ਟੈਕਸ ਵਸੂਲ ਰਹੀ ਹੈ ਤੇ ਹੁਣ ਇਹ ਨਵਾਂ ਟੈਕਸ ਲਾ ਕੇ ਉਨ੍ਹਾਂ ਦੀਆਂ ਜੇਬਾਂ ਕੱਟੀਆਂ ਜਾ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ, ਦੁੱਖਦਾਇਕ ਗੱਲ ਹੈ ਕਿ ਜਦ ਵੀ ਕਿਸੇ ਰਿਸ਼ਤੇਦਾਰ ਆਦਿ ਨੂੰ ਖੁਸ਼ੀ ਦੇ ਮੌਕੇ ਕੁਝ ਪੈਸੇ ਭੇਜਣਗੇ ਤਾਂ ਉਸ ਵਿਚੋਂ ਵੀ ਸਰਕਾਰੀ ਟੈਕਸ ਦੇਣਾ ਪਵੇਗਾ। ਦੱਸਣ ਯੋਗ ਹੈ ਕਿ ਕੁਝ ਸਾਲ ਪਹਿਲਾਂ ਇਟਲੀ ਸਰਕਾਰ ਵੱਲੋਂ ਵੀ ਇਕ ਅਜਿਹਾ ਟੈਕਸ ਲਾਇਆ ਗਿਆ ਸੀ, ਜਿਸ ਨੂੰ ਲੋਕਾਂ ਦੇ ਰੋਸ ਨੂੰ ਵੇਖਦੇ ਹੋਏ ਵਾਪਸ ਲੈਣਾ ਪਿਆ ਸੀ। ਇਟਲੀ ਰਹਿੰਦੇ ਭਾਰਤੀਆਂ ਦਾ ਕਹਿਣਾ ਹੈ ਕਿ, ਜੇ ਮੋਦੀ ਸਰਕਾਰ ਨੇ ਇਸ ਟੈਕਸ ਨੂੰ ਵਾਪਸ ਨਾ ਲਿਆ ਤਾਂ ਉਹ ਭਾਰਤੀ ਅੰਬੈਸੀਆਂ ਅੱਗੇ ਰੋਸ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਗੇ।

ਪੰਜਾਬੀ ਮਾਂ ਬੋਲੀ ਦੀ ਮਹੱਤਤਾ ਦਾ ਗੀਤ ’ਚ ਜ਼ਿਕਰ ਕਰਨ ਚੰਗਾ ਸੁਨੇਹਾ

ਪਲਾਸਟਿਕ ਦੀ ਬੋਤਲ ਨਸ਼ਟ ਕਰਨ ਵਾਲੀ ਮਸ਼ੀਨ ਦੀ ਵਰਤੋਂ ਕਰੋ, ਫ਼ੋਨ ਰਿਚਾਰਜ ਕਰਵਾਓ