ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਗੁਰਬਾਣੀ ਨਾਲ ਜੁੜੇ ਰਹਿਣ ਵਾਲਿਆਂ ਨੂੰ ਕਦੇ ਕੋਈ ਤੋਟ ਨਹੀਂ ਆਉਂਦੀ ਅਤੇ ਵਾਹਿਗੁਰੂ ਹਰ ਥਾਂ ਉਨ੍ਹਾਂ ਦੀ ਸਹਾਇਤਾ ਕਰਦਾ ਹੈ ਭਾਵੇਂ ਉਹ ਇਨਸਾਨ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਵਸਦਾ ਹੋਵੇ। ਅਜਿਹਾ ਹੀ ਰੱਬ ਤੇ ਵਿਸ਼ਵਾਸ ਰੱਖਣ ਵਾਲਾ ਇਨਸਾਨ ਪਾਲ ਸਿੰਘ, ਸਿੱਖੀ ਸਰੂਪ ਵਿੱਚ ਰਹਿ ਕੇ ਬੱਸ ਚਾਲਕ ਵਜੋਂ ਕਿਰਤ ਕਰ ਰਿਹਾ ਹੈ. ਸੰਨ 1991 ਵਿੱਚ ਇਟਲੀ ਪਹੁੰਚੇ ਪਾਲ ਸਿੰਘ ਨੇ ਇਟਾਲੀਅਨ ਭਾਸ਼ਾ ਦਾ ਗਿਆਨ ਲੈ ਕੇ ਲਾਇਸੈਂਸ ਪ੍ਰਾਪਤ ਕੀਤਾ ਤੇ ਟਰੱਕ ਡਰਾਇਵਰ ਵਜੋਂ ਸ਼ੁਰੂਆਤ ਕੀਤੀ। ਉਹ ਹੁਣ ਸੰਨ 2015 ਤੋਂ ਇਟਲੀ ਦੇ ਸ਼ਹਿਰ ਪਸਿਆਨੋ ਵਿਖੇ ਬੱਚਿਆਂ ਦੇ ਸਕੂਲ ਦੀ ਬੱਸ ਨੂੰ ਚਲਾ ਰਹੇ ਹਨ।
ਪਾਲ ਸਿੰਘ ਦਾ ਕਹਿਣਾ ਹੈ ਕਿ, ਉਨ੍ਹਾਂ ਨੂੰ ਅੱਜ ਤੱਕ ਸਿੱਖੀ ਸਰੂਪ ਵਿੱਚ ਕੰਮ ਕਰਦਿਆਂ ਕਦੇ ਕੋਈ ਮੁਸ਼ਕਲ ਨਹੀਂ ਆਈ ਸਗੋਂ ਇਟਾਲੀਅਨ ਲੋਕ ਦਸਤਾਰਧਾਰੀ ਦਿੱਖ ਨੂੰ ਦੇਖ ਕੇ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ, ਇਟਲੀ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖੀ ਸਰੂਪ ਨਾਲ ਜੋੜੇ ਤਾਂ ਜੋ ਸਾਡਾ ਸਿੱਖ ਧਰਮ ਹੋਰ ਪ੍ਰਫੁੱਲਤ ਹੋ ਸਕੇ. ਦੱਸਣਯੋਗ ਹੈ ਕਿ ਪਾਲ ਸਿੰਘ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਦੇ ਪਿੰਡ ਪਡਿਆਲਾ ਦਾ ਹੈ ਅਤੇ ਜੋ ਹੁਣ ਇਟਲੀ ਦੇ ਸ਼ਹਿਰ ਪਾਸਿਆਨੋ ਦੀ ਪੋਰਦੀਨੋਨੇ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ।