in

ਕਰੇਮੋਨਾ : ਸਮੂਹ ਸੰਗਤਾਂ ਨੇ ਭਾਰਤ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਕਰੇਮੋਨਾ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸ ਬਿੱਲਾ ਦਾ ਵਿਰੋਧ ਜਿੱਥੇ ਪੰਜਾਬ ਸਮੇਤ ਪੂਰੇ ਭਾਰਤ ਦੇ ਕਿਸਾਨਾਂ ਅਤੇ ਆਮ ਵਰਗ ਦੇ ਵਲੋਂ ਕੀਤਾ ਜਾ ਰਿਹਾ ਹੈ, ਉਥੇ ਦੂਜੇ ਪਾਸੇ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਭਾਈਚਾਰੇ ਵਲੋਂ ਆਏ ਦਿਨ ਕਾਰ ਰੈਲੀਆਂ ਅਤੇ ਰੋਸ ਪ੍ਰਦਰਸ਼ਨ ਕਰਕੇ ਖੇਤੀ ਆਰਡੀਨੈਂਸ ਬਿੱਲਾ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ. ਯੂਰਪ ਦੇ ਦੇਸ਼ ਇਟਲੀ ਵਿੱਚ ਵੀ ਆਏ ਦਿਨ ਵੱਖ-ਵੱਖ ਸ਼ਹਿਰਾ ਅਤੇ ਕਸਬਿਆਂ ਵਿੱਚ ਵੱਖੋ ਵੱਖ ਢੰਗਾਂ ਤਰੀਕਿਆਂ ਨਾਲ ਰੋਸ ਰੈਲੀਆਂ ਕਰਕੇ ਭਾਰਤ ਸਰਕਾਰ ਵਿਰੁੱਧ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ. ਇਸੇ ਲੜੀ ਤਹਿਤ ਇਟਲੀ ਦੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ (ਕਰੇਮੋਨਾ) ਅਤੇ ਸਮੂਹ ਇਲਾਕੇ ਦੀ ਸੰਗਤਾਂ ਵਲੋਂ ਕਰੇਮੋਨ‍ਾ ਸ਼ਹਿਰ ਵਿੱਚ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ. ਜਿਸ ਵਿੱਚ ਵੱਖ-ਵੱਖ ਹਿੱਸਿਆਂ ਤੋਂ ਸੰਗਤਾਂ ਨੇ ਹਿੱਸਾ ਲੈ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਨਾਅਰੇ ਲਗਾਏ ਅਤੇ ਸਰਕਾਰ ਵੱਲੋਂ ਬਣਾਏ ਤਿੰਨੇ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ. ਸੰਗਤਾਂ ਨੇ ਹੱਥਾ ਵਿੱਚ ਤਖ਼ਤੀਆਂ ਫੜ੍ਹ ਕੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖ਼ੇਤੀ ਆਰਡੀਨੈਂਸ ਬਿੱਲਾ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ, ਭਾਰਤ ਸਰਕਾਰ ਵਲੋਂ ਇਹ ਬਿੱਲ ਪਾਸ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ ਅਤੇ ਇਸ ਕਰਕੇ ਹੀ ਅੱਜ ਪੰਜਾਬ ਅਤੇ ਬਾਕੀ ਸੂਬਿਆਂ ਦੇ ਕਿਸਾਨਾਂ ਵਲੋਂ ਦਿੱਲੀ ਵਿੱਚ ਡੇਰੇ ਲਗਾਏ ਗਏ ਹਨ. ਉਨ੍ਹਾਂ ਕਿਹਾ ਕਿ, ਭਾਰਤ ਸਰਕਾਰ ਤੁਰੰਤ ਇਨ੍ਹਾਂ ਬਿੱਲਾਂ ਨੂੰ ਵਾਪਸ ਲਵੇ, ਕਿਉਂਕਿ ਇਹ ਬਿੱਲ ਕਿਸਾਨਾਂ ਅਤੇ ਦੇਸ ਦੀ ਕਿਸਾਨੀ ਨੂੰ ਬਰਬਾਦ ਕਰ ਦੇਣਗੇ, ਜਿਸ ਦੀ ਜ਼ਿਮੇਵਾਰ ਕੇਂਦਰ ਦੀ ਸਰਕਾਰ ਹੋਵੇਗੀ। ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਦੀ ਸਮੂਹ ਪ੍ਰਬੰਧਕ ਕਮੇਟੀ ਮੈਂਬਰ, ਸਮੂਹ ਨੌਜਵਾਨ ਵਰਗ, ਬੀਬੀਆਂ ਅਤੇ ਸਮੂਹ ਸੰਗਤਾਂ ਵਲੋਂ ਵਿਸ਼ੇਸ਼ ਤੌਰ ਤੇ ਇਸ ਰੈਲੀ ਵਿੱਚ ਯੋਗਦਾਨ ਪਾ ਕੇ ਸਫ਼ਲ ਬਣਾਇਆ ਗਿਆ, ਅਤੇ ਕਿਸਾਨ ਅੰਦੋਲਨ ਦੀ ਡੱਟ ਕੇ ਹਮਾਇਤ ਕੀਤੀ ਗਈ।

ਕਿਸਾਨ ਮਜਦੂਰ ਏਕਤਾ ਦੇ ਨਾਹਰਿਆ ਨਾਲ ਗੂੰਜਿਆ ਇਟਲੀ

ਸਵਿਟਜ਼ਰਲੈਂਡ : ਸੰਸਦ ਅੱਗੇ ਭਾਰਤੀ ਭਾਈਚਾਰੇ ਵਲੋਂ ਕਿਸਾਨਾਂ ਦੇ ਹੱਕ ਵਿੱਚ ਕੀਤਾ ਗਿਆ ਰੋਸ ਪ੍ਰਦਰਸ਼ਨ