in

ਵਾਤਾਵਰਣ ਤਬਦੀਲੀ ਹਰ ਇਕ ਦੀ ਸਮੱਸਿਆ ਬਣੀ-ਜੋ ਬਾਈਡਨ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਜੋ ਬਾਈਡਨ ਨੇ ਈਡਾ ਤੂਫਾਨ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਵਾਤਾਵਰਣ ਤਬਦੀਲੀ ਦੀ ਸਮੱਸਿਆ ਬਹੁਤ ਭਿਆਨਕ ਰੂਪ ਧਾਰਨਾ ਕਰਦੀ ਜਾ ਰਹੀ ਹੈ ਤੇ ਅੱਜ ਇਹ ਹਰ ਵਿਅਕਤੀ ਦੀ ਸਮੱਸਿਆ ਬਣ ਚੁੱਕੀ ਹੈ। ਉਨਾਂ ਕਿਹਾ ਕਿ ਈਡਾ ਤੂਫਾਨ ਵੱਲੋਂ ਮਚਾਈ ਤਬਾਹੀ ਇਸ ਦੀ ਤਾਜ਼ਾ ਉਦਾਹਰਣ ਹੈ। ਇਸ ਤੋਂ ਸਾਨੂੰ ਵਾਤਾਵਰਣ ਤਬਦੀਲੀ ਦੇ ਮੌਜੂਦ ਖਤਰੇ ਤੋਂ ਭਲੀਭਾਂਤ ਪਤਾ ਲੱਗ ਜਾਂਦਾ ਹੈ। ਉਨਾਂ ਐਲਾਨ ਕੀਤਾ ਕਿ ਵਿਸ਼ਵ ਲਈ ਵਾਤਾਵਰਣ ਤਬਦੀਲੀ ਖਤਰਾ ਬਣ ਚੁੱਕੀ ਹੈ ਤੇ ਇਸ ਨਾਲ ਨਾ ਨਿਪਟਿਆ ਗਿਆ ਤਾਂ ਸਿੱਟੇ ਬਹੁਤ ਹੀ ਖਤਰਨਾਕ ਹੋ ਸਕਦੇ ਹਨ। ਰਾਸ਼ਟਰਪਤੀ ਨੇ ਨਿਊਯਾਰਕ ਤੇ ਨਿਊਜਰਸੀ ਦੇ ਤੂਫਾਨ ਤੋਂ ਬੁਰੀ ਤਰਾਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਤੇ ਨੁਕਸਾਨ ਦਾ ਜਾਇਜ਼ਾ ਲਿਆ। ਉਨਾਂ ਦੇ ਨਾਲ ਸੈਨਟ ਦੇ ਬਹੁਗਿਣਤੀ ਆਗੂ ਚੁੱਕ ਸ਼ੂਮਰ, ਕੈਥੀ ਹੋਚੁਲ, ਮੇਅਰ ਡੀਬਲਾਸੀਓ ਤੇ ਹੋਰ ਸਥਾਨਕ ਅਧਿਕਾਰੀ ਮੌਜੂਦ ਸਨ। ਰਾਸ਼ਟਰਪਤੀ ਨੇ ਚਿਤਾਵਨੀ ਦਿੱਤੀ ਕਿ ਅਮਰੀਕਾ ਸਮੇਤ ਸਮੁੱਚਾ ਵਿਸ਼ਵ ਖਤਰੇ ਦੇ ਕਾਗਾਰ ‘ਤੇ ਖੜਾ ਹੈ ਤੇ ਭਵਿੱਖ ਵਿਚ ਵਾਤਾਵਰਣ ਤਬਦੀਲੀ ਨਾਲ ਹੋਣ ਵਾਲੀ ਤਬਾਹੀ ਤੇ ਵਾਤਾਵਰਣ ਨਾਲ ਸਬੰਧਤ ਘਟਨਾਵਾਂ ਤੋਂ ਬਚਣ ਲਈ ਕਾਰਵਾਈ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ”ਖਤਰਾ ਮੌਜੂਦ ਹੈ ਤੇ ਇਸ ਦੇ ਆਪਣੇ ਆਪ ਟਲ ਜਾਣ ਦੀ ਆਸ ਨਹੀਂ ਰਖੀ ਜਾ ਸਕਦੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਖਤਰਾ ਹੋਰ ਖਤਰਨਾਕ ਹੋ ਜਾਵੇਗਾ?

ਉਨਾਂ ਕਿਹਾ ਕਿ ਅਸੀਂ ਇਸ ਨੂੰ ਹੋਰ ਖਤਰਨਾਕ ਹੋਣ ਤੋਂ ਰੋਕ ਸਕਦੇ ਹਾਂ। ਇਹ ਹਰ ਵਿਅਕਤੀ ਦੀ ਸਮੱਸਿਆ ਹੈ।” ਰਾਸ਼ਟਰਪਤੀ ਨੇ ਕਿਹਾ ਸਾਡੇ ਕੋਲ ਸਮਾਂ ਨਹੀਂ ਬਚਿਆ ਹੈ। ਅਮਰੀਕਾ ਦਾ ਹਰ ਹਿੱਸਾ ਵਾਤਾਵਰਣ ਤਬਦੀਲੀ ਤੋਂ ਪ੍ਰਭਾਵਿਤ ਹੈ। ਅਸੀਂ ਇਸ ਖਤਰੇ ਨੂੰ ਮੁਕੰਮਲ ਰੂਪ ਵਿਚ ਖਤਮ ਨਹੀਂ ਕਰ ਸਕਦੇ ਪਰ ਖਤਰੇ ਨੂੰ ਘਟਾ ਜਰੂਰ ਸਕਦੇ ਹਾਂ। ਰਾਸ਼ਟਰਪਤੀ ਨੇ ਵਾਈਟ ਹਾਊਸ ਲਈ ਰਵਾਨਾ ਹੋਣ ਤੋਂ ਪਹਿਲਾਂ ਆਸ ਪ੍ਰਗਟਾਈ ਕਿ ਉਹ ਇਸ ਖਤਰੇ ਨਾਲ ਨਿਪਟ ਲੈਣਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ , ਕਾਂਗਰਸ ਮੈਂਬਰਾਂ ਤੇ ਅਧਿਕਾਰੀਆਂ ਨੂੰ ਮਿਲੇ। ਇਸ ਮੀਟਿੰਗ ਵਿਚ ਅਧਿਕਾਰੀਆਂ ਨੇ
ਰਾਸ਼ਟਪਤੀ ਨੂੰ ਈਡਾ ਤੂਫਾਨ ਨਾਲ ਹੋਏ ਨੁਕਸਾਨ ਤੇ ਤੂਫਾਨ ਉਪਰੰਤ ਮਲਬੇ ਦੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ। ਪਿਛਲੇ ਹਫਤੇ ਰਾਸ਼ਟਰਪਤੀ ਨੇ ਲੁਇਸੀਆਨਾ ਦੇ ਤੂਫਾਨ ਪੀੜਤ ਖੇਤਰਾਂ ਦਾ ਦੌਰਾ ਕੀਤਾ ਸੀ। ਈਡਾ ਤੂਫਾਨ ਨੇ ਜਿਥੇ ਆਰਥਕ ਤੌਰ ‘ਤੇ ਭਾਰੀ ਨੁਕਸਾਨ ਕੀਤਾ ਹੈ, ਉਥੇ 60 ਤੋਂ ਵਧ ਲੋਕਾਂ ਦੀਆਂ ਜਾਨਾਂ ਵੀ ਲਈਆਂ ਹਨ। ਨਿਊਜਰਸੀ ਵਿਚ 27 ਤੇ ਨਿਊਯਾਰਕ ਸ਼ਹਿਰ ਵਿਚ 13 ਲੋਕ ਤੂਫਾਨ ਤੇ ਹੜ ਭੇਂਟ ਚੜ ਗਏ ਹਨ।

ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

Ria Money Transfer: ਤੁਹਾਡਾ ਹਰ ਇਕ ਪੈਸਾ ਮਾਇਨੇ ਰੱਖਦਾ ਹੈ