ਰੋਮ (ਇਟਲੀ) (ਦਲਵੀਰ ਕੈਂਥ) – ਦੀਵਾਲੀ ਵਾਲੀ ਰਾਤ ਹੋਈ ਅਣਹੋਣੀ ਦਾ ਦਰਦ ਸਬਾਊਦੀਆ (ਲਾਤੀਨਾ) ਇਲਾਕੇ ਦੇ ਭਾਰਤੀ ਹਾਲੇ ਭੁੱਲ ਨਹੀਂ ਸੀ ਸਕੇ ਕਿ ਇੱਕ ਹੋਰ ਕਹਿਰ ਵਿੱਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਨਾਲ ਪੂਰੇ ਇਲਾਕੇ ਵਿੱਚ ਮਾਤਮ ਛਾਅ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ 15 ਨਵੰਬਰ ਦੀ ਸਵੇਰ ਰਾਕੇਸ਼ ਕੁਮਾਰ (35) ਸਾਇਕਲ ‘ਤੇ ਕੰਮ ਲਈ ਜਾ ਰਿਹਾ ਸੀ ਕਿ ਮੀਲੀਆਰਾ ਨੰਬਰ 51 ਨੇੜੇ ਇੱਕ ਕਾਰ ਦੀ ਪਿੱਛੋਂ ਫੇਟ ਵੱਜਣ ਨਾਲ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਨੂੰ ਕੋਈ ਇਟਾਲੀਅਨ ਬਜੁਰਗ ਚਲਾ ਰਿਹਾ ਸੀ ਜਿਹੜਾ ਕਿ ਲਾਤੀਨਾ ਵਾਲੇ ਪਾਸੇ ਤੋਂ ਤੇਰਾਚੀਨਾ ਵੱਲ ਜਾ ਰਿਹਾ ਸੀ।
ਘਟਨਾ ਦੀ ਮਿਲਣ ‘ਤੇ ਸਥਾਨਕ ਸੁੱਰਖਿਆ ਕਰਮਚਾਰੀ ਤੇ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ, ਜਿਹਨਾਂ ਨੇ ਤੁਰੰਤ ਹੈਲੀਕਾਪਟਰ ਐਂਬੂਲਸ ਰਾਹੀਂ ਗੰਭੀਰ ਜਖ਼ਮੀ ਰਾਕੇਸ਼ ਕੁਮਾਰ ਨੂੰ ਲਾਤੀਨਾ ਦੇ ਸਾਂਤਾ ਮਾਰੀਆ ਗੋਰੇਤੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ। ਜਿੱਥੇ ਜਖ਼ਮਾਂ ਦੀ ਤਾਬ ਨਾ ਝੱਲਦਿਆਂ ਰਾਕੇਸ਼ ਕੁਮਾਰ 16 ਨਵੰਬਰ ਨੂੰ ਦਮ ਤੋੜ ਗਿਆ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਹਾਲੇ 20 ਦਿਨ ਪਹਿਲਾਂ ਹੀ ਪੰਜਾਬ ਵਿਚ ਵਿਆਹ ਕਰਵਾ ਕੇ 11 ਨਵੰਬਰ ਨੂੰ ਇਟਲੀ ਵਾਪਸ ਆਇਆ ਸੀ. ਮ੍ਰਿਤਕ ਰਾਕੇਸ਼ ਕੁਮਾਰ ਘਰ ਦੀ ਗਰੀਬੀ ਦੂਰ ਕਰਨ ਕਰੀਬ 10 ਸਾਲ ਪਹਿਲਾਂ ਇਟਲੀ ਸ਼ਾਇਦ ਇਸ ਆਸ ਨਾਲ ਆਇਆ ਸੀ ਕਿ ਉਹ ਆਪਣੇ ਪਰਿਵਾਰ ਦਾ ਭਵਿੱਖ ਬਿਹਤਰ ਬਣਾਏਗਾ, ਪਰ ਨਹੀਂ ਪਤਾ ਸੀ ਕਿ ਬੁੱਢੇ ਮਾਪਿਆਂ ਨੂੰ ਸਦਾ ਵਾਸਤੇ ਬੇਸਹਾਰਾ ਕਰ ਜਾਵੇਗਾ।
ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਛਾਅ ਗਈ ਹੈ। ਮ੍ਰਿਤਕ ਸਬਾਊਦੀਆ ਰਹਿ ਰਿਹਾ ਸੀ ਤੇ ਖੇਤੀਬਾੜੀ ਦਾ ਕੰਮ ਕਰ ਪਰਿਵਾਰ ਦਾ ਗੁਜਾਰਾ ਕਰਦਾ ਸੀ. ਜਿਕਰਯੋਗ ਹੈ ਕਿ ਰਾਕੇਸ਼ ਕੁਮਾਰ, ਪੰਜਾਬ ਦੇ ਗੜ੍ਹਸ਼ੰਕਰ ਨੇੜ੍ਹੇ ਪਿੰਡ ਭੰਗਲ ਨਾਲ ਸਬੰਧਤ ਸੀ.